
ਸੌਦਾ ਸਾਧ ਦੀ ਪੈਰੋਲ ਨੇ ਅਕਾਲ ਤਖ਼ਤ ਸਾਹਿਬ ਤੋਂ ਮਿਲੇ ਮਾਫ਼ੀਨਾਮੇ ਦੀ ਯਾਦ ਦਿਵਾਈ : ਦੁਪਾਲਪੁਰ
ਕੋਟਕਪੂਰਾ, 8 ਫ਼ਰਵਰੀ (ਗੁਰਿੰਦਰ ਸਿੰਘ) : ਜਬਰ ਜਿਨਾਹ ਅਤੇ ਕਤਲ ਦੇ ਕੇਸਾਂ ’ਚ ਦੋਹਰੀ ਉਮਰ ਕੈਦ ਭੁਗਤ ਰਹੇ ਰਾਮ ਰਹੀਮ ਸੌਦਾ ਸਾਧ ਨੂੰ ਮਿਲੀ 21 ਦਿਨਾਂ ਦੀ ਪੈਰੋਲ ’ਤੇ ਅਪਣੀ ਪ੍ਰਤੀਕਿਰਿਆ ਦਿੰਦਿਆਂ ਅਮਰੀਕਾ ਵਸਦੇ ਪ੍ਰਵਾਸੀ ਪੰਜਾਬੀ ਲੇਖਕ ਅਤੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਤਰਲੋਚਨ ਸਿੰਘ ਦੁਪਾਲਪੁਰ ਨੇ ਲਿਖਤੀ ਬਿਆਨ ’ਚ ਦਸਿਆ ਹੈ ਕਿ ਇਸ ਪੈਰੋਲ ਨੇ ਸਿੱਖ ਇਤਿਹਾਸ ਦਾ ਉਹ ਕਾਲਾ ਅਧਿਆਏ ਮੁੜ ਚੇਤੇ ਕਰਵਾ ਦਿਤਾ ਹੈ, ਜਦ ਪੰਜਾਬ ਦੇ ਤਤਕਾਲੀ ਹਾਕਮ ਸ. ਬਾਦਲ ਨੇ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਦਾ ਘਾਣ ਕਰਦਿਆਂ ਉਸ ਵੇਲੇ ਦੇ ਜਥੇਦਾਰ ਅਤੇ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਗੁਰਮੁਖ ਸਿੰਘ ਹੁਣਾ ਨੂੰ ਚੰਡੀਗੜ੍ਹ ਅਪਣੀ ਰਿਹਾਇਸ਼ ’ਤੇ ਬੁਲਾ ਕੇ ਸੌਦਾ ਸਾਧ ਨੂੰ ਮਾਫ਼ੀਨਾਮਾ ਦੇਣ ਦੇ ਹੁਕਮ ਸੁਣਾਏ ਸਨ।
ਸਿੱਖ ਜਗਤ ਦੇ ਰੋਹ ਕਾਰਨ ਭਾਵੇਂ ਇਹ ਮਾਫ਼ੀਨਾਮਾ ਵਾਪਸ ਲੈ ਲਿਆ ਗਿਆ ਸੀ ਪਰ ਸਾਰੀ ਦੁਨੀਆਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਕੁਕਰਮ ਕਰ ਕੇ, ਸੌਦਾ ਸਾਧ ਦੇ ਪੈਰੋਕਾਰਾਂ ਦੀਆਂ ਵੋਟਾਂ ਦੀ ਭੁੱਖ ਕਾਰਨ ਹੀ ਪੰਥਕ ਪ੍ਰੰਪਰਾਵਾਂ ਨੂੰ ਰੋਲਿਆ ਗਿਆ ਹੈ। ਇਸੇ ਵੋਟ ਭੁੱਖ ਕਾਰਨ ਹੁਣ ਇੰਨੇ ਸੰਗੀਨ ਅਪਰਾਧੀ ਨੂੰ 21 ਦਿਨ ਲੰਮੀ ਪੈਰੋਲ ਦਿਤੀ ਗਈ ਹੈ ਜਦਕਿ ਅਪਣੀ ਪੂਰੀ ਸਜ਼ਾ ਭੁਗਤ ਚੁੱਕੇ ਸਿੱਖ ਕੈਦੀਆਂ ਬਾਰੇ ਸਰਕਾਰ ਨੇ ਚੁੱਪ ਵੱਟੀ ਹੋਈ ਹੈ। ਅਜਿਹਾ ਕਰਦਿਆਂ ਇਕੋ ਦੇਸ਼ ’ਚ ਕਾਨੂੰਨ ਦੇ ਦੋਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਮੌਜੂਦਾ ਤਖ਼ਤਾਂ ਦੇ ਜਥੇਦਾਰਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਹੋਰ ਅਹੁਦੇਦਾਰਾਂ ਅਤੇ ਬਾਦਲ ਦਲ ਦੇ ਕੱੁਝ ਆਗੂਆਂ ਵਲੋਂ ਸੌਦਾ ਸਾਧ ਦੀ ਪੈਰੋਲ ਬਾਰੇ ਕੀਤੇ ਜਾ ਰਹੇ ਇਤਰਾਜ਼ ਬਾਰੇ ਸ. ਦੁਪਾਲਪੁਰ ਨੇ ਟਿਪਣੀ ਕਰਦਿਆਂ ਕਿਹਾ ਕਿ ਅੱਜ ਦੁਨਿਆਵੀ ਅਦਾਲਤ ਤੋਂ ਮਿਲੀ ਪੈਰੋਲ ਦਾ ਵਿਰੋਧ ਕਰਨਾ ਤੁਹਾਡਾ ਫ਼ਰਜ਼ ਹੀ ਹੈ ਪਰ ਬਾਦਲ ਰਾਜ ਵੇਲੇ ਇਸੇ ਸਾਧ ਨੂੰ ਸੱਚੇ ਪਾਤਸ਼ਾਹ ਦੇ ਅਕਾਲ ਤਖ਼ਤ ਤੋਂ ਮਾਫ਼ ਕੀਤੇ ਜਾਣ ਦੇ ਸਵਾਲ ’ਤੇ ਤੁਹਾਡੀ ਜ਼ੁਬਾਨ ਨੂੰ ਤਾਲੇ ਕਿਉਂ ਲੱਗ ਜਾਂਦੇ ਹਨ? ਜਿਵੇਂ ਹੁਣ ਸਾਰਾ ਸਿੱਖ ਜਗਤ ਸੌਦਾ ਸਾਧ ਦੀ ਪੈਰੋਲ ਦਾ ਵਿਰੋਧ ਕਰ ਰਿਹਾ ਹੈ, ਇਵੇਂ ਖ਼ਾਲਸਾ ਪੰਥ ਉਦੋਂ ਤੋਂ ਹੀ ਉੱਚੀ ਅਵਾਜ਼ ’ਚ ਇਹ ਮੰਗ ਕਰਦਾ ਆ ਰਿਹਾ ਹੈ ਕਿ ਬਰਗਾੜੀ ਦੇ ਬੇਅਦਬੀ ਕਾਂਡ ਉੁਪਰੰਤ ਅਕਾਲ ਤਖ਼ਤ ਸਾਹਿਬ ਦੀ ਦੁਰਵਰਤੋਂ ਅਤੇ ਗੁਰੂ ਕੀ ਗੋਲਕ ’ਚੋਂ ਖ਼ਰਚੇ 90 ਲੱਖ ਰੁਪਏ ਦੇ ਇਸ਼ਤਿਹਾਰਾਂ ਬਾਰੇ ਸਾਰਾ ਸੱਚ ਕੌਮ ਦੇ ਸਾਹਮਣੇ ਰਖਿਆ ਜਾਵੇ। ਆਖ਼ਰ ਝੂਠ ਦੇ ਪਰਦੇ ਕਿੰਨਾ ਕੁ ਚਿਰ ਪਾਈ ਰੱਖੋਗੇ?
ਢਾਈ ਦਰਜਨ ਇਨਕਲਾਬੀ ਤੇ ਗਿਆਨਵਾਨ ਪੁਸਤਕਾਂ ਦੇ ਰਚੇਤਾ ਸਿੱਖ ਚਿੰਤਕ ਪੋ੍ਰ. ਇੰਦਰ ਸਿੰਘ ਘੱਗਾ ਨੇ ਐਸਆਈਟੀ ਦੀ ਸੌਦਾ ਸਾਧ ਸਬੰਧੀ ਪ੍ਰੋਡਕਸ਼ਨ ਵਰੰਟ ਮੰਗਣ ਵਾਲੀ ਪਟੀਸ਼ਨ ਤਾਂ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਰੱਦ ਕਰ ਦਿਤੀ ਗਈ ਪਰ ਹੁਣ ਸਰਕਾਰ ਨੂੰ ਅਮਨ ਕਾਨੂੰਨ ਦੀ ਸਥਿਤੀ ਦਾ ਚੇਤਾ ਕਿਉਂ ਨਹੀਂ ਆਇਆ?