
ਡੀ.ਏ.ਪੀ. ਦੀ ਕੀਮਤ ਵਿਚ ਪ੍ਰਤੀ ਬੋਰੀ ਕੀਤਾ 700 ਰੁਪਏ ਦਾ ਵਾਧਾ
1200 ਦੀ ਥਾਂ ਹੁਣ 1900 ਰੁਪਏ 'ਚ ਮਿਲੇਗੀ ਖਾਦ ਦੀ ਬੋਰੀ
ਚੰਡੀਗੜ੍ਹ, 8 ਅਪ੍ਰੈਲ (ਗੁਰਉਪਦੇਸ਼ ਭੁੱਲਰ): ਕੇਂਦਰੀ ਖੇਤੀ ਕਾਨੂੰਨਾਂ ਵਿਰੁਧ ਕਿਸਾਨੀ ਮੋਰਚੇ ਦੇ ਚਲਦਿਆਂ ਕੇਂਦਰ ਸਰਕਾਰ ਕਿਸਾਨਾਂ ਨੂੰ ਲਗਾਤਾਰ ਝਟਕੇ ਤੇ ਝਟਕਾ ਦੇ ਰਹੀ ਹੈ | ਪਿਛਲੇ ਦਿਨੀਂ ਬੀ.ਟੀ. ਕਾਟਨ ਦੇ ਬੀਜਾਂ ਦੇ ਰੇਟਾਂ ਵਿਚ ਚੁੱਪ ਚਾਪ ਵਾਧੇ ਤੋਂ ਬਾਅਦ ਹੁਣ ਕੇਂਦਰ ਸਰਕਾਰ ਨੇ ਡੀ.ਏ.ਪੀ. ਖਾਦ ਦੇ ਰੇਟ ਵਿਚ ਵਾਧਾ ਕਰ ਦਿਤਾ ਹੈ | ਇਫ਼ਕੋ ਵਲੋਂ ਇਸ ਬਾਰੇ ਬਾਕਾਇਦਾ ਨੋਟੀਫ਼ਿਕੇਸ਼ਨ ਜਾਰੀ ਕਰ ਦਿਤਾ ਗਿਆ ਹੈ | ਇਸ ਹੁਕਮ ਬਾਅਦ ਹੁਣ ਡੀ.ਏ.ਪੀ. ਖਾਦ ਦੀ ਬੋਰੀ 1200 ਦੀ ਥਾਂ 1900 ਰੁਪਏ ਵਿਚ ਕਿਸਾਨਾਂ ਨੂੰ ਮਿਲੇਗੀ | ਸਿੱਧਾ 700 ਰਪੁਏ ਪ੍ਰਤੀ ਬੋਰੀ ਦਾ ਵੱਡਾ ਵਾਧਾ ਕੀਤਾ ਗਿਆ ਹੈ | ਇਯ ਦਾ ਆਉਣ ਵਾਲੀ ਨਵੀਂ ਫ਼ਸਲ 'ਤੇ ਸਿੱਧਾ ਅਸਰ ਪਵੇਗਾ |
ਕੇਂਦਰ ਸਰਕਾਰ ਵਲੋਂ ਕੀਤੇ ਇਸ ਵਾਧੇ 'ਤੇ ਸੰਯੁਕਤ ਕਿਸਾਨ ਮੋਰਚੇ ਨੇ ਸਖ਼ਤ ਪ੍ਰਤੀਕਿਰਿਆ ਦਿਤੀ ਹੈ | ਮੋਰਚੇ ਦੇ ਸੀਨੀਅਰ ਮੈਂਬਰ ਡਾ. ਦਰਸ਼ਨ ਪਾਲ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਦਾਅਵੇ ਲਗਾਤਾਰ ਝੂਠੇ ਸਾਬਤ ਹੋ ਰਹੇ ਹਨ | ਉਨ੍ਹਾਂ ਕਿਹਾ ਕਿ ਇਸ ਸਮੇਂ ਕਿਸਾਨ ਦੂਹਰੀ ਮਾਰ ਦਾ ਸ਼ਿਕਾਰ ਹੋ ਰਹੇ ਹਨ | ਇਕ ਪਾਸੇ ਉਨ੍ਹਾਂ ਨੂੰ ਐਮ.ਐਸ.ਪੀ. ਮੁਤਾਬਕ ਸਹੀ ਭਾਅ ਨਹੀਂ ਮਿਲ ਰਹੇ ਅਤੇ ਦੂਜੇ ਪਾਸੇ ਕੇਂਦਰ ਸਰਕਾਰ ਲਾਗਤ ਖਰਚਿਆਂ ਵਿਚ ਵੱਡੇ ਵਾਧੇ ਕਰ ਰਹੀ ਹੈ | ਡਾ. ਦਰਸ਼ਨ ਪਾਲ ਨੇ ਡੀ.ਏ.ਪੀ. ਖਾਦ ਦੀ ਕੀਮਤ ਵਿਚ ਵੱਡੇ ਵਾਧੇ ਨੂੰ ਤੁਰਤ ਵਾਪਸ ਲੈਣ ਦੀ ਮੰਗ ਕਰਦਿਆਂ ਇਸ ਮੁੱਦੇ 'ਤੇ ਵੀ ਅੰਦੋਲਨ ਦੀ ਚੇਤਾਵਨੀ ਕੇਂਦਰ ਸਰਕਾਰ ਨੂੰ ਦਿਤੀ ਹੈ |