
ਪ੍ਰਕਾਸ਼ ਸਿੰਘ ਨੂੰ ਡਰੱਗਜ਼ ਵੇਚਣ ਦੇ ਦੋਸ਼ ’ਚ ਕੀਤਾ ਗਿਆ ਗ੍ਰਿਫ਼ਤਾਰ
ਚੰਡੀਗੜ੍ਹ: ਪੰਜਾਬ ਦੇ ਇਕ ਸਾਬਕਾ ਮੰਤਰੀ ਅਤੇ ਅਕਾਲੀ ਆਗੂ ਸੁੱਚਾ ਸਿੰਘ ਲੰਗਾਹ ਦੇ ਪੁੱਤਰ ਪ੍ਰਕਾਸ਼ ਸਿੰਘ ਨੂੰ ਹਿਮਾਚਲ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹਿਮਾਚਲ ਪ੍ਰਦੇਸ਼ ਪੁਲਿਸ ਨੇ ਸ਼ਿਮਲਾ ’ਚ ਪ੍ਰਕਾਸ਼ ਸਿੰਘ ਨੂੰ ਇਕ ਲੜਕੀ ਅਤੇ ਚਾਰ ਹੋਰਾਂ ਨੂੰ ਨਸ਼ੀਲੇ ਪਦਾਰਥ ਰੱਖਣ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਨ੍ਹਾਂ ਕੋਲੋਂ 42 ਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਇਨ੍ਹਾਂ ’ਤੇ ਇਕ ਖੁਫ਼ੀਆ ਸੂਚਨਾ ਮਿਲਣ ਤੋਂ ਬਾਅਦ ਛਾਪੇਮਾਰੀ ਕੀਤੀ ਜਿਸ ਦੌਰਾਨ ਪਤਾ ਲੱਗਾ ਕਿ ਪ੍ਰਕਾਸ਼ ਸਿੰਘ ਡਰੱਗਜ਼ ਵੇਚ ਰਿਹਾ ਸੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ’ਚ ਮਈ 2021 ਦੌਰਾਨ ਪ੍ਰਕਾਸ਼ ਸਿੰਘ ਨੂੰ ਡਰੱਗਜ਼ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਸਾਰੇ ਗ੍ਰਿਫ਼ਤਾਰ ਵਿਅਕਤੀਆਂ ਕੋਲੋਂ ਪੁੱਛ-ਪੜਤਾਲ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਪ੍ਰਕਾਸ਼ ਸਿੰਘ ਦੇ ਪਿਤਾ ਸੁੱਚਾ ਸਿੰਘ ਲੰਗਾਹ ਇਕ ਐਸ.ਜੀ.ਪੀ.ਸੀ. ਮੈਂਬਰ ਵਜੋਂ ਵੀ ਸੇਵਾ ਨਿਭਾਅ ਚੁੱਕੇ ਹਨ। ਉਨ੍ਹਾਂ ਨੂੰ 2017 ਵਿੱਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇੱਕ ਵੀਡੀਓ, ਜਿਸ ਵਿੱਚ ਕਥਿਤ ਤੌਰ 'ਤੇ ਉਨ੍ਹਾਂ ਨੂੰ ਇੱਕ ਔਰਤ ਨਾਲ ਇਤਰਾਜ਼ਯੋਗ ਸਥਿਤੀ ਵਿੱਚ ਦਿਖਾਇਆ ਗਿਆ ਸੀ, ਦੇ ਮਾਮਲੇ ’ਚ ਅਕਾਲ ਤਖ਼ਤ ਵੱਲੋਂ ਬਰਖਾਸਤ ਕਰ ਦਿਤਾ ਗਿਆ ਸੀ।