
ਅਮਨ ਅਰੋੜਾ ਦੀ ਕਾਬਲੀਅਤ ਤੇ ਸਿਆਸੀ ਤਜਰਬੇ ਦੇ ਆਧਾਰ ਉੱਤੇ ਸੌਂਪੀ ਗਈ ਅਹਿਮ ਜ਼ਿੰਮੇਵਾਰੀ-ਭਗਵੰਤ ਮਾਨ
ਪੰਜਾਬ: ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਪਾਰਟੀ ਦੇ ਸੀਨੀਅਰ ਆਗੂ ਤੇ ਵਿਧਾਇਕ ਅਮਨ ਅਰੋੜਾ ਨੂੰ 2019 ਦੀਆਂ ਲੋਕ ਸਭਾ ਚੋਣਾਂ ਲਈ ਸੂਬੇ ਦੀ ਪ੍ਰਚਾਰ ਕੰਪੇਨ ਕਮੇਟੀ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਸੌਂਪੀ ਹੈ। ਮੰਗਲਵਾਰ ਨੂੰ ਦਿੱਲੀ ਵਿਖੇ ਚੋਣਾਂ ਨੂੰ ਲੈ ਕੇ ਹੋਈ ਕੋਰ ਕਮੇਟੀ ਪੰਜਾਬ ਦੀ ਬੈਠਕ ਦੌਰਾਨ ਕੰਪੇਨ ਕਮੇਟੀ ਦੀ ਸਰਬਸੰਮਤੀ ਨਾਲ ਕਮਾਨ ਅਮਨ ਅਰੋੜਾ ਦੇ ਹੱਥ ਸੌਂਪ ਦਿੱਤੀ ਹੈ।
'ਆਪ' ਵੱਲੋਂ ਜਾਰੀ ਬਿਆਨ ਰਾਹੀਂ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਬਾਰੇ ਐਲਾਨ ਕਰਦੇ ਹੋਏ ਦੱਸਿਆ ਕਿ ਅਮਨ ਅਰੋੜਾ ਦੇ ਲੰਬੇ ਤਜ਼ਰਬੇ ਅਤੇ ਸਿਆਸੀ ਕਾਬਲੀਅਤ ਦੇ ਮੱਦੇਨਜ਼ਰ ਅਮਨ ਅਰੋੜਾ ਨੂੰ ਇਹ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੈ। ਭਗਵੰਤ ਮਾਨ ਨੇ ਦੱਸਿਆ ਕਿ ਚੋਣਾਂ ਦੀ ਪ੍ਰਚਾਰ ਰਣਨੀਤੀ ਬਾਰੇ ਕੋਰ ਕਮੇਟੀ ਦੀ ਇਹ ਬੈਠਕ ਪਾਰਟੀ ਦੇ ਸੂਬਾ ਇੰਚਾਰਜ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਘਰ ਰੱਖੀ ਗਈ ਬੈਠਕ ਵਿੱਚ ਅਮਨ ਅਰੋੜਾ ਦੀ ਇਸ ਨਿਯੁਕਤੀ ਬਾਰੇ ਸਰਬਸੰਮਤੀ ਨਾਲ ਫ਼ੈਸਲਾ ਹੋਇਆ।
Aap
ਬੈਠਕ ਉਪਰੰਤ ਮੀਡੀਆ ਨੂੰ ਸੰਬੋਧਨ ਕਰਦੇ ਹੋਏ ਅਮਨ ਅਰੋੜਾ ਨੇ ਪਾਰਟੀ ਲੀਡਰਸ਼ਿਪ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਪਾਰਟੀ ਵੱਲੋਂ ਜਤਾਏ ਗਏ ਭਰੋਸੇ ਉੱਤੇ ਖਰਾ ਉਤਰਨ ਲਈ ਪੂਰੀ ਤਨਦੇਹੀ ਨਾਲ ਦਿਨ ਰਾਤ ਮਿਹਨਤ ਕਰਨਗੇ। ਅਮਨ ਅਰੋੜਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਕਾਂਗਰਸੀਆਂ, ਭਾਜਪਾ ਅਤੇ ਬਾਦਲਾਂ ਵਾਂਗ ਪੈਸੇ ਦੇ ਅੰਬਾਰ ਤਾਂ ਨਹੀਂ ਹਨ, ਪ੍ਰੰਤੂ ਆਮ ਆਦਮੀ ਪਾਰਟੀ ਦਾ ਸਾਥ ਜ਼ਰੂਰੀ ਹੈ। ਇਸ ਲਈ ਪਾਰਟੀ ਇਨ੍ਹਾਂ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰੇਗੀ।