
ਭਗਵੰਤ ਮਾਨ ਨੇ ਲਿਆ ਸਟਰਾਂਗ ਰੂਮ ਦਾ ਜਾਇਜ਼ਾ
ਐਗਜ਼ਿਟ ਪੋਲ ਸਰਵੇਖਣ ਲੋਕਾਂ ਦਾ ਫ਼ਤਵਾ : ਭਗਵੰਤ ਮਾਨ
ਮਾਨਸਾ/ਸਰਦੂਲਗੜ੍ਹ, 8 ਮਾਰਚ (ਸੁਖਵੰਤ ਸਿੰਘ ਸਿੱਧੂ/ਵਿਨੋਦ ਜੈਨ/ਬਹਾਦਰ ਖ਼ਾਨ): ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਨੇ ਵਿਧਾਨ ਸਭਾ ਚੋਣਾਂ ਲਈ ਪੰਜਾਬ ਵਾਸਤੇ ਐਗਜ਼ਿਟ ਪੋਲ ਵਿਚ ''ਆਪ'' ਦੀ ਸਰਕਾਰ ਬਣਨ ਦੇ ਸਰਵੇਖਣ ਨੂੰ ਸਹੀ ਕਰਾਰ ਦਿੰਦਿਆਂ ਵਿਰੋਧੀ ਪਾਰਟੀਆਂ ਨੂੰ ਸਲਾਹ ਦਿਤੀ ਹੈ ਕਿ ਉਹ 10 ਮਾਰਚ ਨੂੰ ਨਤੀਜੇ ਦੇਖ ਕੇ ਇਸ ਸਰਵੇਖਣ ਨੂੰ ਸਹੀ ਦਸਣਗੇ | ਉਹ ਮੰਗਲਵਾਰ ਨੂੰ ਮਾਨਸਾ ਦੇ ਸਰਕਾਰੀ ਨਹਿਰੂ ਕਾਲਜ ਵਿਖੇ ਸਟਰਾਂਗ ਰੂਮ ਦਾ ਜਾਇਜ਼ਾ ਲੈਣ ਲਈ ਆਏ ਸਨ | ਉਨ੍ਹਾਂ ਨਾਲ ਵਿਧਾਇਕ ਪਿ੍ੰ: ਬੁੱਧ ਰਾਮ, ਡਾ: ਵਿਜੈ ਸਿੰਗਲਾ, ਗੁਰਪ੍ਰੀਤ ਸਿੰਘ ਬਣਾਂਵਾਲੀ ਹਾਜ਼ਰ ਸਨ |
ਭਗਵੰਤ ਮਾਨ ਨੇ ਕਿਹਾ ਕਿ ਵਾਰੋ-ਵਾਰੀ ਪੰਜਾਬ ਨੂੰ ਲੁੱਟਣ ਵਾਲੇ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਬੁਖਲਾਹਟ ਵਿਚ ਹਨ ਕਿਉਂਕਿ ਪੰਜਾਬ ਦਾ ਅੱਕਿਆ ਹੋਇਆ ਅਵਾਮ ਅਪਣਾ ਫ਼ਤਵਾ ਦੇ ਚੁੱਕਿਆ ਹੈ ਜੋ 10 ਮਾਰਚ ਨੂੰ ਲੋਕਾਂ ਸਾਹਮਣੇ ਆ ਜਾਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੌਰਾਨ 'ਆਪ' ਨੇ ਚੰਗੇ ਸਿਹਤ ਪ੍ਰਸ਼ਾਸਨ, ਸਰਕਾਰ ਅਤੇ ਰੁਜ਼ਗਾਰ ਦੇਣ ਦੇ ਵਾਅਦੇ ਕੀਤੇ | ਉਸ ਤੋਂ ਲੋਕ ਪ੍ਰਭਾਵਤ ਹੋਏ, ਜਿਸ ਕਰ ਕੇ ਲੋਕਾਂ ਦਾ ਯਕੀਨ ਆਮ ਆਦਮੀ ਪਾਰਟੀ ਵਿਚ ਬਣਿਆ | ਭਗਵੰਤ ਮਾਨ ਨੇ ਕਿਹਾ ਕਿ ਭਾਖੜਾ ਮਾਮਲੇ ਤੇ ਕੇਂਦਰ ਨੇ ਦਖ਼ਲ ਦੇ ਕੇ ਜੋ ਪੰਜਾਬ ਨਾਲ ਵਿਤਕਰਾ ਕੀਤਾ ਹੈ ਉਸ ਸਬੰਧੀ ਉਹ ਕੇਂਦਰ ਨਾਲ ਗੱਲਬਾਤ ਕਰਨਗੇ ਅਤੇ ਭਾਖੜਾ ਮੈਨੇਜਮੈਂਟ ਬੋਰਡ ਵਿਚ ਅਫ਼ਸਰਾਂ ਦੀਆਂ ਨਿਯੁਕਤੀਆਂ ਅਤੇ ਹੋਰਾਂ ਨੂੰ ਪੂਰਾ ਕੀਤਾ ਜਾਵੇਗਾ | ਉਨ੍ਹਾਂ ਨੇ ਪੰਜਾਬ ਵਿਚ 'ਆਪ' ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਪੰਜਾਬ ਵਿਚ 10 ਮਾਰਚ ਤੋਂ ਲੋਕਾਂ ਦੀ ਸਰਕਾਰ ਬਣਨ ਦੀ ਗੱਲ ਕਹੀ ਅਤੇ ਕਿਹਾ ਕਿ ਜੋ ਕੁੱਝ ਲੋਕਾਂ ਲਈ ਹੁਣ ਤਕ ਸੁਪਨਾ ਬਣਿਆ ਹੈ ਉਹ ਹੁਣ ਸੱਚ ਹੋਵੇਗਾ | ਉਨ੍ਹਾਂ ਸਟਰਾਂਗ ਰੂਮ ਦਾ ਜਾਇਜ਼ਾ ਲੈਣ ਤੋਂ ਬਾਅਦ ਇਸ ਵਿਚ ਕਿਸੇ ਤਰ੍ਹਾਂ ਦੀ ਗੜਬੜ ਜਾਂ ਛੇੜਖ਼ਾਨੀ ਸਾਹਮਣੇ ਨਾ ਆਉਣ ਦੀ ਗੱਲ ਕਹੀ |
Mansa_8_M1R_6_1_10