
ਕੋਰੋਨਾ ਨਾਲ ਲੜਾਈ ’ਚ ਮੋਰਚੇ ’ਤੇ ਡਟੀ ਹਵਾਈ ਫ਼ੌਜ, ਰਾਹਤ ਕਾਰਜਾਂ ’ਚ ਜੁਟੇ ਆਈ.ਏ.ਐਫ਼-42 ਏਅਰਕ੍ਰਾਫ਼ਟ
ਨਵੀਂ ਦਿੱਲੀ, 8 ਮਈ : ਏਅਰ ਵਾਈਸ ਮਾਰਸ਼ਲ ਐਮ ਰਾਣਾਡੇ ਨੇ ਸਨਿਚਰਵਾਰ ਨੂੰ ਜਾਣਕਾਰੀ ਦਿਤੀ ਕਿ ਕੋਵਿਡ-19 ਰਾਹਤ ਕਾਰਜਾਂ ਲਈ ਨੇ ਆਈਏਐਫ਼ 42 ਟਰਾਂਸਪੋਰਟ ਏਅਰਕ੍ਰਾਫ਼ਟ ਤਾਇਨਾਤ ਕੀਤੇ ਹਨ ਜਿਨ੍ਹਾਂ ’ਚ 12 ਹੈਵੀ ਲਿਫਟ, 30 ਮੀਡੀਅਮ ਲਿਫਟ ਵਾਲੇ ਹਨ। ਉਨ੍ਹਾਂ ਦਸਿਆ, ‘ਇਸ ਦਾ ਇਸੇਤਮਾਲ ਰਾਹਤ ਸਮੱਗਰੀਆਂ ਤੇ ਹੋਰ ਸਰੋਤਾਂ ਨੂੰ ਦੂਜੇ ਦੇਸ਼ਾਂ ਤੋਂ ਲਿਆਉਣ ਲਈ ਕੀਤਾ ਜਾਵੇਗਾ। ਹੁਣ ਤਕ ਅਸੀਂ ਆਕਸੀਜਨ ਦੇ 75 ਕੰਟੇਨਰ ਦਾ ਟਰਾਂਸਪੋਰਟ ਕੀਤਾ ਹੈ ਤੇ ਇਹ ਪ੍ਰਕਿਰਿਆ ਜਾਰੀ ਹੈ।’
ਉਨ੍ਹਾਂ ਦਸਿਆ, ‘ਸਾਡੇ ਕਰੂ ਬਿਨਾਂ ਕਿਸੇ ਰੁਕਾਵਟ ਅਪਣਾ ਕੰਮ ਜਾਰੀ ਰੱਖਣ, ਇਸ ਲਈ ਅਸੀਂ ਬਾਓ ਬਬਲਜ਼ ਦਾ ਇਸਤੇਮਾਲ ਕਰ ਰਹੇ ਹਾਂ ਤਾਂ ਜੋ ਬਾਹਰੀ ਕੋਈ ਵੀ ਐਕਸਪੋਜਰ ਨੁਕਸਾਨ ਨਾ ਪਹੁੰਚਾਵੇ। ਏਅਰ ਵਾਈਸ ਮਾਰਸ਼ਲ ਮਕਰੰਦ ਰਾਣਾਡੇ ਨੇ ਦਸਿਆ, ਹੁਣ ਤਕ ਜੋ ਵੀ ਕੰਮ ਹਵਾਈ ਫ਼ੌਜ ਨੂੰ ਸੌਂਪਿਆ ਗਿਆ ਹੈ ਉਸ ਨੂੰ ਕਾਫੀ ਜ਼ਿੰਮੇਦਾਰੀ ਨਾਲ ਪੂਰਾ ਕੀਤਾ ਗਿਆ ਹੈ।’ ਆਕਸੀਜਨ ਦੀ ਘਾਟ ਨੂੰ ਖ਼ਤਮ ਕਰਨ ਲਈ ਹਵਾਈ ਫੌਜ ਦੇ ਜਹਾਜ਼ ਕਈ ਘੰਟੇ ਉਡਾਨਾਂ ਭਰ ਰਹੇ ਹਨ। ਦੇਸ਼ ’ਚ ਖ਼ਾਲੀ ਕੰਟੇਨਰਾਂ ਨੂੰ ਡਿਪੂ ਤਕ ਪਹੁੰਚਾਉਣਾ ਹੋਵੇ ਜਾਂ ਵਿਦੇਸ਼ਾਂ ਤੋਂ ਕ੍ਰਾਇਓਜੈਨਿਕ ਟੈਂਕਰਾਂ ਨੂੰ ਭਾਰਤ ਲਿਆਉਣਾ ਹੋਵੇ, ਹਵਾਈ ਫ਼ੌਜ ਦੇ ਜਵਾਨ ਇਸ ਲਈ ਜੱਦੋਜਹਿਦ ਕਰ ਰਹੇ ਹਨ। ਉੱਥੇ ਹੀ ਨੇਵੀ ਵੀ ਸਪਲਾਈ ਨੂੰ ਮਜਬੂਤ ਬਣਾਉਣ ਲਈ ਸਮੁੰਦਰ ’ਚ ਮੀਲਾਂ ਦਾ ਸਫਰ ਤੈਅ ਕਰ ਰਹੀ ਹੈ। ਫ਼ੌਜ ਦੇ ਹਸਪਤਾਲਾਂ ਨੂੰ ਆਮ ਲੋਕਾਂ ਲਈ ਖੋਲ ਦਿਤਾ ਗਿਆ ਹੈ। ਮਹਾਂਮਾਰੀ ਦੀ ਦੂਜੀ ਲਹਿਰ ਨਾਲ ਸੰਘਰਸ਼ ਕਰ ਰਹੇ ਸਾਡੇ ਦੇਸ਼ ਨਾਲ ਮੋਰਚੇ ’ਤੇ ਫ਼ੌਜਾਂ ਵੀ ਜੁਟੀਆਂ ਹਨ। ਰਖਿਆ ਮੰਤਰੀ ਨੇ ਅਪਣੇ ਬਲਾਗ ’ਚ ਭਾਰਤੀ ਫ਼ੌਜ, ਨੇਵੀ ਤੇ ਏਅਰਫੋਰਸ ਦੀ ਸ਼ਲਾਘਾ ਕਰਦਿਆਂ ਦਸਿਆ ਕਿ ਕਿਵੇਂ ਮਹਾਂਮਾਰੀ ਵਿਰੁਧ ਲੜਾਈ ’ਚ ਤਿੰਨੋਂ ਫ਼ੌਜਾਂ ਅਪਣਾ ਯੋਗਦਾਨ ਦੇ ਰਹੀਆਂ ਹਨ। (ਏਜੰਸੀ)