
ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਕੀਮਤਾਂ ਮਿੱਥਣ ਨੂੰ ਮੰਨ ਕੇ ਲਾਗੂ ਨਾ ਕਰਨ ਕਰ ਕੇ ਕਿਸਾਨਾਂ ਵਿਚ ਭਾਰੀ ਰੋਸ
ਐਸ.ਏ.ਐਸ. ਨਗਰ : ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨਾਮਵਰ ਅਰਥ ਸਾਸ਼ਤਰੀ ਤੇ ਖੇਤੀ ਵਿਗਿਆਨੀ ਮਰਹੂਮ ਡਾ. ਐਸ.ਐਸ. ਸਵਾਮੀਨਾਥਨ ਨੂੰ ਮੁਲਕ ਦਾ ਸਭ ਤੋਂ ਵੱਡਾ ਸਿਵਲੀਅਨ ਪੁਰਸਕਾਰ ਭਾਰਤ ਰਤਨ ਨਾਲ ਸਨਮਾਨਤ ਕਰਨ ਦੇ ਫ਼ੈਸਲੇ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਇਸ ਪੁਰਸਕਾਰ ਦੀ ਸਾਰਥਿਕਤਾ ਤਾਂ ਹੀ ਹੋਵੇਗੀ ਜੇ ਕੇਂਦਰ ਸਰਕਾਰ ਉਹਨਾਂ ਦੀਆਂ ਸਿਫ਼ਾਰਸ਼ਾਂ ਨੂੰ ਮੰਨ ਕੇ ਖੇਤੀ ਜਿਨਸਾਂ ਦਾ ਮੁੱਲ ਮਿਥਣਾ ਸ਼ੁਰੂ ਕਰੇ।
ਸਿੱਧੂ ਨੇ ਅੱਜ ਇਥੇ ਜਾਰੀ ਕੀਤੇ ਗਏ ਆਪਣੇ ਪ੍ਰੈਸ ਬਿਆਨ ਵਿਚ ਕਿਹਾ ਕਿ ਡਾ. ਐਸ.ਐਸ. ਸਵਾਮੀਨਾਥਨ ਨੇ ਕੇਂਦਰ ਸਰਕਾਰ ਵਲੋਂ ਖੇਤੀ ਜਿਨਸਾਂ ਦੇ ਖ਼ਰੀਦ ਮੁੱਲ ਮਿੱਥਣ ਲਈ ਬਣਾਏ ਗਏ ਕਮਿਸ਼ਨ ਦੇ ਚੇਅਰਮੈਨ ਵਜੋਂ ਸਿਫ਼ਾਰਸ਼ ਕੀਤੀ ਸੀ ਕਿ ਫ਼ਸਲ ਦੀ ਕੁਲ ਲਾਗਤ ਤੋਂ ਦੁੱਗਣਾ ਖ਼ਰੀਦ ਮੁੱਲ ਦੇ ਕੇ ਹੀ ਕਿਸਾਨੀ ਨੂੰ ਲਾਹੇਵੰਦਾ ਧੰਦਾ ਬਣਾਇਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਡਾ. ਸਵਾਮੀਨਾਥਨ ਨੇ ਇਹ ਵੀ ਸਿਫ਼ਾਰਸ਼ ਕੀਤੀ ਸੀ ਕਿ ਲਾਗਤ ਖ਼ਰਚੇ ਗਿਣਨ ਲੱਗਿਆਂ ਕਿਸਾਨ ਤੇ ਉਸ ਦੇ ਪਰਿਵਾਰ ਵਲੋਂ ਹੱਥੀਂ ਕੀਤੀ ਮਿਹਨਤ ਨੂੰ ਵੀ ਜੋੜਿਆ ਜਾਵੇ।
ਸਾਬਕਾ ਸਿਹਤ ਮੰਤਰੀ ਮੰਤਰੀ ਨੇ ਕਿਹਾ ਕਿ ਦੋ ਸਾਲ ਪਹਿਲਾਂ ਕਿਸਾਨ ਅੰਦੋਲਨ ਨੂੰ ਖ਼ਤਮ ਕਰਾੳਣ ਸਮੇਂ ਮੋਦੀ ਸਰਕਾਰ ਨੇ ਕਿਸਾਨ ਆਗੂਆਂ ਨੂੰ ਇਹ ਭਰੋਸਾ ਦਿਤਾ ਸੀ ਕਿ ਸਾਰੀਆਂ ਖੇਤੀ ਜਿਨਸਾਂ ਦਾ ਘੱਟੋ ਘੱਟ ਖ਼ਰੀਦ ਮੁੱਲ ਮਿਥਿਆ ਜਾਵੇਗਾ ਅਤੇ ਇਹ ਕੀਮਤਾਂ ਮਿੱਥਣ ਸਮੇਂ ਡਾ. ਐਸ.ਐਸ. ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਨੂੰ ਲਾਗੂ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਦੋ ਸਾਲ ਬੀਤ ਜਾਣ ਤੋਂ ਬਾਅਦ ਵੀ ਮੋਦੀ ਸਰਕਾਰ ਨੇ ਕਿਸਾਨਾਂ ਦੀਆਂ ਇਹਨਾਂ ਮੰਗਾਂ ਨੂੰ ਲਾਗੂ ਕਰਨ ਲਈ ਬਣਾਈ ਜਾਣ ਵਾਲੀ ਕਮੇਟੀ ਹੀ ਨਹੀਂ ਬਣਾਈ।
ਸਿੱਧੂ ਨੇ ਕਿਹਾ ਕਿ ਜੇ ਕੇਂਦਰ ਸਰਕਾਰ ਨੇ ਡਾ. ਐਸ.ਐਸ. ਸਵਾਮੀਨਾਥਨ ਦੀਆਂ ਸਿਫ਼ਾਰਸ਼ਾਂ ਹੀ ਨਹੀਂ ਮੰਨਣੀਆਂ ਤਾਂ ਉਹਨਾਂ ਨੂੰ ਮਰਨ ਉਪਰੰਤ ਭਾਰਤ ਰਤਨ ਦੇਣ ਦਾ ਕੋਈ ਮਾਇਨਾ ਨਹੀਂ ਹੈ। ਉਹਨਾਂ ਕਿਹਾ ਕਿ ਬਿਨਾਂ ਸਿਫ਼ਾਰਸਾਂ ਮੰਨਿਆਂ ਡਾ. ਐਸ.ਐਸ. ਸਵਾਮੀਨਾਥਨ ਨੂੰ ਭਾਰਤ ਰਤਨ ਦੇਣ ਦਾ ਅਰਥ ਤਾਂ ਇਹ ਨਿਕਲਦਾ ਹੈ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਦੀ ਕਿਸਾਨ ਭਾਈਚਾਰੇ ਵਿਚ ਸਤਿਕਾਰ ਤੇ ਇੱਜ਼ਤ ਨੂੰ ਵਰਤ ਕੇ ਸਿਰਫ਼ ਵੋਟਾਂ ਹੀ ਬਟੋਰਨਾ ਚਾਹੁੰਦੀ ਹੈ।
ਕਾਂਗਰਸੀ ਆਗੂ ਨੇ ਕਿਹਾ ਕਿ ਇਸ ਵੇਲੇ ਸਰਕਾਰਾਂ ਦੀਆਂ ਨੁਕਸਦਾਰ ਨੀਤੀਆਂ ਕਾਰਨ ਖੇਤੀ ਘਾਟੇ ਦਾ ਧੰਦਾ ਬਣ ਕੇ ਰਹਿ ਜਾਣ ਕਾਰਨ ਕਰਜ਼ੇ ਵਿਚ ਦੱਬੇ ਹੋਏ ਕਿਸਾਨ ਖ਼ੁਦਕਸ਼ੀਆਂ ਕਰਨ ਲਈ ਮਜ਼ਬੂਰ ਹਨ। ਉਹਨਾਂ ਕਿਹਾ ਕਿ ਮੰਗਾਂ ਮੰਨ ਨੇ ਲਾਗੂ ਕਰਨ ਵੱਲ ਕੋਈ ਸਾਰਥਿਕ ਕਦਮ ਨਾ ਚੁੱਕਣ ਕਰ ਕੇ ਵੀ ਕਿਸਾਨਾਂ ਵਿਚ ਸਖ਼ਤ ਰੋਸ ਹੈ ਜੋ ਕਿਸੇ ਵੇਲੇ ਵੀ ਮੁੜ ਲਾਵਾ ਬਣ ਕੇ ਫੁੱਟ ਸਕਦਾ ਹੈ।