
ਹੁਣ ਹਸਪਤਾਲਾਂ ’ਚ ਦਾਖ਼ਲ ਹੋਣ ਲਈ ਕੋਰੋਨਾ ਰੀਪੋਰਟ ਜ਼ਰੂਰੀ ਨਹੀਂ
ਲੁਧਿਆਣਾ, 8 ਮਈ (ਪ੍ਰਮੋਦ ਕੌਸ਼ਲ): ਰਾਜਾਂ ਅਤੇ ਕੇਂਦਰ ਸ਼ਾਸ਼ਤ ਪ੍ਰਦੇਸ਼ਾਂ ਲਈ ਇਕ ਅਹਿਮ ਨਿਰਦੇਸ਼ ’ਚ ਕੇਂਦਰੀ ਸਿਹਤ ਮੰਤਰਾਲੇ ਨੇ ਸਨਿਚਰਵਾਰ ਨੂੰ ਕਿਹਾ ਕਿ ਸਿਹਤ ਕੇਂਦਰਾਂ ’ਚ ਦਾਖ਼ਲੇ ਲਈ ਮਰੀਜ਼ ਕੋਲ ਕੋਵਿਡ 19 ਨਾਲ ਪੀੜਤ ਹੋਣ ਦੀ ਰੀਪੋਰਟ ਜ਼ਰੂਰੀ ਨਹੀਂ ਹੈ। ਕੋਵਿਡ ਮਰੀਜ਼ਾਂ ਦੇ ਇਲਾਜ ਵਿਚ ਲੱਗੇ ਨੀਤੀ ਅਤੇ ਸਰਕਾਰੀ ਸਿਹਤ ਕੇਂਦਰਾਂ ’ਚ ਦਾਖ਼ਲੇ ਲਈ ਸੋਧੀ ਰਾਸ਼ਟਰੀ ਨੀਤੀ ’ਚ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਕਿਸੇ ਵੀ ਮਰੀਜ਼ ਨੂੰ ਆਕਸੀਜਨ ਜਾਂ ਜ਼ਰੂਰੀ ਦਵਾਈਆਂ ਆਦਿ ਸਮੇਤ ਕਿਸੇ ਵੀ ਹਾਲਤ ’ਚ ਸੇਵਾ ਦੇਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਭਾਵੇਂ ਉਹ ਕਿਸੇ ਹੋਰ ਸ਼ਹਿਰ ਤੋਂ ਹੀ ਕਿਉਂ ਨਾਲ ਹੋਵੇ।’’
ਮੰਤਰਾਲੇ ਨੇ ਕਿਹਾ, ‘‘ਰਾਜਾਂ ਨੂੰ ਇਕ ਜ਼ਰੂਰੀ ਦਿਸ਼ਾ ਨਿਰਦੇਸ਼ ’ਚ ਕੇਂਦਰੀ ਸਿਹਤ ਅਤੇ ਪ੍ਰਵਾਰ ਭਲਾਈ ਮੰਤਰਾਲੇ ਨੇ ਵੱਖ ਵੱਖ ਸ਼ੇਣੀਆਂ ਦੇ ਕੋਵਿਡ ਦੇਖਭਾਲ ਕੇਂਦਰਾਂ ’ਚ ਕੋਵਿਡ ਮਰੀਜ਼ਾਂ ਦੇ ਦਾਖ਼ਲੇ ਦੀ ਰਾਸ਼ਟਰੀ ਨੀਤੀ ’ਚ ਸੋਧ ਕੀਤਾ ਹੈ।’’ ਮੰਤਰਾਲਾ ਮੁਤਾਬਕ, ‘‘ਇਨ੍ਹਾਂ ਉਪਾਵਾਂ ਦਾ ਉਦੇਸ਼ ਕੋਵਿਡ 19 ਨਾਲ ਪੀੜਤ ਮਰੀਜ਼ਾਂ ਨੂੰ ਤੁਰਤ, ਪ੍ਰਭਾਵੀ ਅਤੇ ਪੂਰਾ ਇਲਾਜ ਉਪਲਬੱਧ ਕਰਾਉਣ ਹੈ।’’ ਇਸ ਨੀਤੀ ਦੇ ਤਹਿਤ ਮਰੀਜ਼ਾਂ ਨੂੰ ਸ਼ੱਕੀ ਮਰੀਜ਼ਾਂ ਦੇ ਵਾਰਡ ’ਚ ਦਾਖ਼ਲਾ ਮਿਲ ਸਕੇਗਾ। ਇਨ੍ਹਾਂ ’ਚ ਕੋਵਿਡ ਕੇਅਰ ਸੈਂਟਰ, ਪੂਰਨ ਸਮਰਪਿਤ ਕੋਵਿਡ ਸੈਂਟਰ ਤੇ ਕੋਵਿਡ ਹਸਪਤਾਲ ਸ਼ਾਮਲ ਹਨ। ਨਾਲ ਹੀ ਨਵੀਆਂ ਨੀਤੀਆਂ ’ਚ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਮਰੀਜ਼ਾਂ ਨੂੰ ਇਸ ਆਧਾਰ ’ਤੇ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਉਹ ਕਿਹੜੇ ਸੂਬੇ ਤੋਂ ਹੈ। ਕਿਸੇ ਵੀ ਮਰੀਜ਼ ਨੂੰ ਕਿਤੇ ਵੀ ਦਾਖ਼ਲਾ ਮਿਲ ਸਕੇਗਾ।
ਕੋਵਿਡ ਸਿਹਤ ਸੁਵਿਧਾ ਦਾ ਲਾਭ ਲੈਣ ਲਈ ਹੁਣ ਕੋਵਿਡ ਟੈਸਟ ਦੀ ਜ਼ਰੂਰਤ ਨਹੀਂ ਪਵੇਗੀ। ਸਿਹਤ ਮੰਤਰਾਲੇ ਨੇ ਕੋਈ ਪਛਾਣ ਪੱਤਰ ਨਾ ਰੱਖਣ ਵਾਲੇ ਲੋਕਾਂ ਦੇ ਵੀ ਟੀਕਾਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਸ ਅਨੁਸਾਰ ਅਜਿਹੇ ਲੋਕਾਂ ਦੀ ਕੋਵਿਨ ਐਪ ਤਹਿਤ ਰਜਿਸਟ੍ਰੇਸ਼ਨ ਕਰਵਾਈ ਜਾਵੇਗੀ। ਇਨ੍ਹਾਂ ਲੋਕਾਂ ਦੀ ਪਛਾਣ ਕਰਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੋਵੇਗੀ। ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ’ਚ ਕਿਹਾ ਕਿ ਹੋਮ ਆਈਸੋਲੇਸ਼ਨ ’ਚ 10 ਦਿਨਾਂ ਤਕ ਰਹਿਣ ਤੇ ਲਗਾਤਾਰ ਤਿੰਨ ਦਿਨਾਂ ਤਕ ਬੁਖ਼ਾਰ ਨਾ ਆਉਣ ਦੀ ਸੂਰਤ ’ਚ ਮਰੀਜ਼ ਹੋਮ ਆਈਸੋਲੇਸ਼ਨ ਤੋਂ ਬਾਹਰ ਆ ਸਕਦੇ ਹਨ। ਅਜਿਹੇ ਸਮੇਂ ਟੈਸਟਿੰਗ ਦੀ ਜ਼ਰੂਰਤ ਨਹੀਂ ਹੈ।
ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਅਧਿਕਾਰੀ ਵਲੋਂ ਮਰੀਜ਼ ਦੀ ਸਥਿਤੀ ਨੂੰ ਹਲਕੇ ਜਾਂ ਬਿਨਾਂ ਲੱਛਣ ਵਾਲਾ ਕੇਸ ਤੈਅ ਕੀਤਾ ਜਾਣਾ ਚਾਹੀਦਾ ਹੈ। ਅਜਿਹੇ ਮਾਮਲੇ ’ਚ ਮਰੀਜ਼ ਦੇ ਸੈਲਫ਼ ਆਈਸੋਲੇਸ਼ਨ ਦੀ ਘਰ ’ਚ ਵਿਵਸਥਾ ਹੋਣੀ ਚਾਹੀਦੀ ਹੈ। ਮਰੀਜ਼ ਜਿਸ ਕਮਰੇ ’ਚ ਰਹਿੰਦਾ ਹੈ ਉਸ ਦਾ ਆਕਸੀਜਨ ਸੈਚੁਰੇਸ਼ਨ ਵੀ 94 ਫ਼ੀ ਸਦੀ ਤੋਂ ਜ਼ਿਆਦਾ ਹੋਣਾ ਚਾਹੀਦਾ ਹੈ ਤੇ ਉਸ ’ਚ ਵੈਂਟੀਲੇਸ਼ਨ ਦੀ ਵੀ ਵਿਵਸਥਾ ਵਧੀਆ ਹੋਣੀ ਚਾਹੀਦੀ ਹੈ।