ਬੀਤੀ ਦੇਰ ਰਾਤ ਕਪੂਰਥਲਾ ਦੇ ਪਿੰਡ ਲੱਖਣਕੇ ਪੱਡਾ ਵਿਖੇ ਮੇਨ ਚੌਕ ਵਿਚ ਇਕ ਪੁਲਿਸ ਮੁਲਾਜ਼ਮ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਪਹਿਲਵਾਨ
ਜਲੰਧਰ, 8 ਮਈ (ਲੱਕੀ, ਸ਼ਰਮਾ) : ਬੀਤੀ ਦੇਰ ਰਾਤ ਕਪੂਰਥਲਾ ਦੇ ਪਿੰਡ ਲੱਖਣਕੇ ਪੱਡਾ ਵਿਖੇ ਮੇਨ ਚੌਕ ਵਿਚ ਇਕ ਪੁਲਿਸ ਮੁਲਾਜ਼ਮ ਵਲੋਂ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਅਰਵਿੰਦਰਜੀਤ ਪਹਿਲਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਜਦਕਿ ਉਸ ਦੇ ਦੋਸਤ ਦੇ ਵੀ ਗੋਲੀ ਲੱਗੀ ਹੈ। ਕਬੱਡੀ ਖਿਡਾਰੀ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲਾ ਪੰਜਾਬ ਪੁਲਿਸ ਦੇ ਏ.ਐਸ.ਆਈ. ਨੂੰ ਬਰਖ਼ਾਸਤ ਕਰ ਦਿਤਾ ਗਿਆ ਹੈ। ਏ.ਐਸ.ਆਈ. ਪਰਮਜੀਤ ਸਿੰਘ ਢਿਲਵਾਂ ਥਾਣੇ ਵਿਚ ਤਾਇਨਾਤ ਸੀ।
ਜ਼ਖ਼ਮੀ ਹੋਏ ਪ੍ਰਦੀਪ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਲੱਖਣ ਕੇ ਪੱਡਾ ਥਾਣਾ ਸੁਭਾਨਪੁਰ ਜ਼ਿਲ੍ਹਾ ਕਪੂਰਥਲਾ ਨੇ ਪੁਲਿਸ ਨੂੰ ਦਸਿਆ ਕਿ ਬੀਤੀ ਸ਼ਾਮ ਕਰੀਬ ਸਾਢੇ ਨੌ ਵਜੇ ਤੋਂ ਬਾਅਦ ਉਹ ਅਤੇ ਉਸ ਦੇ ਸਾਥੀ ਕਬੱਡੀ ਖਿਡਾਰੀ ਅਰਵਿੰਦਰਜੀਤ ਸਿੰਘ ਪੁੱਤਰ ਬਲਬੀਰ ਸਿੰਘ, ਬਲਰਾਜ ਸਿੰਘ ਪੱਡਾ ਪੁੱਤਰ ਪਰਮਜੀਤ ਸਿੰਘ, ਗੁਰਜੀਤ ਸਿੰਘ ਪੁੱਤਰ ਦੀਦਾਰ ਸਿੰਘ, ਮੰਗਲ ਸਿੰਘ ਪੁੱਤਰ ਹਰਜਾਪ ਸਿੰਘ ਵਾਸੀ ਲੱਖਣ ਕੇ ਪੱਡਾ ਆਦਿ ਇਨਡੈਵਰ ਗੱਡੀ ਵਿਚ ਜਾ ਰਹੇ ਸਨ।
ਡਰਾਈਵਿੰਗ ਮਨਿੰਦਰ ਸਿੰਘ ਪੁੱਤਰ ਦਲਬੀਰ ਸਿੰਘ ਕਰ ਰਿਹਾ ਸੀ। ਜਦੋਂ ਗੱਡੀ ਵੱਡੇ ਅੱਡੇ ਲੱਖਣ ਕੇ ਪੱਡਾ ਪਿੰਡ ਵਲ ਨੂੰ ਮੁੜੀ ਤਾਂ ਥੋੜ੍ਹਾ ਅੱਗੇ ਸੜਕ ਕੰਢੇ ਗਰਾਊਂਡ ਨੇੜੇ ਇਕ ਸੂਰਮੇ ਰੰਗੀ ਕਾਰ ਖੜ੍ਹੀ ਸੀ ਜਿਸ ਦੇ ਪਿਛਲੇ ਸ਼ੀਸ਼ੇ ਅਤੇ ਕਪੜੇ ਦੇ ਪਰਦੇ ਲੱਗੇ ਹੋਏ ਸੀ। ਉਨ੍ਹਾਂ ਕਾਰ ਨੂੰ ਸ਼ੱਕੀ ਸਮਝਦੇ ਹੋਏ ਅਪਣੀ ਗੱਡੀ ਖੜ੍ਹੀ ਕੀਤੀ ਤਾਂ ਉਨ੍ਹਾਂ ਕਾਰ ਪਿੰਡ ਵਲ ਨੂੰ ਭਜਾ ਲਈ। ਪਿੱਛਾ ਕੀਤਾ ਤਾਂ ਉਨ੍ਹਾਂ ਪਿੰਡ ਦੀ ਫਿਰਨੀ ਦੇ ਨੇੜੇ ਗੱਡੀ ਰੋਕ ਲਈ।
ਇਸ ਤੋਂ ਬਾਅਦ ਉਹ ਤੇ ਅਰਵਿੰਦਰ ਜੀਤ ਸਿੰਘ ਨੇ ਗੱਡੀ ਤੋਂ ਹੇਠਾਂ ਉੱਤਰ ਕੇ ਕਾਰ ਚੈੱਕ ਕਰਨੀ ਚਾਹੀ ਤਾਂ ਕਾਰ ’ਚੋਂ ਪਰਮਜੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਬਾਮੂਵਾਲ ਜੋ ਪੁਲਿਸ ਮੁਲਾਜ਼ਮ ਨਿਕਲਿਆ, ਦੇ ਹੱਥ ਵਿਚ ਰਿਵਾਲਵਰ ਸੀ। ਉਕਤ ਪੁਲਿਸ ਮੁਲਾਜ਼ਮ ਨੇ ਬਿਨਾਂ ਕੋਈ ਗੱਲ ਕੀਤਿਆਂ ਅਰਵਿੰਦਰਜੀਤ ਸਿੰਘ ਤੇ ਉਸ ਉੱਪਰ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ। ਉਕਤ ਮੁਲਾਜ਼ਮ ਵਲੋਂ ਚਲਾਈਆਂ ਗੋਲੀਆਂ ਅਰਵਿੰਦਰਜੀਤ ਸਿੰਘ ਦੀ ਛਾਤੀ ਵਿਚ ਅਤੇ ਉਸ ਦੇ ਮੋਢੇ ਤੇ ਵੱਖੀ ਵਿਚ ਲੱਗੀਆਂ।
ਗੱਡੀ ਦੇ ਓਹਲੇ ਹੋ ਕੇ ਉਨ੍ਹਾਂ ਅਪਣੀ ਜਾਨ ਬਚਾਈ। ਇਸ ਉਪਰੰਤ ਉਹ ਅਰਵਿੰਦਰ ਨੂੰ ਸੁਭਾਨਪੁਰ ਦੇ ਹਸਪਤਾਲ ਵਿਚ ਲੈ ਗਏ ਪਰ ਉੱਥੇ ਉਸ ਨੂੰ ਦਾਖ਼ਲ ਨਹੀਂ ਕੀਤਾ ਗਿਆ। ਇਸ ਤੋਂ ਬਾਅਦ ਜਲੰਧਰ ਦੇ ਇਕ ਨਿਜੀ ਹਸਪਤਾਲ ਪਹੁੰਚੇ ਤਾਂ ਉੱਥੇ ਅਰਵਿੰਦਰਜੀਤ ਨੂੰ ਮ੍ਰਿਤਕ ਕਰਾਰ ਦੇ ਦਿਤਾ ਗਿਆ। ਥਾਣਾ ਸੁਭਾਨਪੁਰ ਪੁਲਿਸ ਵਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। ਦੂਸਰੇ ਪਾਸੇ ਉਕਤ ਪੁਲਿਸ ਮੁਲਾਜ਼ਮ ਫ਼ਰਾਰ ਦਸਿਆ ਜਾ ਰਿਹਾ ਹੈ।