
ਚਰਚਿਤ ਅਮਿਤ ਸ਼ਾਹ-ਜਥੇਦਾਰ ਵਾਰਤਾਲਾਪ ਬਾਅਦ ਭਾਜਪਾ ਨੇਤਾ ਡਾ. ਰਾਜੂ ਨੇ ਜਥੇਦਾਰ ਨਾਲ ਬੰਦ ਕਮਰਾ ਬੈਠਕ ਕੀਤੀ ?
ਅੰਮ੍ਰਿਤਸਰ, 8 ਅਪ੍ਰੈਲ (ਸੂਖਵਿੰਦਰਜੀਤ ਸਿੰਘ ਬਹੋੜੂ) : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਬਾਅਦ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਸਕੱਤਰੇਤ ਸ੍ਰੀ ਅਕਾਲ ਤਖ਼ਤ ਵਿਖੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਭਰੋਸੇਮੰਦ ਭਾਜਪਾ ਦੇ ਸੀਨੀਅਰ ਆਗੂ ਡਾ. ਜਗਮੋਹਨ ਸਿੰਘ ਰਾਜੂ ਸਾਬਕਾ ਆਈ.ਏ.ਐਸ ਨੇ ਬੰਦ ਕਮਰੇ ’ਚ ਮੁਲਾਕਾਤ ਕੀਤੀ। ਜਥੇਦਾਰ ਅਤੇ ਡਾ. ਰਾਜੂ ਨੇ ਪੰਜਾਬ ’ਚ ਲੁਪਤ ਹੋ ਰਹੇ ਕਿਰਤ ਸਭਿਆਚਾਰ ’ਤੇ ਦਰਪੇਸ਼ ਸਿੱਖ ਮਸਲਿਆਂ ਬਾਰੇ ਡੂੰਘੀਆਂ ਵਿਚਾਰਾਂ ਕੀਤੀਆਂ।
ਇਸ ਮੌਕੇ ਗੱਲ ਕਰਦਿਆਂ ਭਾਜਪਾ ਆਗੂ ਡਾ. ਜਗਮੋਹਨ ਸਿੰਘ ਰਾਜੂ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਵਲੋਂ ਸਿੱਖ ਸਰੋਕਾਰਾਂ ਪ੍ਰਤੀ ਉਸਾਰੂ ਪਹੁੰਚ ਹੈ। ਹੁਣ ਤਿਲਕ ਜੰਝੂ ਦੀ ਰਖਿਆ ਲਈ ਲਾਸਾਨੀ ਕੁਰਬਾਨੀ ਕਰਨ ਵਾਲੇ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਭਾਰਤ ਸਰਕਾਰ ਦੁਆਰਾ 21 ਅਪ੍ਰੈਲ ਨੂੰ ਦੋ ਰੋਜ਼ਾ ਸਮਾਗਮ ਦਿਲੀ ਦੇ ਲਾਲ ਕਿਲ੍ਹੇ ਦੇ ਮੈਦਾਨ ’ਚ ਹੋਵੇਗਾ। ਇਸ ਮੌਕੇ ਉਨ੍ਹਾਂ ਜਥੇਦਾਰ ਨੂੰ ਮੰਗ ਪੱਤਰ ਦਿੰਦਿਆਂ ਧਿਆਨ ਦਿਵਾਇਆ ਗਿਆ ਕਿ ਨਿਜੀ ਟੀ.ਵੀ ਚੈਨਲਾਂ ’ਤੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਮੇਤ ਹੋਰਨਾਂ ਧਾਰਮਕ ਅਸਥਾਨਾਂ ਤੋਂ ਗੁਰਬਾਣੀ ਕੀਰਤਨ ਤੋਂ ਇਲਾਵਾ ਰਹਿਰਾਸ ਸਾਹਿਬ ਉਪਰੰਤ ਅਰਦਾਸ ਦੇ ਪ੍ਰਸਾਰਨ ਦੌਰਾਨ ਇਹ ਆਮ ਵੇਖਿਆ ਜਾ ਰਿਹਾ ਹੈ ਕਿ ਬਾਜ਼ਾਰਾਂ ਦੁਕਾਨਾਂ, ਹੋਟਲਾਂ, ਢਾਬਿਆਂ ਅਤੇ ਆਮ ਪਬਲਿਕ ਸਥਾਨਾਂ ’ਤੇ ਲੱਗੇ ਟੀਵੀ ਆਦਿ ਵਿਚ ਸਕਰੀਨ ’ਤੇ ਅਰਦਾਸ ਹੋ ਰਹੀ ਹੁੰਦੀ ਹੈ ਅਤੇ ਆਮ ਲੋਕ ਅਰਦਾਸ ਦੀ ਮਹਾਨਤਾ ਪ੍ਰਤੀ ਅਗਿਆਨਤਾ ਵਸ ਅਪਣੇ ਕਾਰ-ਵਿਹਾਰ ’ਚ ਲੱਗੇ ਹੁੰਦੇ ਹਨ। ਅਰਦਾਸ ਦੀ ਅਜਿਹੀ ਅਣਦੇਖੀ ਅਤੇ ਇਸ ਦੀ ਮਹਾਨਤਾ ਦੇ ਪ੍ਰਤੀਕੂਲ ਪ੍ਰਚਲਣ ਨੂੰ ਉਚਿੱਤ ਨਹੀਂ ਕਿਹਾ ਜਾ ਸਕਦਾ। ਵੱਡੀ ਦੁੱਖ ਦੀ ਗਲ ਹੈ ਕਿ ਜਿਸ ਅਕਾਲ ਪੁਰਖ ਤੋਂ ਖੈਰ ਮੰਗਣੀ ਹੁੰਦੀ ਹੈ ਅਗਿਆਨਤਾ ਵਸ ਜਾਣੇ ਅਨਜਾਣੇ ਅਤੇ ਨਾਦਾਨੀ ’ਚ ਅਸੀਂ ਨਿਰਾਦਰੀ ਕਰਨ ਦੇ ਭਾਗੀਦਾਰ ਵੀ ਬਣ ਜਾਂਦੇ ਹਾਂ। ਉਨ੍ਹਾਂ ਪੱਤਰ ਵਿਚ ਗੁਰਬਾਣੀ ਦੇ ਹਵਾਲਿਆਂ ਨਾਲ ਕਿਹਾ ਕਿ ਗੁਰੂ ਸਾਹਿਬਾਨ ਨੇ ਸਾਨੂੰ ਇਹ ਹੀ ਸਿਖਿਆ ਦਿਤੀ ਹੈ ਕਿ, ਖਸਮ ਹੁਕਮ ਨਾਲ ਨਹੀਂ, ਪਰ ਅਰਦਾਸ ਨਾਲ ਪਸੀਜਣ ਵਾਲੇ ਹਨ। ਅਰਦਾਸ ਕਰਨ ਤੋਂ ਪਹਿਲਾਂ ਮਨ ਵਿਚ ਹਲੀਮੀ ਭਾਵ ਪੈਦਾ ਕਰਨ ਅਤੇ ਅਪਣੇ ਆਪ ਨੂੰ ਅਕਾਲ ਪੁਰਖ ਅੱਗੇ ਸਮਰਪਤ ਕਰਨ ਦੀ ਲੋੜ ਹੈ। ਪ੍ਰਭੂ ਨੂੰ ਜ਼ੋਰ ਜਾਂ ਬਲ ਨਾਲ ਨਹੀਂ ਚਲਾਇਆ ਜਾ ਸਕਦਾ। ਉਸ ਅੱਗੇ ਖੜੇ ਹੋ ਕੇ ਅਰਦਾਸ ਕਰਨੀ ਬਣਦੀ ਹੈ। ਅਰਦਾਸ ਦੀ ਯੋਗ ਮੁਦਰਾ ਇਹ ਦੱਸੀ ਹੈ ਕਿ ਖੜੇ ਹੋ ਕੇ ਦੋਵੇਂ ਹੱਥ ਜੋੜੇ ਜਾਣ ਅਤੇ ਮਨ ’ਚ ਹਲੀਮੀ ਲਿਆ ਕੇ ਅਰਜੋਈ ਕੀਤੀ ਜਾਵੇ। ਅਰਦਾਸ ਇਕਾਗਰਚਿਤ ਦੀ ਹੂਕ ਹੈ। ਜੋਦੜੀ, ਅਰਜੋਈ ਤੇ ਪ੍ਰਾਰਥਨਾ ਹੈ। ਇਹ ਵਿਖਾਵੇ ਦੀ ਕੋਈ ਰਸਮ ਨਹੀਂ। ਅਰਦਾਸ ਲਈ ਮਨ ਦਾ ਟਿਕਾਉ, ਇਕਾਗਰਤਾ ਤੇ ਸਹਿਜ ਦੀ ਅਵਸਥਾ ਨੂੰ ਗ੍ਰਹਿਣ ਕਰਨਾ ਜ਼ਰੂਰੀ ਹੈ। ਇਹ ਇਕ ਕੇਂਦਰੀ ਬਿੰਦੂ ਸ੍ਰੀ ਅਕਾਲ ਪੁਰਖ ਵਲ ਧਿਆਨ ਕੇਂਦਰਤ ਕਰਦਿਆਂ ਪ੍ਰਭੂ ਦੇ ਅਤੁੱਟ ਪਿਆਰ ਸਨੇਹ ਅਤੇ ਭਾਓ ’ਚ ਉਤਰਨ ਦਾ ਇਕ ਅਤੀ ਸੂਖਮ ਤੇ ਪਵਿੱਤਰ ਕਰਮ-ਅਭਿਆਸ ਹੈ। ਇਹ ਹੀ ਕਾਰਨ ਹੈ ਕਿ ਸਿਦਕੀ ਸਿੱਖ ਅਰਦਾਸ ਦੇ ਨਿਸਚਿਤ ਸਮੇਂ ਜਿਥੇ ਵੀ ਹੋਣ ਗਲ ਵਿਚ ਸਿਰੋਪਾਉ ਪਾ ਕੇ ਅਰਦਾਸ ਵਿਚ ਜੁੜ ਜਾਂਦੇ ਸਨ। ਇਸੇ ਤਰ੍ਹਾਂ ਅਰਦਾਸ ਦੀ ਮਹਾਨਤਾ ਅਤੇ ਮਰਿਆਦਾ ਦੇ ਅਨੁਕੂਲ ਕੁਝ ਸਾਲ ਪਹਿਲਾਂ ਤਕ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਅੰਦਰ ਅਰਦਾਸ ਦੇ ਵਕਤ ਬਾਹਰਲੇ ਸਪੀਕਰ ਬੰਦ ਕਰ ਦਿਤੇ ਜਾਂਦੇ ਸਨ। ਉਨ੍ਹਾਂ ਇਕ ਨਿਮਾਣੇ ਸਿੱਖ ਵਜੋਂ ਅਰਦਾਸ ਦੀ ਮਹਾਨਤਾ ਨੂੰ ਠੇਸ ਪਹੁੰਚਣ ਵਾਲੀ ਉਕਤ ਪ੍ਰਚਲਣ ਤੇ ਵਰਤਾਰੇ ਨੂੰ ਰੋਕਣ ਅਤੇ ਅਰਦਾਸ ਦੀ ਮਹਾਨਤਾ ਅਤੇ ਸਤਿਕਾਰ ਬਣਾਈ ਰੱਖਣ ਲਈ ਟੀ.ਵੀ. ਪ੍ਰਸਾਰਨ, ਉਨ੍ਹਾਂ ਦੇ ਅਧਿਕਾਰੀਆਂ-ਪ੍ਰਬੰਧਕਾਂ ਅਤੇ ਸੰਗਤ ਨੂੰ ਠੋਸ ਤੇ ਯੋਗ ਵਿਵਸਥਾ ਅਪਣਾਉਣ ਲਈ ਉਪਰਾਲਾ ਕਰਨ ਬਾਰੇ ਜਾਗਰੂਕ ਕਰਨ ਪ੍ਰਤੀ ਗੁਰਮਤਿ ਦੀ ਰੋਸ਼ਨੀ ’ਚ ਵਿਚਾਰਨ ਦੀ ਅਪੀਲ ਕੀਤੀ ਹੈ।
ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਉਪਰੰਤ ਡਾ. ਰਾਜੂ ਨੇ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵੀ ਮੁਲਾਕਾਤ ਕਰ ਕੇ, ਵਿਚਾਰਾਂ ਕੀਤੀਆਂ। ਇਸ ਮੌਕੇ ਸਰਚਾਂਦ ਸਿੰਘ, ਕੰਵਰਬੀਰ ਸਿੰਘ ਮੰਜਲ ਵੀ ਮੌਜੂਦ ਸਨ।
ਕੈਪਸਨ ਏ ਐਸ ਆਰ ਬਹੋੜੂ-8-5-