
ਸਿੱਖਾਂ ਤੇ ਪੰਜਾਬੀਆਂ ਨੂੰ ਪੰਜਾਬ ਦੀ ਭਲਾਈ ਵਾਸਤੇ ਗਠਜੋੜ ਦੀ ਹਮਾਇਤ ਦੀ ਕੀਤੀ ਅਪੀਲ
ਜਲੰਧਰ : ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਨੇ ਅੱਜ ਪੰਜਾਬ ਦੀਆਂ ਆਉਂਦੀਆਂ ਚੋਣਾਂ ਵਿਚ ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਦਾ ਐਲਾਨ ਕੀਤਾ ਤੇ ਪੰਜਾਬ ਦੀ ਬੇਹਤਰੀ ਲਈ ਸਾਰੇ ਸਿੱਖਾਂ ਤੇ ਪੰਜਾਬੀਆਂ ਨੂੰ ਗਠਜੋੜ ਦੀ ਡਟਵੀਂ ਹਮਾਇਤ ਦੀ ਅਪੀਲ ਕੀਤੀ। ਅਕਾਲੀ ਦਲ ਤੇ ਬਸਪਾ ਗਠਜੋੜ ਦੀ ਹਮਾਇਤ ਕਰਨ ਦਾ ਫੈਸਲਾ ਅੱਜ ਇਥੇ ਹੋਈ ਮੀਟਿੰਗ ਵਿਚ ਲਿਆ ਗਿਆ ਜਿਸ ਵਿਚ 300 ਦੇ ਕਰੀਬ ਸੰਤਾਂ ਨੇ ਸ਼ਮੂਲੀਅਤ ਕੀਤੀ। ਇਸ ਮੀਟਿੰਗ ਦੀ ਪ੍ਰਧਾਨ ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਹਰਨਾਮ ਸਿੰਘ ਧੁੰਮਾਂ ਨੇ ਕੀਤੀ। ਮੀਟਿੰਗ ਵਿਚ ਉਦਾਸੀਨ, ਨਿਰਮਲੇ, ਕਾਰ ਸੇਵਾ ਵਾਲੇ ਤੇ ਨਿਹੰਗ ਸਿੰਘਾਂ ਸਮੇਤ ਵੱਖ ਵੱਖ ਸੰਪਰਦਾਵਾਂ ਦੇ ਮੁਖੀਆਂ ਤੇ ਪ੍ਰਤੀਨਿਧਾਂ ਨੇ ਭਾਗ ਲਿਆ।
PHOTO
ਸੰਤ ਸਮਾਜ ਦੇ ਫੈਸਲੇ ਦਾ ਐਲਾਨ ਕਰਦਿਆਂ ਸੰਤ ਹਰਨਾਮ ਸਿੰਘ ਧੁੰਮਾਂ ਨੇ ਕਿਹਾ ਕਿ ਇਹ ਫੈਸਲਾ ਪਿਛਲੀਆਂ ਅਕਾਲੀ ਦਲ ਦੀ ਅਗਵਾਈ ਵਾਲੀਆਂ ਸਰਕਾਰਾਂ ਵੱਲੋਂ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਵੱਡੇ ਵੱਡੇ ਮੋਰਚੇ ਲਗਾ ਕੇ ਦਿੱਤੀਆਂ ਕੁਰਬਾਨੀਆਂ ਨੁੰ ਵੇਖਦਿਆਂ ਲਿਆ ਗਿਆ ਹੈ। ਉਹਨਾਂ ਕਿਹਾ ਕਿ ਪਿਛਲੀਆਂ ਅਕਾਲੀ ਸਰਕਾਰਾਂ ਵਲੋਂ ਸ੍ਰੀ ਦਰਬਾਰ ਸਾਹਿਬ ਦੇ ਬਾਹਰ ਵਿਰਾਸਤੀ ਮਾਰਗ ਦਾ ਸੁੰਦਰੀਕਰਨ, ਜੂਨ 1984 ਦੇ ਸ਼ਹੀਦੀ ਘੱਲੂਘਾਰੇ ਦੀ ਯਾਦਗਾਰ, ਛੋਟੇ ਤੇ ਵੱਡੇ ਘੱਲੂਘਾਰੇ ਦੀ ਯਾਦਗਾਰ, ਵਿਰਾਸਤ ਏ ਖਾਲਸਾ, ਚੱਪੜਚਿੜੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦਗਾਰ ਬਣਾਉਣ ਆਦਿ ਦੀ ਸੇਵਾ ਕਰ ਕੇ ਪੰਥ ਦੇ ਸ਼ਾਨਾਮੱਤੇ ਇਤਿਹਾਸ ਅਤੇ ਵਿਰਾਸਤ ਨੂੰ ਸੰਭਾਲਣ ਲਈ ਕੀਤੇ ਗਏ ਕਾਰਜਾਂ ਉਪਰ ਪੰਥ ਨੂੰ ਮਾਣ ਹੈ। ਉਹਨਾਂ ਨੇ ਸਮੁੱਚੇ ਸੰਤ ਸਮਾਜ ਵੱਲੋਂ ਗੁਰੂ ਪੰਥ ਅਤੇ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ 20 ਫਰਵਰੀ ਨੁੰ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ।
PHOTO
ਜਿਹੜੇ ਪ੍ਰੁਮੱਖ ਸੰਤਾਂ ਨੇ ਅੱਜ ਦੀ ਮੀਟਿੰਗ ਵਿਚ ਭਾਗ ਲਿਆ ਉਹਨਾਂ ਵਿਚ ਬਾਬਾ ਗੁਰਦਿਆਲ ਸਿੰਘ ਟਾਂਡੇਵਾਲੇ, ਬਾਬਾ ਮਹਿੰਦਰ ਸਿੰਘ ਜਨੇਰ ਵਾਲੇ, ਬਾਬਾ ਹਾਕਮ ਸਿੰਘ, ਬਾਬਾ ਬੁੱਧ ਸਿੰਘ ਜੀ ਨਿੱਕੇ ਘੁੰਮਣਾਂ ਵਾਲੇ, ਤਰਲੋਕ ਸਿੰਘ ਖਿਆਲੇ ਵਾਲੇ, ਸੁਰਜੀਤ ਸਿੰਘ ਘਨੁਰਕੀ ਵਾਲੇ, ਬਾਬਾ ਅਮਰਜੀਤ ਸਿੰਘ ਹਰਖੋਵਾਲ, ਅਵਤਾਰ ਸਿੰਘ ਧੂਲਕੋਟ, ਭਾਈ ਅਮਰਜੀਤ ਸਿੰਘ ਚਾਵਲਾ, ਮਾਨ ਸਿੰਘ ਮੜ੍ਹੀਆਂਵਾਲੇ, ਬਾਬਾ ਧੰਨਾ ਸਿੰਘ ਨਾਨਕਸਰ ਬੂੜੰਦੀ ਨੇ ਬਾਬਾ ਪਰਮਜੀਤ ਸਿੰਘ ਹੰਸਾਲੀ ਸਾਹਿਬ ਸਮੇਤ ਵੱਡੀ ਗਿਣਤੀ ਵਿਚ ਸੰਤ ਮਹਾਂਪੁਰਖ ਸ਼ਾਮਲ ਸਨ।
PHOTO
ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਸ ਹਮਾਇਤ ਲਈ ਸੰਤ ਸਮਾਜ ਦਾ ਦਿਲੋਂ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਜੋ ਜ਼ਿੰਮੇਵਾਰੀ ਉਹਨਾਂ ਨੇ ਮੇਰੇ ਮੋਢਿਆਂ ’ਤੇ ਪਾਈ ਹੈ, ਉਹ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ। ਉਹਨਾਂ ਕਿਹਾ ਕਿ ਅਕਾਲ ਪੁਰਖ ਮੈਨੂੰ ਪ੍ਰਕਾਸ਼ ਸਿੰਘ ਬਾਦਲ ਦੀ ਵਿਰਾਸਤ ਨੁੰ ਅੱਗੇ ਲਿਜਾਣ ਦਾ ਬੱਲ ਬਖਸ਼ੇ। ਪ੍ਰਕਾਸ਼ ਸਿੰਘ ਬਾਦਲ ਨੇ ਹੀ ਸੂਬੇ ਵਿਚ ਵਿਰਸੇ ਤੇ ਸਭਿਆਚਾਰ ਦੀ ਰਾਖੀ ਵਾਸਤੇ ਯਤਨ ਕੀਤੇ। ਉਹਨਾਂ ਕਿਹਾ ਕਿ ਮੈਂ ਭਰੋਸਾ ਦੁਆਉਂਦਾ ਹਾਂ ਕਿ ਅਗਲੀ ਅਕਾਲੀ ਦਲ ਤੇ ਬਸਪਾ ਸਰਕਾਰ ਪੰਥਕ ਤੇ ਪੰਜਾਬੀ ਵਿਰਸੇ ਤੇ ਕਦਰਾਂ ਕੀਮਤਾਂ ਨੁੰ ਬਾਹਰਲਿਆਂ ਦੇ ਹਮਲੇ ਤੋਂ ਬਚਾਉਣ ਲਈ ਕੰਮ ਕਰਦੀ ਰਹੇਗੀ ਅਤੇ ਸ਼ਾਂਤੀ ਤੇ ਖੁਸ਼ਹਾਲੀ ਲਈ ਸਮੁੱਚੇ ਪੰਥ ਨੁੰ ਨਾਲ ਲੈਕੇ ਚੱਲੇਗੀ।