ਖਾਲੜਾ ਮਿਸ਼ਨ ਤੇ ਮਨੁੱਖੀ ਅਧਿਕਾਰ ਜਥੇਬੰਦੀਆਂ ਵਲੋਂ ਸੁਮੇਧ ਸੈਣੀ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ
ਅੰਮ੍ਰਿਤਸਰ, 9 ਮਈ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਅੰਦਰ ਮਨੁੱਖੀ ਅਧਿਕਾਰਾਂ ਲਈ ਲੜ ਰਹੀਆਂ ਜਥੇਬੰਦੀਆਂ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਪੰਜਾਬ ਮਨੁੱਖੀ ਅਧਿਕਾਰ ਸੰਗਠਨ, ਮਨੁੱਖੀ ਅਧਿਕਾਰ ਇਨਸਾਫ਼ ਸੰਘਰਸ਼ ਕਮੇਟੀ ਕਿਰਪਾਲ ਸਿੰਘ ਰੰਧਾਵਾ, ਵਿਰਸਾ ਸਿੰਘ ਬਹਿਲਾ, ਬਾਬਾ ਦਰਸ਼ਨ ਸਿੰਘ ਪ੍ਰਧਾਨ ਨੇ ਕਿਹਾ ਹੈ ਕਿ 29 ਸਾਲ ਬਾਅਦ ਸ. ਬਲਵੰਤ ਸਿੰਘ ਮੁਲਤਾਨੀ ਨੂੰ ਅਗ਼ਵਾ ਕਰ ਕੇ ਕਤਲ ਦੇ ਮਾਮਲੇ ਵਿਚ ਸਮੇਧ ਸੈਣੀ ਸਾਬਕਾ ਡੀ.ਜੀ.ਪੀ ਪੰਜਾਬ ਸਮੇਤ 8 ਵਿਰੁਧ ਐਫ਼.ਆਈ.ਆਰ ਦਰਜ ਹੋਈ ਹੈ।
ਬਾਦਲਾਂ ਨਾਲ ਸਬੰਧਤ ਵਕੀਲਾਂ ਵਲੋਂ ਸੁਮੇਧ ਸੈਣੀ ਦੀ ਜ਼ਮਾਨਤ ਲਈ ਪੇਸ਼ ਹੋਣ ਦੀ ਸਖ਼ਤ ਆਲੋਚਨਾ
ਝੂਠੇ ਮੁਕਾਬਲਿਆਂ ਦਾ ਮਹਾਂਦੋਸ਼ੀ ਅਪਣੀ ਦੇਸ਼ਭਗਤੀ ਦੀ ਦੁਹਾਈ ਪਾਉਂਦਿਆਂ ਕਹਿ ਰਿਹੈ ਕਿ ਇਹ ਰਾਜਨੀਤਕ ਬਦਲਾਖੋਰੀ ਹੈ। ਅਕਾਲੀ ਦਲ ਨਾਲ ਸਬੰਧਤ ਅਹੁਦੇਦਾਰ ਵਕੀਲਾਂ ਵਲੋਂ ਸਿੱਖ ਨੌਜਵਾਨਾਂ ਦੇ ਕਤਲ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਵਕਾਲਤ ਲਈ ਅਦਾਲਤ 'ਚ ਪਹੁੰਚ ਕਰਨ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਸ ਕਾਰਵਾਈ ਨੇ ਸਿੱਖ ਹਿਰਦਿਆਂ ਨੂੰ ਠੇਸ ਪਹੁੰਚਾਈ ਹੈ।
ਖਾਲੜਾ ਮਿਸ਼ਨ ਨੇ ਦੋਸ਼ ਲਾਇਆ ਕਿ 1991 ਵਿਚ ਪ੍ਰਸ਼ਾਸਨਕ ਅਧਿਕਾਰੀ ਦਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਇੰਜ. ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦੇ ਮਾਮਲੇ ਵਿਚ ਨਾਮਜ਼ਦ ਸਾਬਕਾ ਡੀ.ਜੀ.ਪੀ ਸੁਮੇਧ ਸੈਣੀ ਦੀ ਜ਼ਮਾਨਤ ਲਈ ਅਦਾਲਤ ਵਿਚ ਅਰਜ਼ੀ ਦਾਇਰ ਅਕਾਲੀ ਦਲ ਨਾਲ ਸਬੰਧਤ ਐਡਵੋਕੇਟ ਸਤਨਾਮ ਸਿੰਘ ਕਲੇਰ ਅਤੇ ਲੀਗਲ ਐਡਵਾਈਜ਼ਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੇ ਕੀਤੀ। ਉਨਾਂ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਵੀ ਸੈਣੀ ਤੋਂ ਜਵਾਬਤਲਬੀ ਦੀ ਮੰਗ ਕੀਤੀ ਹੈ। ਖਾੜਕੂਵਾਦ ਦੌਰਾਨ ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ। ਕਾਨੂੰਨ ਛਿੱਕੇ 'ਤੇ ਟੰਗੇ ਗਏ। ਝੂਠੇ ਪੁਲੀਸ ਮੁਕਾਬਲਿਆਂ ਦੀ ਪੀੜ ਅੱਜ ਵੀ ਸਿੱਖ ਹਿਰਦਿਆਂ 'ਚੋਂ ਖ਼ਤਮ ਨਹੀਂ ਹੋਈ। ਉਨ੍ਹਾਂ ਸੱਚ ਸਾਹਮਣੇ ਲਿਆਉਣ ਲਈ ਅਸ਼ਾਂਤ ਹਾਲਾਤਾਂ ਦੌਰਾਨ ਝੂਠੇ ਪੁਲਿਸ ਮੁਕਾਬਲਿਆਂ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ।
ਮੁੱਖ-ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਨੂੰਨ ਅਪਣਾ ਕੰਮ ਕਰੇਗਾ। ਦਿੱਲੀ, ਨਾਗਪੁਰ ਤੇ ਪੰਜਾਬ ਵਿਚਲੇ ਏਜੰਟਾਂ ਦੀ ਸਾਂਝੀ ਯੋਜਨਾਬੰਦੀ ਕਾਰਨ ਪੰਜ ਦਰਿਆਵਾਂ ਦੀ ਮੁਕੱਦਸ ਧਰਤੀ ਦਾ ਚੱਪਾ-ਚੱਪਾ ਝੂਠੇ ਮੁਕਾਬਲਿਆਂ ਨਾਲ ਰੰਗਿਆ ਗਿਆ। ਭਾਈ ਜਸਵੰਤ ਸਿੰਘ ਖਾਲੜਾ ਨੇ 25 ਹਜ਼ਾਰ ਸਿੱਖ ਨੌਜਵਾਨਾਂ, ਬੀਬੀਆਂ, ਬੱਚਿਆਂ, ਬਜ਼ੁਰਗਾਂ ਦੇ ਝੂਠੇ ਮੁਕਾਬਲਿਆਂ ਨੂੰ ਸਾਰੀ ਦੁਨੀਆਂ ਸਾਹਮਣੇ ਰਖਦਿਆਂ ਗ਼ੈਰ ਕਾਨੂੰਨੀ ਤੇ ਜੰਗਲ ਰਾਜ ਪੂਰੀ ਤਰ੍ਹਾਂ ਬੇਨਕਾਬ ਕਰ ਦਿਤਾ। ਜਥੇਬੰਦੀਆਂ ਅਨੁਸਾਰ ਕੇ.ਪੀ.ਐਸ ਗਿੱਲ ਦੀ ਬੇਰਹਿਮ ਟੀਮ ਨੇ ਭਾਈ ਖਾਲੜਾ ਨੂੰ ਸ਼ਹੀਦ ਕਰਵਾ ਦਿਤਾ ਪਰ ਹਾਕਮਾਂ ਦੀ ਨੀਂਦ ਹਰਾਮ ਹੋ ਗਈ। ਜੇਕਰ ਸੱਚਮੁਚ ਦੇਸ਼ ਵਿਚ ਕਾਨੂੰਨ ਦਾ ਰਾਜ ਹੁੰਦਾ ਤਾਂ ਪੰਜਾਬ ਵਿਚ ਇਕ ਵੀ ਝੂਠਾ ਮੁਕਾਬਲਾ ਤੇ ਸੁਮੇਧ ਸੈਣੀ ਪੰਜਾਬ ਦਾ ਡੀ.ਜੀ.ਪੀ ਨਾ ਬਣਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਥਾਂ-ਥਾਂ ਬੇਅਦਬੀ ਕਰਨ ਵਾਲੇ ਬਚ ਕੇ ਨਾ ਨਿਕਲਦੇ। ਜੇਕਰ ਕਾਨੂੰਨ ਦਾ ਰਾਜ ਹੁੰਦਾ ਤਾਂ ਝੂਠੇ ਮੁਕਾਬਲਿਆਂ ਦੇ ਸਾਰੇ ਦੋਸ਼ੀਆਂ ਵਿਰੁਧ ਕਾਰਵਾਈ ਹੁੰਦੀ।
ਜਥੇਬੰਦੀਆਂ ਕਿਹਾ ਕਿ ਜੇਕਰ ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਕਾਨੂੰਨੀ ਰਾਜ ਦੀਆਂ ਹਾਮੀ ਹੁੰਦੀਆਂ ਤਾਂ ਕੇ.ਪੀ.ਐਸ ਗਿੱਲ ਵਰਗਿਆਂ ਨੂੰ ਵਿਧਾਨ ਸਭਾ ਵਿਚ ਸ਼ਰਧਾਂਜਲੀਆਂ ਭੇਟ ਨਾ ਹੁੰਦੀਆਂ। ਜੇਕਰ ਕੈਪਟਨ ਸਰਕਾਰ ਨੇ ਦੋਸ਼ੀਆਂ ਵਿਰੁਧ ਐਫ਼.ਆਈ.ਆਰ ਦਰਜ ਕਰਨ ਦੀ ਹਿੰਮਤ ਵਿਖਾਈ ਹੈ ਤਾਂ ਪੰਜਾਬ ਦੇ ਲੋਕ ਇੰਤਜ਼ਾਰ ਕਰਨਗੇ ਕਿ ਇਸ ਉਪਰ ਅਮਲ ਹੁੰਦਾ ਹੈ। ਭਾਈ ਬਲਵਿੰਦਰ ਸਿੰਘ ਜਟਾਣਾ ਦੇ ਪਰਵਾਰ ਨੂੰ ਖ਼ਤਮ ਕਰਨ ਦੇ ਦੋਸ਼ਾਂ ਹੇਠ ਨਹੀਂ, ਸਗੋਂ ਜਿੰਨੇ ਵੀ ਝੂਠੇ ਮੁਕਾਬਲੇ ਮਹਾਂਦੋਸ਼ੀ ਨੇ ਬਣਾਏ ਹਨ, ਸਾਰਿਆਂ ਦੀ ਪੜਤਾਲ ਕਾਰਵਾਈ ਜਾਵੇ।