
ਕੋਰੋਨਾ ਜੰਗ ਦੌਰਾਨ ਪੀਐਮ ਨੇ ਲੋਕਾਂ ਨੂੰ ਐਤਵਾਰ ਰਾਤ 9 ਵਜੇ 9 ਮਿੰਟ ਲਈ ਅਪਣੇ ਘਰ ਦੀਆਂ ਲਾਈਟਾਂ ਬੰਦ ਕਰ ਕੇ ਦੀਵੇ ਅਤੇ ਮੋਮਬੱਤੀਆਂ ਜਗਾਉਣ ਲਈ ਕਿਹਾ ਸੀ
ਚੰਡੀਗੜ੍ਹ (ਸਪੋਕਸਮੈਨ ਟੀ.ਵੀ.): ਕੋਰੋਨਾ ਜੰਗ ਦੌਰਾਨ ਪੀਐਮ ਨੇ ਲੋਕਾਂ ਨੂੰ ਐਤਵਾਰ ਰਾਤ 9 ਵਜੇ 9 ਮਿੰਟ ਲਈ ਅਪਣੇ ਘਰ ਦੀਆਂ ਲਾਈਟਾਂ ਬੰਦ ਕਰ ਕੇ ਦੀਵੇ ਅਤੇ ਮੋਮਬੱਤੀਆਂ ਜਗਾਉਣ ਲਈ ਕਿਹਾ ਸੀ ਪਰ ਕਈ ਲੋਕਾਂ ਵਲੋਂ ਇਸ ਗੱਲ ਦੇ ਉਲਟ ਜਾ ਕੇ ਪਟਾਕੇ ਅਤੇ ਆਤਿਸ਼ਬਾਜੀਆਂ ਚਲਾਈਆਂ ਗਈਆਂ। ਜਿਸ ਨੇ ਪ੍ਰਦੂਸ਼ਣ ਤਾਂ ਕੀਤਾ ਹੀ ਹੈ ਨਾਲ ਹੀ ਕਈਆਂ ਦਾ ਨੁਕਸਾਨ ਵੀ ਕਰ ਦਿਤਾ।
ਜਲੰਧਰ ਦੇ ਬਸਤੀ ਦਾਨਿਸ਼ਮੰਦਾ ਵਿਖੇ ਪਟਾਕਿਆਂ ਨਾਲ ਗੋਦਾਮ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਗੁਦਾਮ ਵਿਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਜਿਸ ਤੋਂ ਬਾਅਦ ਫ਼ਾਇਰ ਬ੍ਰਿਗੇਡ ਦੀ ਟੀਮ ਵਲੋਂ 2 ਘੰਟਿਆਂ ਦੀ ਮੁਸ਼ਕਤ ਤੋਂ ਬਾਅਦ ਇਸ ਅੱਗ ਉਤੇ ਕਾਬੂ ਪਾਇਆ ਗਿਆ। ਫ਼ਾਇਰ ਬ੍ਰਿਗੇਡ ਦੇ ਅਧਿਕਾਰੀਆਂ ਦਾ ਕਹਿਣਾ ਹੈ ਰਾਤ ਉਨ੍ਹਾਂ ਨੂੰ ਇਸ ਸਬੰਧੀ 10 ਵਜੇ ਦੇ ਕਰੀਬ ਫ਼ੋਨ ਆਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਟੀਮ ਨੂੰ ਇਥੇ ਭੇਜਿਆ।
ਅਧਿਕਾਰੀਆਂ ਵਲੋਂ ਵੀ ਅੱਗ ਲੱਗਣ ਦਾ ਕਾਰਨ ਆਤਿਸ਼ਬਾਜੀ ਹੀ ਦਸਿਆ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਇਸ ਵਿਚ ਜਾਨੀ ਨੁਕਸਾਨ ਤਾਂ ਕਈ ਨਹੀਂ ਹੋਇਆ ਪਰ ਹਾਲੇ ਤਕ ਕਿੰਨਾ ਨੁਕਸਾਨ ਹੋਇਆ ਹੈ ਇਸ ਬਾਰੇ ਪਤਾ ਨਹੀਂ ਲੱਗ ਸਕਿਆ।