
ਕੈਪਟਨ ਤੇ ਸ਼ੇਖਾਵਤ ਨੇ ਸੰਭਾਵੀ ਨਤੀਜਿਆਂ 'ਤੇ ਕੀਤੀ ਚਰਚਾ
ਬੀਤੇ ਦਿਨ ਅਮਿਤ ਸ਼ਾਹ ਨਾਲ ਮੀਟਿੰਗ ਤੋਂ ਬਾਅਦ ਅੱਜ ਭਾਜਪਾ ਗਠਜੋੜ ਦੀ ਭਾਈਵਾਲ ਪਾਰਟੀ ਪੰਜਾਬ ਲੋਕ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਅਤੇ ਭਾਜਪਾ ਪੰਜਾਬ ਦੇ ਚੋਣ ਇੰਚਾਰਜ ਅਤੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਨੇ ਸੰਭਾਵੀ ਨਤੀਜਿਆਂ ਉਪਰ ਅਤੇ ਭਵਿੱਖ ਦੀ ਰਣਨੀਤੀ ਨੂੰ ਲੈ ਕੇ ਚਰਚਾ ਕੀਤੀ ਹੈ | ਸ਼ੇਖਾਵਤ ਅੱਜ ਕੈਪਟਨ ਨਾਲ ਮੀਟਿੰਗ ਕਰਨ ਵਿਸ਼ੇਸ਼ ਤੌਰ 'ਤੇ ਸਿਸਵਾਂ ਫ਼ਾਰਮ ਹਾਊਸ ਪਹੁੰਚੇ ਸਨ ਅਤੇ ਦੋ ਘੰਟੇ ਲੰਮੀ ਮੀਟਿੰਗ ਕਰਨ ਬਾਅਦ ਦਿੱਲੀ ਪਰਤ ਗਏ | ਇਸੇ ਦੌਰਾਨ ਕੈਪਟਨ ਦੀ ਪਾਰਟੀ ਦੇ ਬੁਲਾਰੇ ਨੇ ਪਿ੍ਤਪਾਲ ਸਿੰਘ ਬਲੀਏਵਾਲਾ ਨੇ ਵੀ ਟਵੀਟ ਕਰ ਕੇ ਕਿਹਾ ਹੈ ਕਿ 10 ਮਾਰਚ ਦਾ ਦਿਨ ਕਲਾਈਮੈਕਸ ਵਾਲਾ ਹੋਵੇਗਾ | ਜਿਸ ਤੋਂ ਸਪੱਸ਼ਟ ਹੈ ਕਿ 'ਆਪ' ਨੂੰ ਜੇਕਰ ਬਹੁਮਤ ਨਹੀਂ ਮਿਲਦਾ ਤਾਂ ਭਾਜਪਾ ਗਠਜੋੜ ਕਾਂਗਰਸ ਤੇ 'ਆਪ' ਦੇ ਮੈਂਬਰਾਂ ਦੀ ਤੋੜ ਫੋੜ ਕਰ ਕੇ ਜੋੜ ਤੋੜ ਦੀ ਨੀਤੀ ਨਾਲ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੇਗਾ |