
ਇਕਜੁਟਤਾ ਵਿਖਾਉਣ ਦੀ ਲੋੜ ਹੈ ਜਿਸ ਨਾਲ ਬਾਦਲਾਂ ਦੇ ਮਨਸੂਬੇ ਨੂੰ ਅਸਫ਼ਲ ਕੀਤਾ ਜਾ ਸਕਦਾ
ਹਰਿਆਣਾ: ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣੇ ਦੇ ਸਿੱਖਾਂ ਨੇ ਲੰਬੀ ਜਦੋ-ਜਹਿਦ ਤੋਂ ਬਾਅਦ ਬਾਦਲ ਪ੍ਰਵਾਰ ਦੇ ਕਬਜ਼ੇ ਤੋਂ ਮੁਕਤ ਕਰਵਾਈ ਸੀ। ਹਰਿਆਣੇ ਦੇ ਸਿੱਖਾਂ ਨੇ ਵਖਰੀ ਕਮੇਟੀ ਬਣਾ ਕੇ ਧਰਮ ਪ੍ਰਚਾਰ ਦੀ ਲਹਿਰ ਅਤੇ ਗੁਰੂ ਘਰਾਂ ਦੇ ਪ੍ਰਬੰਧ ਨੂੰ ਸੁਚੱਜਾ ਕੀਤਾ, ਗੁਰੂ ਕੀ ਗੋਲਕ ਦੀ ਦੁਰਵਰਤੋਂ ਬੰਦ ਕਰਵਾਈ ਸੀ ਪਰ ਹੁਣ ਫਿਰ ਸੁਖਬੀਰ ਸਿੰਘ ਬਾਦਲ ਅਪਣੇ ਜੋਟੀਦਾਰਾਂ ਰਾਹੀਂ ਲੁਕਵੇਂ ਰੂਪ ਵਿਚ ਮੁੜ ਹਰਿਆਣਾ ਕਮੇਟੀ ’ਤੇ ਕਾਬਜ਼ ਹੋਣਾ ਚਾਹੁੰਦਾ ਹੈ ਜਿਸ ਲਈ ਹਰਿਆਣਾ ਕਮੇਟੀ ਦੀ ਵਖਰੀ ਹੋਂਦ ਨੂੰ ਬਰਕਰਾਰ ਰੱਖਣ ਲਈ ਲੜਨ ਵਾਲੇ ਆਗੂਆਂ ਅਤੇ ਉਨ੍ਹਾਂ ਦੇ ਚੁਣੇ ਹੋਏ ਸਾਥੀ ਮੈਂਬਰਾਂ ਨੂੰ ਇਕਜੁਟਤਾ ਵਿਖਾਉਣ ਦੀ ਲੋੜ ਹੈ ਜਿਸ ਨਾਲ ਬਾਦਲਾਂ ਦੇ ਮਨਸੂਬੇ ਨੂੰ ਅਸਫ਼ਲ ਕੀਤਾ ਜਾ ਸਕਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜਥੇਦਾਰ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਨੇ ਮੀਡੀਆ ਨੂੰ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕਿ 19 ਜਨਵਰੀ ਨੂੰ ਹੋਈਆਂ ਚੋਣਾਂ ਵਿਚ 24 ਮੈਂਬਰ ਵੱਖ-ਵੱਖ ਧੜਿਆਂ ਦੇ ਜਿੱਤੇ ਹਨ। ਜਿਨ੍ਹਾਂ ਵਿਚ ਜਗਦੀਸ਼ ਸਿੰਘ ਝੀਂਡਾ ਦੇ 9, ਦੀਦਾਰ ਸਿੰਘ ਨਲਵੀ ਦੇ 3, ਬਾਦਲ ਦਲ ਦੇ 5 ਅਤੇ ਅਕਾਲੀ ਦਲ ਆਜ਼ਾਦ ਦੇ 6 ਮੈਂਬਰਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਜਦੋਂ ਕਿ 16 ਮੈਂਬਰ ਆਜ਼ਾਦ ਤੌਰ ’ਤੇ ਜਿੱਤੇ ਹਨ ਪਰ ਕੁੱਝ ਲੋਕਾਂ ਵਲੋਂ ਸੰਗਤਾਂ ਨੂੰ ਗੁਮਰਾਹ ਕਰਨ ਲਈ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਕਿ ਆਜ਼ਾਦ ਤੌਰ ’ਤੇ 22 ਉਮੀਦਵਾਰ ਜਿੱਤੇ ਹਨ। ਜਦੋਂ ਕਿ 24 ਉਮੀਦਵਾਰ ਵੱਖ ਵੱਖ ਧੜਿਆਂ ਦੇ ਜਿੱਤੇ ਹਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਇਕਜੁਟਤਾ ਨਾਲ ਹੀ ਬਾਦਲ ਦਲ ਜਿਨ੍ਹਾਂ ਤੋਂ ਹਰਿਆਣਾ ਕਮੇਟੀ ਵਖਰੀ ਕਰਵਾਈ ਸੀ ਉਨ੍ਹਾਂ ਨੂੰ ਮੁੜ ਕਾਬਜ਼ ਹੋਣ ਤੋਂ ਦੂਰ ਰਖਿਆ ਜਾ ਸਕਦਾ ਹੈ।