
ਜ਼ੀਰਕਪੁਰ ਵਿਚ ਸਿਹਤ ਵਿਭਾਗ ਨੇ ਸੱਤ ਨਮੂਨੇ ਲਏ
ਜ਼ੀਰਕਪੁਰ, 8 ਮਈ (ਰਵਿੰਦਰ ਵੈਸ਼ਨਵ) : ਢਕੋਲੀ ਖੇਤਰ ਵਿਚ 57 ਸਾਲਾ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਦੇ ਮਾਮਲੇ ਵਿੱਚ ਅੱਜ ਸਿਹਤ ਵਿਭਾਗ ਵਲੋਂ ਸੱਤ ਹੋਰ ਸੈਂਪਲ ਲਏ ਗਏ। ਇਸ ਬਾਰੇ ਢਕੋਲੀ ਕਮਿਉਨਿਟੀ ਹੈਲਥ ਸੈਂਟਰ ਦੀ ਐਸ.ਐਮ.ਓ. ਡਾ. ਪੌਮੀ ਚਤਰਥ ਨੇ ਦਸਿਆ ਕਿ ਅੱਜ ਮਰੀਜ਼ ਦੇ ਪਰਵਾਰਕ ਮੈਂਬਰ ਸਮੇਤ ਘਰ ਕੰਮ ਕਰਨ ਵਾਲੇ ਸੱਤ ਜਣਿਆਂ ਦੇ ਸੈਂਪਲ ਲਏ ਹਨ। ਉਨ੍ਹਾਂ ਕਿਹਾ ਕਿ ਇਹ ਹੈਲਪਰ ਮਰੀਜ਼ ਨੂੰ ਇੰਜੈਕਸ਼ਨ ਲਾਉਂਦਾ ਸੀ।
ਉਨ੍ਹਾਂ ਦਸਿਆ ਕਿ ਅੱਜ ਸਿਹਤ ਵਿਭਾਗ ਦੀ ਟੀਮ ਨੇ ਸੁਸਾਇਟੀ ਦੇ ਈ ਬਲਾਕ ਦੇ ਇਕੱਲੇ ਇਕੱਲੇ ਘਰ ਘਰ ਜਾ ਕੇ ਸਰਵੇ ਕੀਤਾ ਗਿਆ। ਇਸ ਦੌਰਾਨ ਤਕਰੀਬਨ ਪੰਜਾਹ ਦੇ ਕਰੀਬ ਫਲੈਟਾਂ ਵਿੱਚ ਜਾ ਕੇ ਸਿਹਤ ਵਿਭਾਗ ਦੀ ਟੀਮ ਨੇ ਲੋਕਾਂ ਦੀ ਜਾਂਚ ਕੀਤੀ। ਇਸ ਦੌਰਾਨ ਸਿਰਫ਼ ਤਿੰਨ ਲੋਕਾਂ ਨੂੰ ਹਲਕੀ ਖਾਂਸੀ ਤੇ ਜ਼ੁਕਾਮ ਦੇ ਲੱਛਣ ਪਾਏ ਗਏ ਪਰ ਕਿਸੇ ਨੂੰ ਵੀ ਕਰੋਨਾ ਦਾ ਕੋਈ ਵੀ ਲੱਛਣ ਸਾਹਮਣੇ ਨਹੀ ਆਇਆ।