
ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦ੍ਰੋਪਦੀ ਮੁਰਮੂ ਦੀ ਇਹ ਪਹਿਲੀ ਪੰਜਾਬ ਫੇਰੀ ਹੈ।
ਅੰਮ੍ਰਿਤਸਰ : ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਆਪਣੇ ਜਹਾਜ਼ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚੇ। ਇਸ ਤੋਂ ਬਾਅਦ ਉਹ ਸਿੱਧਾ ਹਰਿਮੰਦਰ ਸਾਹਿਬ ਪਹੁੰਚੇ। ਬਾਣੀ ਦਾ ਆਨੰਦ ਮਾਨਣ ਤੋਂ ਬਾਅਦ ਉਹ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਜਲਿਆਂਵਾਲਾ ਬਾਗ ਪਹੁੰਚਣਗੇ। ਅੰਮ੍ਰਿਤਸਰ 'ਚ ਉਹ ਦੁਰਗਿਆਣਾ ਮੰਦਰ ਅਤੇ ਫਿਰ ਸ਼੍ਰੀ ਰਾਮਤੀਰਥ ਵਿਖੇ ਵੀ ਮੱਥਾ ਟੇਕਣਗੇ। ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਦ੍ਰੋਪਦੀ ਮੁਰਮੂ ਦੀ ਇਹ ਪਹਿਲੀ ਪੰਜਾਬ ਫੇਰੀ ਹੈ।
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਨਾਲ ਸੀਐੱਮ ਭਗਵੰਤ ਮਾਨ, ਹਰਜਿੰਦਰ ਸਿੰਘ ਧਾਮੀ, ਸੰਸਦ ਮੈਂਬਰ ਗੁਰਜੀਤ ਔਜਲਾ ਵੀ ਉਨ੍ਹਾਂ ਦੇ ਨਾਲ ਘੁੰਮਦੇ ਨਜ਼ਰ ਆਏ। ਪਰਿਕਰਮਾ ਦੌਰਾਨ ਸ਼੍ਰੋਮਣੀ ਕਮੇਟੀ ਮੈਂਬਰਾਂ ਵੱਲੋਂ ਉਨ੍ਹਾਂ ਨੂੰ ਹਰਿਮੰਦਰ ਸਾਹਿਬ ਦੇ ਇਤਿਹਾਸ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਅੰਮ੍ਰਿਤਸਰ ਸ਼ਹਿਰ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ। ਆਪਣੇ 4 ਘੰਟੇ ਦੇ ਅੰਮ੍ਰਿਤਸਰ ਦੌਰੇ ਦੌਰਾਨ ਰਾਸ਼ਟਰਪਤੀ ਹਰਿਮੰਦਰ ਸਾਹਿਬ, ਜਲਿਆਂਵਾਲਾ ਬਾਗ, ਦੁਰਗਿਆਣਾ ਮੰਦਰ ਅਤੇ ਸ਼੍ਰੀ ਰਾਮਤੀਰਥ ਦੇ ਦਰਸ਼ਨ ਕਰਨਗੇ। ਜਿਸ ਕਾਰਨ ਦੁਪਹਿਰ 1 ਤੋਂ 4 ਵਜੇ ਤੱਕ ਪੂਰੇ ਸ਼ਹਿਰ ਦੀ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ।
ਇਸ ਦੇ ਨਾਲ ਹੀ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਦੁਪਹਿਰ 12 ਤੋਂ 2 ਵਜੇ ਦਰਮਿਆਨ ਦੋ ਅੰਤਰਰਾਸ਼ਟਰੀ ਉਡਾਣਾਂ ਰਵਾਨਾ ਹੋਣਗੀਆਂ। ਜਿਸ ਕਾਰਨ ਏਅਰ ਇੰਡੀਆ ਨੇ ਵੀ ਯਾਤਰੀਆਂ ਲਈ ਨਿਰਦੇਸ਼ ਜਾਰੀ ਕੀਤੇ ਹਨ। ਲੰਡਨ ਲਈ ਏਅਰ ਇੰਡੀਆ ਦੀ ਫਲਾਈਟ 1:30 ਵਜੇ ਰਵਾਨਾ ਹੋਵੇਗੀ ਅਤੇ ਬਰਮਿੰਘਮ ਲਈ ਫਲਾਈਟ 1:55 ਵਜੇ ਹੋਵੇਗੀ। ਇਸ ਕਾਰਨ ਦੋਵਾਂ ਫਲਾਈਟਾਂ ਦੇ ਯਾਤਰੀਆਂ ਨੂੰ ਦੁਪਹਿਰ 12 ਵਜੇ ਤੋਂ ਪਹਿਲਾਂ ਅੰਮ੍ਰਿਤਸਰ ਹਵਾਈ ਅੱਡੇ 'ਤੇ ਪਹੁੰਚਣ ਦੇ ਨਿਰਦੇਸ਼ ਦਿੱਤੇ ਗਏ ਹਨ।
ਅੰਮ੍ਰਿਤਸਰ ਦੇ ਪੁਲਿਸ ਉਪ ਕਪਤਾਨ ਪਰਮਿੰਦਰ ਸਿੰਘ ਭੰਡਾਲ ਨੇ ਰਾਸ਼ਟਰਪਤੀ ਦੀ ਆਮਦ 'ਤੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਗੱਲ ਕਹੀ। ਸਮੱਸਿਆ ਦੇ ਮੱਦੇਨਜ਼ਰ ਟਰੈਫਿਕ ਨੂੰ ਡਾਇਵਰਟ ਕੀਤਾ ਜਾਵੇਗਾ। ਟਰੈਫਿਕ ਨੂੰ ਰਾਜਾਸਾਂਸੀ ਸਟਾਪ, ਮੀਰਾਂਕੋਟ ਚੌਕ, ਗੁਮਟਾਲਾ ਬਾਈਪਾਸ, ਮੋੜ ਰਣਜੀਤ ਐਵੀਨਿਊ, ਦੋਆਬਾ ਚੌਕ, ਅਸ਼ੋਕ ਚੌਕ, ਭੰਡਾਰੀ ਪੁਲ ਹਾਲਗੇਟ, ਖਜ਼ਾਨਾ-ਲੋਹਗੜ੍ਹ ਫਾਟਕ, ਸੁਲਤਾਨਵਿੰਡ ਰੋਡ, ਰੇਲਵੇ ਸਟੇਸ਼ਨ, ਮਹਿਲ ਬਾਈਪਾਸ, ਪੁਲ ਕੋਟ ਰਾਈਲ ਸਿੰਘ ਤੋਂ ਗੋਲਡਨ ਗੇਟ ਮੋੜ ਦਿੱਤਾ ਜਾਵੇਗਾ।
ਬੰਦੀ ਸਿੰਘਾਂ ਦੀ ਰਿਹਾਈ ਲਈ ਰਾਸ਼ਟਰਪਤੀ ਨੂੰ ਸੌਂਪਿਆ ਮੰਗ ਪੱਤਰ
ਰਾਸ਼ਟਰਪਤੀ ਦਰੋਪਦੀ ਮੁਰਮੁ ਦੀ ਸ੍ਰੀ ਹਰਿਮੰਦਰ ਸਾਹਿਬ ਫ਼ੇਰੀ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਿੱਥੇ ਉਨ੍ਹਾਂ ਨੂੰ ਸਨਮਾਨਤ ਕੀਤਾ ਗਿਆ ਹੈ ਉਥੇ ਹੀ ਉਨ੍ਹਾਂ ਵਲੋਂ ਰਾਸ਼ਟਰਪਤੀ ਨੂੰ ਬੰਦੀ ਸਿੰਘਾਂ ਦੀਆਂ ਜਲਦ ਰਿਹਾਈਆਂ ਅਤੇ ਵੱਖਰੀ ਹਰਿਆਣਾ ਗੁਰਦੁਆਰਾ ਕਮੇਟੀ ਐਕਟ 2014 ਦੇ ਗਠਨ ਬਾਰੇ ਵਿਚਾਰ ਕਰਨ ਲਈ ਦੋ ਮੰਗ ਪੱਤਰ ਦਿੱਤੇ ਵੀ ਗਏ ਹਨ।
ਰਾਸ਼ਟਰਪਤੀ ਨੇ ਪੰਗਤ ਵਿਚ ਬੈਠ ਛਕਿਆ ਲੰਗਰ
ਸ੍ਰੀ ਹਰਿਮੰਦਰ ਸਾਹਿਬ ਵਿਖੇ ਦਰਸ਼ਨ ਕਰਨ ਉਪਰੰਤ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਲੰਗਰ ਹਾਲ ਗੁਰੂ ਰਾਮਦਾਸ ਜੀ ਵਿਖੇ ਗਏ ਤੇ ਉਨ੍ਹਾਂ ਪੰਗਤ ਵਿਚ ਬੈਠ ਕੇ ਲੰਗਰ ਵੀ ਛੱਕਿਆ।
ਜਲ੍ਹਿਆਂਵਾਲਾ ਬਾਗ਼ ਪਹੁੰਚੇ ਰਾਸ਼ਟਰਪਤੀ
ਰਾਸ਼ਟਰਪਤੀ ਦਰੋਪਦੀ ਮੁਰਮੁ ਅੱਜ ਦੁਪਿਹਰ 2:45 ਵਜੇ ਜਲ੍ਹਿਆਂਵਾਲਾ ਬਾਗ਼ ਵਿਖੇ ਪਹੁੰਚੇ। ਇਸ ਮੌਕੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ CM ਭਗਵੰਤ ਮਾਨ ਤੇ ਹੋਰ ਵੀ ਉਨ੍ਹਾਂ ਦੇ ਨਾਲ ਸਨ। ਜਲ੍ਹਿਆਂਵਾਲਾ ਬਾਗ਼ ਵਿਖੇ ਪਹੁੰਚਣ ’ਤੇ ਜਲ੍ਹਿਆਂਵਾਲਾ ਬਾਗ਼ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਸਕੱਤਰ ਸੂ. ਕੁਮਾਰ ਮੁਖਰਜੀ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਨੇ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜ਼ਲੀ ਭੇਟ ਕੀਤੀ ਅਤੇ ਉਨ੍ਹਾਂ ਅਮਰ ਜੋਤੀ ਵਿਖੇ ਵੀ ਮੱਥਾ ਟੇਕਿਆ। ਰਾਸ਼ਟਰਪਤੀ ਦੇ ਦੌਰੇ ਦੇ ਮੱਦੇਨਜ਼ਰ ਜਲ੍ਹਿਆਂਵਾਲਾ ਬਾਗ਼ ਦੇ ਅੰਦਰ ਬਾਹਰ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ।
ਰਾਸ਼ਟਰਪਤੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ੍ਰੀ ਹਰਿਮੰਦਰ ਸਾਹਿਬ ਦੀ ਯਾਤਰਾ ਸੰਬੰਧੀ ਯਾਤਰਾ ਪੁਸਤਕ ਵਿਚ ਆਪਣੇ ਵਿਚਾਰ ਲਿਖੇ ਗਏ।
‘ਮੈਂ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਅਤੇ ਪਵਿੱਤਰ ਮੰਦਿਰ ਵਿਖੇ ਮੱਥਾ ਟੇਕ ਕੇ ਖੁਸ਼ ਹਾਂ। ਸੁੰਦਰ ਆਰਕੀਟੈਕਚਰ ਅਤੇ ਇਸ ਦੇ ਆਲੇ ਦੁਆਲੇ ਬ੍ਰਹਮ ਸ਼ਾਂਤੀ ਵਾਲਾ ਇਹ ਪਵਿੱਤਰ ਸਥਾਨ ਸ਼ਾਂਤੀ ਅਤੇ ਸਦਭਾਵਨਾ ਦੀਆਂ ਭਾਵਨਾਵਾਂ ਨੂੰ ਉਜਾਗਰ ਕਰਦਾ ਹੈ। ਮੈਂ ਦੇਸ਼ ਦੀ ਸ਼ਾਂਤੀ, ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ। ਸੇਵਾ ਅਤੇ ਸ਼ਰਧਾ ਦੀ ਭਾਵਨਾ ਨਾਲ ਵਿਸ਼ੇਸ਼ ਤੌਰ 'ਤੇ ਲੰਗਰ ਦੌਰਾਨ ਵਲੰਟੀਅਰਾਂ ਨੂੰ ਅਣਥੱਕ ਕੰਮ ਕਰਦੇ ਦੇਖ ਕੇ ਬਹੁਤ ਖੁਸ਼ੀ ਹੋਈ। ਸਿੱਖ ਗੁਰੂਆਂ ਦੀਆਂ ਸਿੱਖਿਆਵਾਂ ਸਾਨੂੰ ਭਾਈਚਾਰਾ ਅਤੇ ਏਕਤਾ ਦਾ ਅਭਿਆਸ ਕਰਨ ਲਈ ਪ੍ਰੇਰਿਤ ਕਰਨ। ’
ਰਾਸ਼ਟਰਪਤੀ ਨੇ ਜਲਿਆਂਵਾਲਾ ਬਾਗ ਵਿਖੇ ਵਿਜ਼ਟਰ ਬੁੱਕ ਵਿੱਚ ਆਪਣਾ ਸੰਦੇਸ਼ ਲਿਖਿਆ
ਉਨ੍ਹਾਂ ਲਿਖਿਆ ਕਿ ਅੱਜ ਮੈਂ ਜਲਿਆਂਵਾਲਾ ਬਾਗ ਦੀ ਪਵਿੱਤਰ ਧਰਤੀ 'ਤੇ ਆਜ਼ਾਦੀ ਘੁਲਾਟੀਆਂ ਨੂੰ ਨਿਮਰ ਸ਼ਰਧਾਂਜਲੀ ਭੇਂਟ ਕਰਦੀ ਹਾਂ। ਮੈਂ 1919 ਦੇ ਮੰਦਭਾਗੇ ਕਤਲੇਆਮ ਵਿੱਚ ਆਪਣੀਆਂ ਜਾਨਾਂ ਗੁਆਉਣ ਵਾਲੇ ਭਾਰਤ ਦੇ ਸਾਰੇ ਬਹਾਦਰ ਸੈਨਿਕਾਂ ਨੂੰ ਪ੍ਰਣਾਮ ਕਰਦੀ ਹਾਂ। ਜਿਨ੍ਹਾਂ ਨੇ 1919 ਦੇ ਮੰਦਭਾਗੇ ਕਤਲੇਆਮ ਵਿੱਚ ਆਪਣੀ ਜਾਨ ਗੁਆ ਦਿੱਤੀ ਸੀ। ਇੱਕ ਸ਼ੁਕਰਗੁਜ਼ਾਰ ਕੌਮ ਹਮੇਸ਼ਾ ਉਨ੍ਹਾਂ ਬਹਾਦਰ ਕੁਰਬਾਨੀਆਂ ਨੂੰ ਯਾਦ ਰੱਖੇਗੀ ਜਿਨ੍ਹਾਂ ਨੇ ਮਾਤ ਭੂਮੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਇਹ ਯਾਦਗਾਰ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਜ਼ਾਦੀ ਦੀ ਮਹੱਤਤਾ ਅਤੇ ਇਸ ਲਈ ਕੀਤੀਆਂ ਕੁਰਬਾਨੀਆਂ ਦੀ ਯਾਦ ਦਿਵਾਉਂਦੀ ਰਹੇਗੀ ਅਤੇ ਰਾਸ਼ਟਰ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦੀ ਰਹੇਗੀ।
ਸੱਚਖੰਡ ਸ੍ਰੀ ਦਰਬਾਰ ਸਾਹਿਬ ’ਚ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਸਨਮਾਨਿਤ ਕੀਤਾ।
ਰਾਸ਼ਟਰਪਤੀ ਮੁਰਮੂ ਦੁਪਹਿਰ ਕਰੀਬ 2.50 ਵਜੇ ਜਲਿਆਂਵਾਲਾ ਬਾਗ ਪਹੁੰਚ ਗਏ ਸਨ। ਇੱਥੇ ਉਹ ਹੁਣ ਸ਼ਹੀਦੀ ਸਮਾਰਕ 'ਤੇ ਫੁੱਲ ਚੜ੍ਹਾਉਣ ਅਤੇ ਸ਼ਹੀਦਾਂ ਨੂੰ ਮੱਥਾ ਟੇਕਣ ਤੋਂ ਬਾਅਦ ਦੁਰਗਿਆਣਾ ਮੰਦਰ ਪਹੁੰਚੀ। ਇਸ ਮੌਕੇ ਉਨ੍ਹਾਂ ਨਾਲ ਲਕਸ਼ਮੀ ਕਾਂਤਾ ਚਾਵਲਾ ਤੇ ਸੀਐੱਮ ਭਗਵੰਤ ਮਾਨ ਵੀ ਨਾਲ ਮੌਜੂਦ ਰਹੇ।
ਅੰਮ੍ਰਿਤਸਰ ਫ਼ੇਰੀ ’ਤੇ ਆਏ ਦੇਸ਼ ਦੇ ਰਾਸ਼ਟਰਪਤੀ ਦਰੋਪਦੀ ਮੁਰਮੂ ਕੁਝ ਮਿੰਟਾਂ ਤੱਕ ਭਗਵਾਨ ਵਾਲਮੀਕਿ ਤੀਰਥ ਵਿਖੇ ਪਹੁੰਚ ਰਹੇ ਹਨ । ਉਨ੍ਹਾਂ ਦੀ ਇਸ ਫ਼ੇਰੀ ਦੇ ਮੱਦੇਨਜਰ ਪਰਸੋਂ ਤੋਂ ਸੁਰੱਖਿਆ ਫ਼ੋਰਸਾਂ ਤਾਇਨਾਤ ਕੀਤੀਆਂ ਹੋਈਆਂ ਹਨ । ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਹਨ, ਜੋ ਪਹਿਲੀ ਵਾਰ ਭਗਵਾਨ ਵਾਲਮੀਕਿ ਤੀਰਥ ਵਿਖੇ ਨਤਮਸਤਕ ਹੋਣਗੇ । ਸੁਰੱਖਿਆ ਕਾਰਨਾਂ ਕਰਕੇ ਅੱਜ ਸ਼ਰਧਾਲੂਆਂ ਦੀ ਆਮਦ ਵੀ ਬਹੁਤ ਘੱਟ ਰਹੀ ।