
ਕਿਹਾ, ਮੇਰੇ ਜਨਮ ਤੇ ਕਰਮ ਭੂਮੀ ਹੈ ਸੁਨਾਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ਼ਹੀਦ ਊਧਮ ਸਿੰਘ ਕਾਲਜ ਸੁਨਾਮ ਵਿਚ ਪਹੁੰਚੇ ਜਿਥੇ ਉਨ੍ਹਾਂ ਨੇ ਆਪਣੀ ਪੜ੍ਹਾਈ ਪੂਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਸੁਨਾਮ ਸ਼ਹੀਦਾਂ ਦੀ ਧਰਤੀ ਹੈ ਜਿਥੇ ਸ਼ਹੀਦ ਊਧਮ ਸਿੰਘ ਦਾ ਜਨਮ ਹੋਇਆ ਸੀ ਤੇ ਮੇਰੀ ਜਨਮ ਤੇ ਕਰਮ ਭੂਮੀ ਵੀ ਸੁਨਾਮ ਹੈ। ਉਨ੍ਹਾਂ ਨੇ ਉਥੇ ਮੌਜੂਦ ਸਾਬਕਾ ਵਿਦਿਆਰਥੀਆਂ ਤੇ ਅਧਿਆਪਕਾਂ, ਕੈਬਨਿਟ ਮੰਤਰੀ ਅਮਨ ਅਰੋੜਾ, ਵਿਧਾਇਕ ਵਰਿੰਦਰ, ਵਿਧਾਇਕਾ ਨਰਿੰਦਰ ਕੌਰ ਭਰਾਜ, ਚੇਅਰਮੈਨ ਟੀਟੂ ਸਰਪੰਚ, ਪੰਮੀ ਬਾਈ ਤੇ ਕਰਮਜੀਤ ਅਨਮੋਲ ਆਦਿ ਸਾਰਿਆਂ ਦਾ ਧਨਵਾਦ ਕਰਦਿਆਂ ਕਿਹਾ ਕਿ ਤੁਸੀਂ ਮੈਨੂੰ ਇਥੇ ਬੁਲਾ ਕੇ ਮਾਣ ਬਖ਼ਸ਼ਿਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਵਿਚ ਜੋ ਮੇਲੇ ਲਗਾਏ ਜਾਂਦੇ ਹਨ ਇਨ੍ਹਾਂ ਵਿਚੋਂ ਹੀ ਸਾਹਿਤਕਾਰ, ਕਲਾਕਾਰ ਤੇ ਲਿਖਾਰੀ ਆਦਿ ਨਿਕਲਦੇ ਹਨ ਤੇ ਮੈਂ ਅੱਜ ਜਿਸ ਸਟੇਜ ’ਤੇ ਖੜਾ ਹਾਂ ਪਹਿਲੀ ਵਾਰ ਇਸੇ ਸਟੇਜ ’ਤੇ ਕਲਾ ਦਾ ਪ੍ਰਦਰਸ਼ਨ ਕੀਤਾ ਸੀ। ਉਸ ਵੇਲੇ ਸਾਡੇ ਪਿ੍ਰੰ. ਸੁਲੱਖਣ ਮੀਤ ਸਿੰਘ ਜੀ ਸਨ, ਪ੍ਰੋ. ਗੁਰਪਾਲ ਸੰਧੂ, ਪ੍ਰੋ. ਵੀ.ਕੇ ਵਾਲੀਆ ਆਦਿ ਹਾਜ਼ਰ ਸਨ ਤੇ ਉਹ ਕਾਲਜ ਵਿਚ ਖੇਤਰੀਯੋਗ ਮੇਲਾ ਕਰਵਾਇਆ ਸੀ। ਉਨ੍ਹਾਂ ਕਿਹਾ ਕਿ ਮੇਰੇ ਦੋਸਤਾਂ ਨੇ ਮੈਨੂੰ ਹਵਾ ਦੇ ਕੇ ਸਟੇਜ ’ਤੇ ਚੜ੍ਹਾ ਦਿਤਾ, ਮੈਂ ਸਟੇਜ ’ਤੇ ਚੜ੍ਹ ਤਾਂ ਗਿਆ ਪਰ ਮੇਰੀਆਂ ਲੱਤਾਂ ਕੰਬਣ ਲੱਗੀਆਂ,
ਉਸ ਦਿਨ ਮੈਨੂੰ ਪਤਾ ਲੱਗਾ ਕਿ ਸਟੇਜ ’ਤੇ ਜੋ ਸਟੈਂਡ ਰੱਖਿਆ ਹੁੰਦਾ ਹੈ ਉਹ ਕੰਬਦੀਆਂ ਲੱਤਾਂ ਨੂੰ ਲੁਕਾਉਣ ਲਈ ਹੁੰਦਾ ਹੈ। ਮੈਂ ਸੋਚਿਆ ਇਕ ਵਾਰ ਸੁੱਖੀ ਸਾਂਤੀ ਇਸ ਸਟੇਜ ’ਤੋਂ ਉਤਰ ਜਾਵਾਂ ਦੁਬਾਰਾ ਸਟੇਜ ’ਤੇ ਨਹੀਂ ਚੜ੍ਹਾਂਗਾ, ਪਰ ਕੀ ਪਤਾ ਪਰਮਾਤਮਾ ਨੇ ਸਾਰੀ ਉਮਰ ਸਟੇਜਾਂ ’ਤੇ ਹੀ ਚੜ੍ਹਾਉਣਾ ਸੀ। ਉਨ੍ਹਾਂ ਕਿਹਾ ਕਿ ਅਬਦੁਲ ਕਲਾਮ ਜੀ ਨੇ ਕਿਹਾ ਸੀ ਸੁਪਨੇ ਉਹ ਨਹੀਂ ਹੁੰਦੇ ਜੋ ਤੁਹਾਨੂੰ ਨੀਂਦ ਵਿਚ ਆਉਂਦੇ ਹਨ, ਸੁਪਨੇ ਉਹ ਹੁੰਦੇ ਹਨ ਜੋ ਤੁਹਾਨੂੰ ਸੌਣ ਨਹੀਂ ਦਿੰਦੇ, ਸੋ ਤੁਸੀਂ ਉਹ ਸੁਪਨੇ ਲਉ ਜਿਹੜੇ ਤੁਹਾਨੂੰ ਸੌਣ ਨਾ ਦੇਣ, ਜਿਹੜੇ ਤੁਹਾਨੂੰ ਯਾਦ ਕਰਵਾਉਣ ਕੀ ਅਸੀਂ ਇਹ ਕੁਝ ਕਰਨਾ ਹੈ।
ਉਨ੍ਹਾਂ ਕਿਹਾ ਕਿ ਕਾਲਜ ਵਲੋਂ ਮੈਂ ਤੇ ਕਰਮਜੀਤ ਅਨਮੋਲ ਸਿੰਘ ਇਕੱਠੇ ਮੁਕਾਬਲਿਆਂ ਵਿਚ ਜਾਂਦੇ ਹੁੰਦੇ ਸੀ ਤੇ ਬਹੁਤੀ ਵਾਰ ਜਿੱਤ ਕੇ ਆਉਂਦੇ ਸੀ। ਉਨ੍ਹਾਂ ਕਿਹਾ ਕਿ ਇਕ ਵਾਰ ਅਸੀਂ ਸ਼ਿਵਾਲਿਕ ਕਾਲਜ ਨਿਆ ਨੰਗਲ ਕੰਪੀਟੀਸ਼ਨ ਵਿਚ ਜਾਣ ਦਾ ਫ਼ੈਸਲਾ ਕੀਤਾ ਤੇ ਠਾਣ ਲਈ ਕਿ ਜਿੱਤ ਹਾਸਲ ਕਰ ਕੇ ਹੀ ਮੁੜਨਾ ਹੈ। ਮੈਂ ਕਰਮਜੀਤ ਨੂੰ ਕਿਹਾ ਕਿ ਜੇ ਅਸੀਂ ਹਾਰ ਗਏ ਤਾਂ ਕਾਲਜ ਵਿਚ ਕੀ ਮੂੰਹ ਦਿਖਾਵਾਂਗੇ ਤੇ ਅਸੀਂ ਇਕ ਸੀਲਡ ਪਹਿਲਾਂ ਹੀ ਖ਼ਰੀਦ ਕੇ ਰੱਖ ਲਈ, ਜੇ ਅਸੀਂ ਹਾਰ ਗਏ ਤਾਂ ਇਹ ਸੀਲਡ ਕਾਲਜ ਵਿਚ ਜਾ ਕੇ ਦਿਖਾ ਦੇਵਾਂਗੇ, ਪਰ ਕਰਮਜੀਤ ਗੀਤਾਂ ਵਿਚ, ਮੈਂ ਕਵਿਤਾ ਵਿਚ ਤੇ ਸਾਡੀ ਟੀਮ ਡੀਵੇਟ ਵਿਚ ਪਹਿਲੇ ਸਥਾਨ ’ਤੇ ਆਇਆ
ਜਿਸ ਨਾਲ ਸਾਡੇ ਕੋਲ ਸੀਲਡਾਂ ਹੀ ਸੀਲਡਾਂ ਇਕੱਠੀਆਂ ਹੋ ਗਈਆਂ, ਇਸ ਤੋਂ ਬਾਅਦ ਅਸੀਂ ਉਹ ਆਪ ਖ਼ਰੀਦੀ ਟਰਾਫ਼ੀ ਲੁਕਾ ਕੇ ਰੱਖ ਲਈ ਤੇ ਉਹ ਟਰਾਫ਼ੀ ਅੱਜ ਵੀ ਮੇਰੇ ਡਰਾਇੰਗ ਰੂਮ ਵਿਚ ਪਈ ਹੋਈ ਹੈ ਜੋ ਮੈਨੂੰ ਮੇਰਾ ਜਨੂੰਨ ਯਾਦ ਕਰਾਉਂਦੀ ਰਹਿੰਦੀ ਹੈ ਕੇ ਜਿੱਤਣਾ ਹੈ ਹਾਰਨਾ ਨਹੀਂ ਜੋ ਮਰਜ਼ੀ ਹੋ ਜਾਵੇ। ਉਨ੍ਹਾਂ ਕਿਹਾ ਕਿ ਅਸੀਂ ਕਿਸੇ ਵੀ ਲਾਈਨ ਵਿਚ ਜਾਈਏ ਸਾਨੂੰ ਜਿੱਤ ਅੱਗੇ ਰੱਖ ਹੀ ਚੱਲਣਾ ਚਾਹੀਦਾ ਹੈ ਤੇ ਸਾਨੂੰ ਕਿਸੇ ਗੱਲ ਦਾ ਹੰਕਾਰ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਕਾਲਜ ਸਾਡੀਆਂ ਜੜਾਂ ਹੁੰਦੇ ਹਨ
ਜਿਨ੍ਹਾਂ ਤੋਂ ਉਠ ਕੇ ਅਸੀਂ ਵੱਡੇ-ਵੱਡੇ ਅਹੁਦਿਆਂ ’ਤੇ ਕੰਮ ਕਰਦੇ ਹਨ ਤੇ ਸਾਨੂੰ ਆਪਣਾ ਗੁਜ਼ਾਰਿਆ ਸਮਾਂ ਹਮੇਸਾ ਯਾਦ ਰਖਣਾ ਚਾਹੀਦਾ ਹੈ। ਅਸੀਂ ਕਾਲਜ, ਸਕੂਲਾਂ ਤੇ ਹੋਰ ਵਿਦਿਆ ਖੇਤਰ ’ਤੇ ਅੱਗੇ ਵਧ ਕੇ ਕੰਮ ਕਰ ਰਹੇ ਹਾਂ ਤੇ ਕਰਦੇ ਰਹਾਂਗੇ। ਉਨ੍ਹਾਂ ਕਿਹਾ ਕਿ ਭੀੜ ਪਿਛੇ ਤਾਂ ਸਾਰੇ ਭਜਦੇ ਹਨ ਪਰ ਇਕ ਚਿਹਰੇ ਪਿੱਛੇ ਭੀੜ ਕਦੀ ਨਹੀਂ ਦੇਖੀ, ਸੋ ਅਜਿਹਾ ਕੰਮ ਕਰੋ ਕਿ ਤੁਹਾਡੇ ਪਿੱਛੇ ਦੁਨੀਆਂ ਭੱਜੇ ਨਾ ਕਿ ਅਸੀਂ ਦੁਨੀਆਂ ਪਿਛੇ ਭਜੀਏ। ਉਨ੍ਹਾਂ ਵਿਦਿਆਰਥੀਆਂ ਨੂੰ ਕਿਹਾ ਕਿ ਤੁਸੀਂ ਪੜ੍ਹੋ ਮਿਹਨਤ ਕਰੋ ਅਸੀਂ ਤੁਹਾਨੂੰ ਪੂਰਾ ਸਹਿਯੋਗ ਦੇਵਾਂਗੇ, ਜੇ ਤੁਸੀਂ ਮਿਹਨਤ ਕਰੋਗੇ ਤਾਂ ਹੀ ਅੱਗੇ ਬਦੋਗੇ।