
ਕਾਂਗਰਸ ਨਾ ਹੁੰਦੀ ਤਾਂ ਸਿੱਖਾਂ ਦਾ ਕਤੇਲਆਮ ਨਾ ਹੁੰਦਾ : ਮੋਦੀ
ਭਾਜਪਾ ਅਤੇ ਐਨਡੀਏ ਹਮੇਸ਼ਾ ਸਿੱਖਾਂ ਨਾਲ ਖੜੀ ਰਹੀ, ਸਾਡਾ ਮਕਸਦ ਨਵਾਂ ਪੰਜਾਬ ਬਣਾਉਣਾ ਹੈ
ਚੰਡੀਗੜ੍ਹ, 8 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਿਹਾ ਕਿ ਸੂਬੇ ਵਿਚ ਖੇਤੀਬਾੜੀ ਅਤੇ ਉਦਯੋਗ ਦੇ ਵਿਕਾਸ ਲਈ ਸਿਰਫ਼ ਰਾਸ਼ਟਰੀ ਜਮਹੂਰੀ ਗਠਜੋੜ (ਐਨ.ਡੀ.ਏ.) ਕੋਲ 'ਨਵਾਂ ਪੰਜਾਬ' ਦਾ ਵਿਜ਼ਨ ਹੈ | ਉਨ੍ਹਾਂ ਕਿਹਾ ਕਿ ਸੂਬੇ ਨੂੰ ਹੋਰ ਪਾਰਟੀਆਂ ਦੇ 'ਖ਼ਾਲੀ ਵਾਅਦਿਆਂ' ਦੀ ਲੋੜ ਨਹੀਂ |
ਲੁਧਿਆਣਾ ਅਤੇ ਫ਼ਤਿਹਗੜ੍ਹ ਸਾਹਿਬ ਸੰਸਦੀ ਹਲਕਿਆਂ ਵਿਚ ਪੈਂਦੇ ਵਿਧਾਨ ਸਭਾ ਹਲਕਿਆਂ ਲਈ 'ਡਿਜੀਟਲ' ਰੈਲੀ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਐਨ.ਡੀ.ਏ ਵਿਚ ਸ਼ਾਮਲ ਪਾਰਟੀਆਂ ਹਮੇਸ਼ਾ ਹੀ ਸਿੱਖ ਮਰਿਆਦਾ ਨਾਲ ਖੜੀਆਂ ਹਨ ਅਤੇ ਉਨ੍ਹਾਂ ਨੂੰ ਸਹੀ ਨੀਅਤ ਨਾਲ ਅੱਗੇ ਵਧਾ ਸਕਦੀਆਂ ਹਨ |
ਕਾਂਗਰਸ 'ਤੇ ਹਮਲਾ ਕਰਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਹ ਪਾਰਟੀ ਸਿੱਖਾਂ ਦੇ ਕਤਲੇਆਮ 'ਚ ਸ਼ਾਮਲ ਰਹੀ ਹੈ | ਮੋਦੀ ਨੇ ਸੰਭਾਵਤ ਤੌਰ 'ਤੇ 1984 ਦੇ ਸਿੱਖ ਕਤਲੇਆਮ ਦਾ ਜ਼ਿਕਰ ਕਰਦਿਆਂ ਕਿਹਾ, ''ਪਰ ਅਸੀਂ ਨਸਲਕੁਸੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਤੀਆਂ ਹਨ |'' ਉਨ੍ਹਾਂ ਕਿਹਾ ਕਿ ਕਾਂਗਰਸ ਕਰਤਾਰਪੁਰ ਸਾਹਿਬ ਨੂੰ ਭਾਰਤ ਵਿਚ ਨਹੀਂ ਰੱਖ ਸਕੀ ਪਰ ਅਸੀਂ ਕਰਤਾਰਪੁਰ ਦਾ ਰਸਤਾ ਖੋਲ੍ਹ ਦਿਤਾ ਹੈ | ਮੋਦੀ ਨੇ ਕਿਹਾ ਕਿ ਐਨਡੀਏ ਦਾ ਉਦੇਸ਼ ਨਵਾਂ ਪੰਜਾਬ ਬਣਾਉਣਾ ਹੈ ਅਤੇ ਪੰਜਾਬ ਨੂੰ ਨਵੀਆਂ ਸਿਆਸੀ ਪਾਰਟੀਆਂ ਦੇ ਖੋਖਲੇ ਵਾਅਦਿਆਂ ਦੀ ਲੋੜ ਨਹੀਂ |
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਹਰ ਪੱਧਰ 'ਤੇ ਆਧੁਨਿਕੀਕਰਨ ਦੀ ਲੋੜ ਹੈ, ਜੋ ਕਾਂਗਰਸ ਅਤੇ ਦਿੱਲੀ ਨੂੰ ਝੁੱਗੀ-ਝੌਂਪੜੀਆਂ ਵਿਚ ਤਬਦੀਲ ਕਰਨ ਵਾਲਿਆਂ (ਅਸਿੱਧੇ ਤੌਰ 'ਤੇ 'ਆਪ' ਦਾ ਜ਼ਿਕਰ ਕਰਦੇ ਹੋਏ) ਦੀ ਸਮਰੱਥਾ ਤੋਂ ਬਾਹਰ ਹੈ |
ਮੋਦੀ ਨੇ ਵੋਟਰਾਂ ਨੂੰ ਉਨ੍ਹਾਂ ਲੋਕਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕੀਤੀ ਜੋ ਸਿਰਫ਼ ਨਸ਼ਿਆਂ ਦੀ ਅਲਾਮਤ 'ਤੇ ਭਾਸ਼ਣ ਦਿੰਦੇ ਹਨ ਅਤੇ ਲੋਕਾਂ ਦੀ ਮਦਦ ਕਰਨ ਦੀ ਬਜਾਏ ਇਸ ਸਮੱਸਿਆ ਨੂੰ ਦਿੱਲੀ ਤਕ ਲੈ ਜਾਂਦੇ ਹਨ | ਉਨ੍ਹਾਂ ਸਵਾਲ ਕੀਤਾ ਕਿ ਦਹਾਕਿਆਂ ਤਕ ਰਾਜ ਕਰਨ ਵਾਲੀਆਂ ਪਾਰਟੀਆਂ ਨੇ ਕਿਸਾਨਾਂ ਲਈ ਕੀ ਕੀਤਾ?
ਉਨ੍ਹਾਂ ਕਿਹਾ, ''ਇਨ੍ਹਾਂ ਪਾਰਟੀਆਂ ਕੋਲ ਪੰਜਾਬ ਦੇ ਕਿਸਾਨਾਂ ਨੂੰ ਕਰਜ਼ੇ ਤੋਂ ਮੁਕਤ ਕਰਵਾਉਣ, ਕੈਂਸਰ ਮਾਰੇ ਪੀਣ ਵਾਲੇ ਪਾਣੀ ਤੋਂ ਛੁਟਕਾਰਾ ਦਿਵਾਉਣ ਲਈ ਕੋਈ ਰੋਡਮੈਪ ਨਹੀਂ ਹੈ |''
ਮੋਦੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਬੀਜਾਂ, ਮੰਡੀਆਂ, ਕੋਲਡ ਸਟੋਰਾਂ, ਫੂਡ ਪਾਰਕਾਂ ਅਤੇ ਫੂਡ ਪ੍ਰੋਸੈਸਿੰਗ ਉਦਯੋਗਾਂ ਲਈ ਆਧੁਨਿਕ ਸਹੂਲਤਾਂ ਦੀ ਲੋੜ ਹੈ | ਉਨ੍ਹਾਂ ਵਾਅਦਾ ਕੀਤਾ, Tਕਿਸਾਨਾਂ ਨੂੰ ਅਪਣੀ ਉਪਜ ਨੂੰ ਨਿਰਯਾਤ ਕਰਨ ਲਈ ਸੱਭ ਤੋਂ ਵਧੀਆ ਸੰਪਰਕ ਦੀ ਲੋੜ ਹੁੰਦੀ ਹੈ | ਸਾਡੀ ਡਬਲ ਇੰਜਣ ਵਾਲੀ ਸਰਕਾਰ ਇਨ੍ਹਾਂ ਸਾਰੇ ਖੇਤਰਾਂ ਵਿਚ ਤੇਜੀ ਨਾਲ ਕੰਮ ਕਰੇਗੀ |''
ਮੋਦੀ ਨੇ ਕਿਹਾ ਕਿ ਸਰਹੱਦਾਂ ਦੇ ਨਾਲ ਲਗਦੇ ਖੇਤਰਾਂ ਦੇ ਵਿਕਾਸ ਲਈ ਬਾਰਡਰ ਏਰੀਆ ਡਿਵੈਲਪਮੈਂਟ ਅਥਾਰਟੀ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਅਗਲੇ ਪੰਜ ਸਾਲਾਂ ਵਿਚ ਰਾਜ ਵਿਚ ਬੁਨਿਆਦੀ ਢਾਂਚੇ 'ਤੇ 1 ਲੱਖ ਕਰੋੜ ਰੁਪਏ ਖ਼ਰਚ ਕੀਤੇ ਜਾਣਗੇ | ਉਨ੍ਹਾਂ ਕਿਹਾ, ''ਪੰਜਾਬ ਅਤੇ ਸਿੱਖ ਪਰੰਪਰਾ ਲਈ ਕੰਮ ਕਰਨਾ ਮੇਰੇ ਲਈ ਸੇਵਾ ਅਤੇ ਵਿਸ਼ੇਸ਼ ਮੌਕਾ ਹੈ |'' (ਏਜੰਸੀ)