
ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਤੋਂ ਇਕ ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ 'ਚ ਜ਼ੇਰੇ ਇਲਾਜ ਸੀ। ਅੱਜ ਉਸ ਨੇ ਅਪਣਾ ਆਖ਼ਰੀ
ਬਰਨਾਲਾ (ਗਰੇਵਾਲ) : ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਤੋਂ ਇਕ ਕੋਰੋਨਾ ਵਾਇਰਸ ਦੀ ਸ਼ੱਕੀ ਔਰਤ ਪਿਛਲੇ ਕਈ ਦਿਨਾਂ ਤੋਂ ਲੁਧਿਆਣਾ ਦੇ ਹਸਪਤਾਲ 'ਚ ਜ਼ੇਰੇ ਇਲਾਜ ਸੀ। ਅੱਜ ਉਸ ਨੇ ਅਪਣਾ ਆਖ਼ਰੀ ਸਾਹ ਵੀ ਉਸੇ ਹਸਪਤਾਲ 'ਚ ਇਲਾਜ ਦੌਰਾਨ ਲਿਆ। ਔਰਤ ਦੀ ਮੌਤ ਉਪਰੰਤ ਹਸਪਤਾਲ ਵਲੋਂ ਕੋਰੋਨਾ ਵਾਇਰਸ ਦੀ ਜਾਂਚ ਲਈ ਨਮੂਨੇ ਲਏ ਗਏ ਹਨ, ਜਿਸ ਦੀ ਰਿਪੋਰਟ ਆਉਣ ਤਕ ਉਸ ਦੀ ਲਾਸ਼ ਵਾਰਸਾਂ ਨੂੰ ਨਹੀਂ ਸੌਂਪੀ ਜਾਵੇਗੀ।
ਜਾਣਕਾਰੀ ਮੁਤਾਬਕ ਮਹਿਲ ਕਲਾਂ ਕਸਬੇ ਦੀ ਰਹਿਣ ਵਾਲੀ ਇਕ 52 ਸਾਲਾ ਔਰਤ ਨੇ ਲੁਧਿਆਣਾ ਦੇ ਫ਼ੌਰਟਿਸ ਹਸਪਤਾਲ 'ਚ ਦਮ ਤੋੜ ਦਿਤਾ। ਇਹ ਔਰਤ ਪਿਛਲੇ 5/6 ਦਿਨ ਤੋਂ ਤੇਜ਼ ਬੁਖ਼ਾਰ ਤੇ ਸਾਹ ਲੈਣ 'ਚ ਆ ਰਹੀ ਤਕਲੀਫ਼ ਕਾਰਨ ਹਸਪਤਾਲ 'ਚ ਦਾਖ਼ਲ ਸੀ। ਇਸ ਔਰਤ ਦੀ ਮੌਤ ਤੋਂ ਬਾਅਦ ਡੀ.ਸੀ. ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ 'ਤੇ ਸਿਵਲ ਹਸਪਤਾਲ ਦੇ ਡਾਕਟਰਾਂ ਨੂੰ ਇਸ ਦੇ ਕੋਵਿਡ-19 ਦੇ ਨਮੂਨੇ ਲੈਣ ਦੀ ਹਦਾਇਤ ਕੀਤੀ ਗਈ।
ਡਾਕਟਰਾਂ ਦੀ ਟੀਮ ਨੇ ਇਸ ਔਰਤ ਦੇ ਨਮੂਨੇ ਲੈ ਲਏ ਹਨ ਤੇ ਰਿਪੋਰਟ ਹਾਲੇ ਆਉਣੀ ਬਾਕੀ ਹੈ। ਇਸ ਔਰਤ ਦੀ ਲਾਸ਼ ਨੂੰ ਟੈਸਟ ਰਿਪੋਰਟ ਆਉਣ ਤਕ ਲੁਧਿਆਣਾ 'ਚ ਹੀ ਦੇਹ ਸੰਭਾਲ ਘਰ 'ਚ ਰੱਖ ਲਿਆ ਗਿਆ ਹੈ। ਪ੍ਰਸ਼ਾਸਨ ਮੁਤਾਬਕ ਇਸ ਔਰਤ ਦੀ ਕੋਈ ਟਰੈਵਲ ਤੇ ਕੰਟੈਕਟ ਹਿਸਟਰੀ ਵੀ ਹਾਲੇ ਤਕ ਪਤਾ ਨਹੀਂ ਹੈ। ਪ੍ਰਸ਼ਾਸਨ ਨੂੰ ਖਦਸ਼ਾ ਹੈ ਕਿ ਇਹ ਔਰਤ ਵੀ ਕੋਰੋਨਾ ਤੋਂ ਪੀੜਤ ਹੋ ਸਕਦੀ ਹੈ। ਇਸ ਲਈ ਇਸ ਦੇ ਕੋਰੋਨਾ ਨਮੂਨੇ ਲੈ ਲਏ ਹਨ ਤੇ ਰਿਪੋਰਟ ਆਉਣ ਦਾ ਇੰਤਜ਼ਾਰ ਹੈ।