
Punjab News : ਤਖ਼ਤਾਂ ਦੇ ਪ੍ਰਬੰਧ ’ਚ ਆਏ ਖਿੰਡਾਓ ਦੇ ਹੱਲ ਲਈ ਪੰਥਕ ਜਥਿਆਂ ’ਚ ਸੰਵਾਦ ਸ਼ੁਰੂ ਕੀਤਾ ਜਾਵੇ : ਪੰਚ ਪ੍ਰਧਾਨੀ ਪੰਥਕ ਜੱਥਾ
Punjab News in Punjabi : ਪੰਥ ਸੇਵਕ ਸਖ਼ਸ਼ੀਅਤਾਂ ਦੇ ਪੰਚ ਪ੍ਰਧਾਨੀ ਪੰਥਕ ਜੱਥੇ ਵੱਲੋਂ ਅੱਜ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਗਿਆ ਹੈ ਕਿ ਪਿਛਲੇ ਕਈ ਦਹਾਕਿਆਂ ਤੋਂ ਪੰਥਕ ਸੰਸਥਾਵਾਂ ਦੇ ਲਗਾਤਾਰ ਗਹਿਰੇ ਹੁੰਦੇ ਜਾ ਰਹੇ ਸੰਕਟਾਂ ਦੇ ਵਰਤਾਰੇ ਵਿਚ 2 ਦਸੰਬਰ 2024 ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਹੋਈ ਕਾਰਵਾਈ ਇਕ ਅਹਿਮ ਪੜਾਅ ਸੀ। ਬਿਨਾ ਸ਼ੱਕ ਜੋ ਪੰਜ ਗੁਨਾਹ ਬਾਦਲ ਧੜੇ ਕੋਲੋਂ ਮੰਨਵਾਏ ਗਏ ਹਨ ਉਹ ਸਹੀ ਹਨ ਪਰ ਇਸ ਸਾਰੀ ਗਿਰਾਵਟ ਅਤੇ ਪੁਨਰਸੁਰਜੀਤੀ ਬਾਰੇ ਬਿਨਾ ਕਿਸੇ ਪੜਚੋਲ ਅਤੇ ਗੁਰਸੰਗਤ ਦੇ ਵੱਖ-ਵੱਖ ਜੱਥਿਆਂ ਸੰਸਥਾਵਾਂ ਦੀ ਸ਼ਮੂਲੀਅਤ ਨਾ ਕਰਵਾਉਣ ਕਾਰਨ 2 ਦਸੰਬਰ ਵਾਲੇ ਫ਼ੈਸਲਿਆਂ ਨਾਲ ਪੰਥ ’ਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ।
ਪੰਚ ਪ੍ਰਧਾਨੀ ਪੰਥਕ ਜਥੇ ਵੱਲੋਂ ਕਿਹਾ ਗਿਆ ਹੈ ਕਿ ਪਿਛਲੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਤਖ਼ਤਾਂ ਦੇ ਜਥੇਦਾਰਾਂ ਦੀ ਮਨਮਰਜ਼ੀ ਨਾਲ ਕੀਤੀ ਸੇਵਾ ਮੁਕਤੀ ਅਤੇ ਸ਼੍ਰੋਮਣੀ ਕਮੇਟੀ ਦੇ ਪਰਧਾਨ ਦਾ ਅਸਤੀਫ਼ਾ ਖਿੰਡਾਉ ਦੇ ਇਸ ਵਰਤਾਰੇ ਦੀ ਪਰਤੱਖ ਮਿਸਾਲ ਹੈ। ਉਹਨਾ ਕਿਹਾ ਕਿ 2 ਦਸੰਬਰ 2024 ਨੂੰ ਬਾਦਲ ਦਲ ’ਚ ਸਰਗਰਮ ਰਹੇ ਵੱਖ-ਵੱਖ ਵੋਟ ਰਾਜਨੀਤਕ ਆਗੂਆਂ, ਸ਼੍ਰੋਮਣੀ ਗੁਰਦੁਆਰਾ ਪਰਬੰਧਕ ਕਮੇਟੀ ਦੇ ਅਹੁਦੇਦਾਰਾਂ ਅਤੇ ਤਖ਼ਤਾਂ ਦੇ ਜਥੇਦਾਰਾਂ ਵਲੋਂ ਸਾਂਝੇ ਰੂਪ ਵਿਚ ਸੰਗਤ ਦੇ ਸਨਮੁਖ ਪੰਜ ਗੁਨਾਹ ਤਸਲੀਮ ਕੀਤੇ ਹਨ। ਜਿਸ ਇਸ ਪ੍ਰਕਾਰ ਹਨ: ਪਹਿਲਾ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਤੇ ਸ਼ਬਦ ਗੁਰੂ ਦੀ ਘੋਰ ਬੇਅਦਬੀ ਕਰਨ ਵਾਲਿਆਂ (ਜਿਵੇਂ ਕਿ ਸਿਰਸੇ ਵਾਲੇ ਪਾਖੰਡੀ) ਨਾਲ ਸਾਂਝ ਰੱਖਣੀ ਤੇ ਉਹਨਾ ਦੀ ਪੁਸ਼ਤਪੁਨਾਹੀ ਕਰਨੀ। ਦੁਜਾ, ਗੁਰੂ ਖਾਲਸਾ ਪੰਥ ਦੇ ਦੋਖੀਆਂ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਵਾਲੇ ਜਾਲਮ ਪੁਲਿਸ ਅਫ਼ਸਰਾਂ ਨੂੰ ਪ੍ਰਸ਼ਾਸਨਿਕ ਅਤੇ ਰਾਜਸੀ ਅਹੁਦੇ ਦੇਣੇ ਤੇ ਉਨ੍ਹਾਂ ਦੀ ਪੁਸ਼ਤਪਨਾਹੀ ਕਰਨੀ। ਤੀਜਾ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਮੌਰਤਾ ਅਤੇ ਸਾਖ ਨੂੰ ਢਾਹ ਲਾਉਣੀ। ਚੌਥਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਿਕ ਸਾਖ, ਖੁਦਮੁਖਤਿਆਰੀ ਅਤੇ ਨਿਰਪੱਖਤਾ ਨੂੰ ਢਾਹ ਲਾਉਣੀ ਅਤੇ ਪੰਜਵਾਂ ਸਿੱਖਾਂ ਦੀ ਜਥੇਬੰਦੀ ਅਕਾਲੀ ਦਲ ਦਾ ਚਰਿੱਤਰ ਬਦਲ ਕੇ ਇਸ ਨੂੰ ਪੰਜਾਬੀ ਪਾਰਟੀ ਬਣਾਉਣਾ।
ਉਨ੍ਹਾਂ ਕਿਹਾ ਕਿ ਇਹਨਾਂ ਗੰਭੀਰ ਗੁਨਾਹਾਂ ਬਾਬਤ ਬੀਤੇ ਲੰਮੇ ਸਮੇਂ ਤੋਂ ਬਹੁਤ ਸਾਰੇ ਪੰਥਪਰਸਤ ਜਥੇ ਅਤੇ ਸਖ਼ਸ਼ੀਅਤਾਂ ਲਗਾਤਾਰ ਖਾਲਸਾ ਪੰਥ ਨੂੰ ਸੁਚੇਤ ਕਰ ਰਹੇ ਸਨ। ਹੁਣ ਜਦੋਂ ਬਾਦਲ ਧੜੇ ਦੀ ਆਪਣੀ ਸਾਖ ਬਹੁਤ ਡਿੱਗ ਗਈ ਅਤੇ ਇਸ ’ਚ ਅੰਦਰੂਨੀ ਖਿੰਡਾਓ ਅਤੇ ਪਾਟੋਧਾੜ ਬਹੁਤ ਵਧ ਗਈ ਤੇ ਇਨ੍ਹਾਂ ਨੂੰ ਲਗਾਤਾਰ ਵੋਟਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਤਾਂ ਇਹਨਾ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਹ ਗੁਨਾਹ ਮੰਨੇ ਗਏ। ਪਰ ਇਹ ਮਾਮਲਾ ਕੁਝ ਆਗੂਆਂ ਦੀ ਧਾਰਮਿਕ ਸੁਧਾਈ ਦਾ ਨਹੀਂ ਹੈ, ਅਸਲ ’ਚ ਸ੍ਰੀ ਅਕਾਲ ਤਖ਼ਤ ਸਾਹਿਬ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਰਾਜਨੀਤੀ ਦੀ ਸਾਖ ਅਤੇ ਸ਼ਾਨ ਦੀ ਪੁਨਰਸੁਰਜੀਤੀ ਦਾ ਹੈ। ਪਰ ਪੁਨਰਸੁਰਜੀਤੀ ਦੀ ਕਾਰਵਾਈ ਮੰਨੇ ਗਏ ਗੁਨਾਹਾਂ ਦੀ ਦੀਰਘ ਪੜਚੋਲ ਅਤੇ ਸਰਬਤ ਖਾਲਸਾ ਪੰਥ ਦੇ ਜਥਿਆਂ ਅਤੇ ਪੰਥਕ ਸਖਸ਼ੀਅਤਾਂ ਨੂੰ ਸ਼ਾਮਲ ਕੀਤੇ ਬਿਨਾ ਹੀ ਕੀਤੀ ਗਈ ਹੈ। ਇਸੇ ਕਰਕੇ 2 ਦਸੰਬਰ ਵਾਲੇ ਫ਼ੈਸਲਿਆਂ ਨਾਲ ਪੰਥ ਵਿਚ ਸੂਤਰਧਾਰਤਾ ਹੋਣ ਦੀ ਬਜਾਏ ਖਿੰਡਾਓ ਅਤੇ ਭੰਬਲਭੂਸਾ ਹੋਰ ਵੀ ਵਧ ਗਿਆ ਹੈ।
ਪੰਚ ਪ੍ਰਧਾਨੀ ਪੰਥਕ ਜਥੇ ਨੇ ਕਿਹਾ ਹੈ ਕਿ ਇਸ ਮਸਲੇ ਦਾ ਹੱਲ ਤਾਂ ਹੀ ਹੋ ਸਕਦਾ ਹੈ ਜੇਕਰ ਪਹਿਲਾਂ ਬਾਦਲ ਦਲੀਆਂ ਵੱਲੋਂ ਮੰਨੇ ਗਏ ਗੁਨਾਹਾਂ ਦੇ ਕਾਰਨਾਂ ਦੀ ਪੜਚੋਲ ਕੀਤੀ ਜਾਵੇ। ਇਸ ਪੜਚੋਲ ਤੋਂ ਬਾਅਦ ਹੀ ਸਾਰਥਕ ਹੱਲ ਉਲੀਕੇ ਜਾ ਸਕਦੇ ਹਨ। ਉਹਨਾ ਕਿਹਾ ਕਿ ਇਸ ਵਿਆਪਕ ਪੜਚੋਲ ਲਈ ਗੁਰੂ ਖਾਲਸਾ ਪੰਥ ਅਤੇ ਗੁਰਸੰਗਤਿ ਦੇ ਸਰਬਤ ਸਰਗਰਮ ਸੰਸਥਾਵਾਂ ਤੇ ਜਥਿਆਂ ਦਰਮਿਆਨ ਪੁਖਤਾ ਸੰਵਾਦ ਰਚਾਉਣ ਦੀ ਸ਼ੁਰੂਆਤ ਕੀਤੀ ਜਾਣੀ ਚਾਹੀਦੀ ਹੈ।
(For more news apart from Dialogue initiated among Panthic groups resolve the divisions in administration Takhts : Panch Pradhani Panthic Jatha News in Punjabi, stay tuned to Rozana Spokesman)