
ਇਹ ਫ਼ੈਸਲਾ ਲੈਣਗੇ ਸੁਸਾਇਟੀਆਂ ਵਾਲੇ
ਪੰਚਕੂਲਾ 8, ਮਈ (ਪੀ.ਪੀ. ਵਰਮਾ) : ਜ਼ਿਲ੍ਹਾ ਪ੍ਰਸ਼ਾਸਨ ਨੇ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸੁਸਾਇਟੀਆਂ ਵਿਚ ਆਉਣ-ਜਾਣ ਬਾਰੇ ਕੁੱਝ ਹਦਾਇਤਾਂ ਖ਼ੁਦ ਸੁਸਾਇਟੀਆਂ ਦੀ ਮੈਨੇਜਮੈਂਟਾਂ ਨੇ ਮੌਕੇ ਨੂੰ ਵੇਖਦੇ ਹੋਏ ਬਣਾਈਆਂ ਹਨ। ਇਸ ਗੱਲ ਦਾ ਪ੍ਰਗਟਾਵਾ ਡੀਸੀ ਪੰਚਕੂਲਾ ਮੁਕੇਸ਼ ਕੁਮਾਰ ਅਹੂਜਾ ਅਤੇ ਐਸ.ਡੀ.ਐਮ ਧੀਰਜ ਚਹਿਲ ਨੇ ਕੀਤਾ ਹੈ।
ਨਿਊ ਐਗਜੀਕਿਊਟਿਵ ਸੁਸਾਈਟੀ 105 ਸੈਕਟਰ-20 ਦੇ ਪ੍ਰਧਾਨ ਮੋਹਨ ਬੱਗਣ, ਕੈਸ਼ੀਅਰ ਸੁਮਨ ਬੱਤਾ, ਜਨਰਲ ਸੈਕਟਰੀ ਕੇ.ਡੀ. ਸ਼ਰਮਾ ਅਨੁਸਾਰ ਸੁਸਾਇਟੀ-105 ਸੈਕਟਰ-20 ਦੀ ਮੈਨੇਜਮੈਂਟ ਨੇ ਪ੍ਰਵਾਸੀ ਮਾਈਆਂ ਦੇ ਆਉਣ ਜਾਣ ਬਾਰੇ ਫ਼ੈਸਲਾ ਖ਼ੁਦ ਕਰਨਾ ਹੈ। ਸੁਸਾਇਟੀ ਦੇ ਪ੍ਰਧਾਨ ਮੋਹਨ ਬੱਗਣ ਨੇ ਦਸਿਆ ਹਾਸਊਸਿੰਗ ਸੁਸਾਇਟੀਆਂ ਦੇ ਫਲੈਟਾਂ ਵਿੱਚ ਕੰਮ ਕਰਨ ਵਾਲੀਆਂ ਪ੍ਰਵਾਸੀ ਮਾਈਆਂ ਨੂੰ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਹੀ ਕੰਮ ਕਰਨ ਦਿਤਾ ਜਾਵੇਗਾ। ਲਾਕਡਾਊਨ ਦੌਰਾਨ ਜਿਹੜੇ ਪ੍ਰਵਾਸੀ ਸੁਸਾਇਟੀਆਂ ਵਿਚ ਕੰਮਕਾਰ ਕਰਨ ਨਹੀਂ ਆਏ ਉਨ੍ਹਾਂ ਨੂੰ ਵੀ ਪੂਰੀ ਤਨਖਾਹ ਦਿਤੀ ਗਈ ਹੈ ਤਾਂ ਕਿ ਉਹਨਾਂ ਨੂੰ ਕੋਈ ਆਰਥਿਕ ਤੰਗੀ ਨਾ ਹੋ ਸਕੇ।
ਪੰਚਕੂਲਾ ਵਿਚ 300 ਤੋਂ ਵੱਧ ਹਾਊਸਿੰਗ ਸੁਸਾਇਟੀਆਂ ਹਨ। ਜਿਹੜੀਆਂ ਸੈਕਟਰ-20, ਸੈਕਟਰ-14, ਐਮਡੀਸੀ, ਸੈਕਟਰ-25 ਅਤੇ ਘੱਗਰ ਪਾਰ ਦੇ ਕਈ ਸੈਕਟਰਾਂ ਵਿੱਚ ਹਨ। ਇਹਨਾਂ ਸੁਸਾਇਟੀਆਂ ਦੀਆਂ ਸੁਆਣੀਆਂ ਫਿਲਹਾਲ ਆਪਣੇ-ਆਪਣੇ ਘਰਾਂ ਦੀ ਸਫ਼ਾਈ ਦਾ ਕੰਮਕਾਰ ਆਪ ਹੀ ਕਰ ਰਹੀਆਂ ਹਨ।
ਡੀਸੀ ਦਫ਼ਤਰ ਅੰਦਰ ਜਾਣ ਵੇਲੇ ਹਰ ਥਾਂ ਸਖ਼ਤੀ ਵਿਖਾਈ ਜਾ ਰਹੀ ਹੈ। ਪੁਲਿਸ ਮੁਲਾਜ਼ਮ ਹਰ ਵਿਅਕਤੀ ਜੋ ਮਿੰਨੀ ਸਕੱਤਰੇਤ ਵਿੱਚ ਜਾਂਦਾ ਹੈ ਉਸਦੀ ਥਰਮਲ ਗੰਨ ਰਾਹੀਂ ਸਰੀਰ ਦੀ ਚੈਕਿੰਗ ਕੀਤੀ ਜਾ ਰਹੀ ਹੈ। ਮਿੰਨੀ ਸਕੱਤਰੇਤ ਦੇ 18 ਦਫ਼ਤਰਾਂ ਦੇ ਮੁਲਾਜ਼ਮ ਕੋਰੋਨਾ ਤੋਂ ਇੰਨੇ ਡਰੇ ਹੋਏ ਹਨ ਕਿ ਉਹ ਕਿਸੇ ਪੁੱਛ-ਗਿੱਛ ਵਾਲੇ ਵਿਅਕਤੀ ਨੂੰ ਦਫ਼ਤਰ ਦੇ ਅੰਦਰ ਨਹੀਂ ਆਉਣ ਦਿੰਦੇ।
ਦੂਜੇ ਪਾਸੇ ਜ਼ਿਲ੍ਹਾ ਸਿਖਿਆ ਅਧਿਕਾਰੀ ਉਰਮਲਾ ਸ਼ਰਮਾ ਨੇ ਕਿਹਾ ਹੈ ਕਿ ਪੰਚਕੂਲਾ ਸਿਖਿਆ ਵਿਭਾਗ ਨੇ ਜਿਹੜੀ ਤਿਆਰੀ ਕੀਤੀ ਹੈ ਕਿ ਜੋ ਵੀ ਪ੍ਰਾਈਵੇਟ ਸਕੂਲ ਅਡੀਸ਼ਨਲ ਚਾਰਜ ਫੀਸ ਵਸੂਲੇਗਾ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀ ਨੇ ਇਸ ਬਾਰੇ ਸਰਕੂਲਰ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਹੈ ਕਿ ਲਾਕਡਾਊਨ ਵਿੱਚ ਜੇਕਰ ਸਕੂਲਾਂ ਨੇ ਟਿਊਸ਼ਨ ਫ਼ੀਸ ਵਧਾਈ ਤਾਂ ਉਸ ਸਕੂਲ ਦੀ ਮਾਨਤਾ ਰੱਦ ਹੋ ਸਕਦੀ ਹੈ।
ਲਕਸ਼ਮੀ ਨਰਾਇਣ ਮੰਦਰ ਸਭਾ ਪੰਚਕੂਲਾ ਸੈਕਟਰ-6 ਦੇ ਵਾਇਸ ਚੇਅਰਮੈਨ ਵਿਜੈ ਧੀਰ ਅਤੇ ਹੋਰ ਕਈ ਲੋਕਾਂ ਨੇ ਪੰਚਕੂਲਾ ਦੇ ਐੱਸਡੀਐਮ ਨੂੰ ਇਹ ਬੇਨਤੀ ਕੀਤੀ ਹੈ ਕਿ ਕੋਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰਕੇ ਇਲਾਕੇ ਦੇ ਸਾਰੇ ਮੰਦਰਾਂ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਜਾਵੇ।
ਕਈ ਧਾਰਮਿਕ ਸਥਾਨਾਂ ਦੀਆਂ ਸਭਾਵਾਂ ਨੇ ਇਸ ਮੁਸ਼ਕਿਲ ਸਮੇਂ ਵਿੱਚ ਗਰੀਬ ਲੋਕਾਂ ਲਈ ਰਾਸ਼ਨ ਦਾ ਪ੍ਰਬੰਧ ਵੀ ਕੀਤਾ ਹੈ।