
Fake CBI Officer Arrests in Ludhiana: ਸੇਵਾਮੁਕਤ ਬੈਂਕ ਕਰਮਚਾਰੀ ਨਾਲ 35 ਲੱਖ ਰੁਪਏ ਦੀ ਮਾਰੀ ਸੀ ਠੱਗੀ
ਨਸ਼ੇ ਦੇ ਦੋ ਕੇਸ ਦਰਜ ਹੋਣ ਦਾ ਡਰਾਵਾ ਦੇ ਕੇ ਅਪਣੇ ਖਾਤੇ ’ਚ ਪੁਆਏ 35 ਲੱਖ ਰੁਪਏ
Fake CBI Officer Arrests in Ludhiana: ਸਾਈਬਰ ਕ੍ਰਾਈਮ ਪੁਲਿਸ ਨੇ ਕੁਰੂਕਸ਼ੇਤਰ ’ਚ ਇੱਕ ਸੇਵਾਮੁਕਤ ਬੈਂਕ ਕਰਮਚਾਰੀ ਨਾਲ 35 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਗਰਾਉਂ, ਲੁਧਿਆਣਾ ਦੇ ਰਹਿਣ ਵਾਲੇ ਚੰਚਲ ਕੁਮਾਰ ਉਰਫ਼ ਵਿੱਕੀ ਨੇ ਬਜ਼ੁਰਗ ਨੂੰ ਡਿਜੀਟਲੀ ਅਰੈਸਟ ਕਰ ਕੇ ਇਸ ਵਾਰਦਾਤ ਨੂੰ ਅੰਜ਼ਾਮ ਦਿਤਾ।
ਕੁਰੂਕਸ਼ੇਤਰ ਦੇ ਸੇਵਾਮੁਕਤ ਬੈਂਕ ਕਰਮਚਾਰੀ ਵਿਦਿਆ ਸਾਗਰ ਦੇ ਅਨੁਸਾਰ, ਉਸਨੂੰ 14 ਨਵੰਬਰ ਨੂੰ ਫੋਨ ਆਇਆ। ਫੋਨ ਕਰਨ ਵਾਲੇ ਨੇ ਆਪਣੇ ਆਪ ਨੂੰ ਕਸਟਮ ਵਿਭਾਗ ਦੇ ਅਧਿਕਾਰੀ ਵਜੋਂ ਪੇਸ਼ ਕੀਤਾ ਅਤੇ ਕਿਹਾ ਕਿ ਮਲੇਸ਼ੀਆ ਵਿੱਚ ਉਸਦੇ ਨਾਮ ’ਤੇ ਇੱਕ ਨਸ਼ੀਲੇ ਪਦਾਰਥਾਂ ਦਾ ਪਾਰਸਲ ਜ਼ਬਤ ਕੀਤਾ ਗਿਆ ਹੈ। ਉਸਨੇ ਕਿਹਾ ਕਿ ਜੇਕਰ ਉਸਨੇ 2 ਘੰਟਿਆਂ ਦੇ ਅੰਦਰ ਬੰਬੇ ਪੁਲਿਸ ਅੱਗੇ ਆਤਮ ਸਮਰਪਣ ਨਹੀਂ ਕੀਤਾ ਤਾਂ ਉਸਨੂੰ 5 ਸਾਲ ਦੀ ਕੈਦ ਅਤੇ 5 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ।
ਫ਼ੋਨ ਕਰਨ ਵਾਲੇ ਨੇ ਉਸ ਦੀ ਗੱਲ ਇੱਕ ਵਿਅਕਤੀ ਨਾਲ ਕਰਵਾਈ ਜਿਸ ਨੇ ਖ਼ੁਦ ਨੂੰ ਸੀਬੀਆਈ ਮੁਖੀ ਅਨਿਲ ਯਾਦਵ ਦੱਸ ਕੇ ਧਮਕਾਉਂਦੇ ਹੋਏ ਉਸਦੀ ਅਤੇ ਉਸ ਦੀ ਪਤਨੀ ਦੇ ਬੈਂਕ ਵੇਰਵੇ, ਐਫ਼ਡੀ ਅਤੇ ਖਾਤਿਆਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਉਸਨੇ ਧਮਕੀ ਦਿੱਤੀ ਕਿ ਉਸਦੇ ਖ਼ਿਲਾਫ਼ ਦੋ ਨਸ਼ੀਲੇ ਪਦਾਰਥਾਂ ਦੇ ਮਾਮਲੇ ਦਰਜ ਹਨ। ਉਸਨੇ ਐਫ਼ਡੀ ਤੁੜਵਾ ਕੇ ਮਾਮਲੇ ਨੂੰ ਖ਼ਤਮ ਕਰਨ ਲਈ ਕਰੀਬ 35 ਲੱਖ ਰੁਪਏ ਤੋਂ ਜ਼ਿਆਦਾ ਉਨ੍ਹਾਂ ਵਲੋਂ ਦੱਸੇ ਅਕਾਉਂਟ ਵਿਚ ਜਮ੍ਹਾ ਕਰਵਾ ਦਿੱਤੇ। ਉਨ੍ਹਾਂ ਨੇ ਲਗਾਤਾਰ ਹੋਰ ਰਕਮ ਦੀ ਮੰਗ ਕੀਤੀ ਤਾਂ ਉਸ ਨੂੰ ਧੋਖਾਧੜੀ ਦਾ ਅਹਿਸਾਸ ਹੋਇਆ ਅਤੇ ਸ਼ਿਕਾਇਤ ਦਰਜ ਕਰਵਾਈ।
ਸਾਈਬਰ ਕ੍ਰਾਈਮ ਦੀ ਟੀਮ ਨੇ ਦੋਸ਼ੀ ਚੰਚਲ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ। ਦੋਸ਼ੀ ਦੇ ਖਾਤੇ ਵਿੱਚ 10 ਲੱਖ ਰੁਪਏ ਆਏ ਸਨ, ਜੋ ਉਸਨੇ ਚੈੱਕ ਰਾਹੀਂ ਆਪਣੇ ਕਮਿਸ਼ਨ ਏਜੰਟ ਨੂੰ ਟਰਾਂਸਫਰ ਕਰ ਦਿੱਤੇ। ਪੁਲਿਸ ਹੋਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮੁਲਜ਼ਮ ਚੰਚਲ ਦੇ ਅਪਰਾਧਿਕ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।
(For more news apart from Ludhiana Latest News, stay tuned to Rozana Spokesman)