ਤਹਿਰਾਨ ’ਚ ਬਚਿਆ ਸਿਰਫ਼ ਦੋ ਹਫ਼ਤੇ ਦਾ ਸਪਲਾਈ ਯੋਗ ਪਾਣੀ
ਸ਼ਾਹ : ਮੌਜੂਦਾ ਸਮੇਂ ਪੂਰੀ ਦੁਨੀਆ ਦੇ ਦੇਸ਼ਾਂ ਵਿਚ ਹਥਿਆਰਾਂ ਦੀ ਹੋੜ ਲੱਗੀ ਹੋਈ ਐ, ਕੁਦਰਤੀ ਸਰੋਤਾਂ ਨੂੰ ਬਚਾਉਣ ਵੱਲ ਕਿਸੇ ਦੇਸ਼ ਦਾ ਧਿਆਨ ਨਹੀਂ,, ਜਦਕਿ ਪੂਰਾ ਵਿਸ਼ਵ ਗੰਭੀਰ ਸਥਿਤੀ ਵੱਲ ਵਧਦਾ ਦਿਖਾਈ ਦੇ ਰਿਹਾ ਏ। ਇਰਾਨ ਦੀ ਰਾਜਧਾਨੀ ਤਹਿਰਾਨ ਇਸ ਸਮੇਂ ਭਿਆਨਕ ਜਲ ਸੰਕਟ ਨਾਲ ਜੂਝ ਰਹੀ ਐ। ਹਾਲਾਤ ਇਹ ਹੋ ਚੁੱਕੇ ਨੇ ਕਿ ਖੇਤਰੀ ਜਲ ਬੋਰਡ ਵੱਲੋਂ ਮਹਿਜ਼ ਦੋ ਹਫ਼ਤਿਆਂ ਦੇ ਸਪਲਾਈ ਲਾਇਕ ਪਾਣੀ ਬਚਣ ਦੀ ਚਿਤਾਵਨੀ ਦਿੱਤੀ ਗਈ ਐ।

ਇਰਾਨ ਦੀ ਰਾਜਧਾਨੀ ਤਹਿਰਾਨ ’ਤੇ ਪਾਣੀ ਦਾ ਸੰਕਟ ਮੰਡਰਾਉਂਦਾ ਦਿਖਾਈ ਦੇ ਰਿਹਾ ਏ ਕਿਉਂਕਿ ਘੱਟ ਬਾਰਿਸ਼ ਅਤੇ ਡੈਮਾਂ ਵਿਚ ਪਾਣੀ ਦੇ ਘੱਟ ਪ੍ਰਵਾਹ ਦੇ ਕਾਰਨ ਪਾਣੀ ਦੇ ਮੁੱਖ ਸਰੋਤਾਂ ਵਿਚ ਮਹਿਜ਼ ਦੋ ਹਫ਼ਤਿਆਂ ਤੋਂ ਵੀ ਘੱਟ ਸਮੇਂ ਤੱਕ ਸਪਲਾਈ ਦੇ ਲਾਇਕ ਪਾਣੀ ਬਚਿਆ ਏ। ਤਹਿਰਾਨ ਦੇ ਖੇਤੀ ਜਲ ਕੰਪਨੀ ਦੇ ਡਾਇਰੈਕਟਰ ਬੇਹਜ਼ਾਦ ਪਾਰਸਾ ਦਾ ਕਹਿਣਾ ਏ ਕਿ ਪਿਛਲੇ ਜਲ ਵਰ੍ਹੇ ਦੀ ਤੁਲਨਾ ਵਿਚ ਤਹਿਰਾਨ ਦੇ ਡੈਮਾਂ ਵਿਚ ਪਾਣੀ ਦਾ ਵਹਾਅ 43 ਫ਼ੀਸਦੀ ਘੱਟ ਹੋ ਗਿਆ ਹੈ। ਇਰਾਨੀ ਰਾਸ਼ਟਰਪਤੀ ਮਸੂਦ ਪੇਜੇਸ਼ਕੀਅਨ ਨੇ ਆਖਿਅ ਕਿ ਸਰਕਾਰ ਉਦਯੋਗਾਂ ਨੂੰ ਪਾਣੀ, ਬਿਜਲੀ ਜਾਂ ਗੈਸ ਦੀ ਸਪਲਾਈ ਵਿਚ ਕਟੌਤੀ ਕਰਨ ਦੀ ਕੋਈ ਯੋਜਨਾ ਨਹੀਂ ਬਣਾ ਰਹੀ। ਕਈ ਥਾਵਾਂ ’ਤੇ ਪਾਣੀ ਨੂੰ ਲੈ ਕੇ ਹੋਏ ਰਾਜਨੀਤਕ ਵਿਵਾਦਾਂ ਨੇ ਜਨਤਾ ਵਿਚਕਾਰ ਚਿੰਤਾ ਵਧਾ ਦਿੱਤੀ ਐ,, ਕੁੱਝ ਥਾਵਾਂ ’ਤੇ ਪਾਣੀ ਨੂੰ ਲੈ ਕੇ ਪ੍ਰਦਰਸ਼ਨ ਵੀ ਸ਼ੁਰੂ ਹੋ ਚੁੱਕੇ ਨੇ।

ਇਰਾਨ ਵਿਚ ਵੱਡੇ ਪੱਧਰ ’ਤੇ ਸੋਕਾ ਪੈ ਚੁੱਕਿਆ ਏ, ਜਿਸ ਕਾਰਨ ਲੱਖਾਂ ਲੋਕਾਂ ’ਤੇ ਖ਼ਤਰਾ ਮੰਡਰਾ ਰਿਹਾ ਏ। ਇਰਾਨ ਮੌਜੂਦਾ ਸਮੇਂ ਇਤਿਹਾਸ ਦੇ ਸਭ ਤੋਂ ਗੰਭੀਰ ਜਲ ਸੰਕਟਾਂ ਵਿਚੋਂ ਇਕ ਦਾ ਸਾਹਮਣਾ ਕਰ ਰਿਹਾ ਏ। ਅਧਿਕਾਰੀਆਂ ਦਾ ਕਹਿਣਾ ਏ ਕਿ ਪਿਛਲੇ ਕਈ ਦਹਾਕਿਆਂ ਵਿਚ ਇਰਾਨ ਦੀ ਇਹ ਸਰਦ ਰੁੱਤ ਸਭ ਤੋਂ ਵੱਧ ਖ਼ੁਸ਼ਕ ਐ। ਪਾਣੀ ਦੀ ਸਪਲਾਈ ਵਾਲੇ ਡੈਮਾਂ ਵਿਚ ਪਾਣੀ ਘਟਣ ਕਾਰਨ ਦੇਸ਼ ਦੇ ਸਭ ਤੋਂ ਉਪਜਾਊ ਖੇਤਰਾਂ ਵਿਚ ਖੇਤੀ ਪੈਦਾਵਾਰ ਡਗਮਗਾ ਰਹੀ ਐ, ਜਿਸ ਨਾਲ ਖ਼ੁਰਾਕ ਸੁਰੱਖਿਆ ਅਤੇ ਪੇਂਡੂ ਲੋਕਾਂ ਦੀ ਰੋਜ਼ੀ ਰੋਟੀ ਨੂੰ ਵੀ ਖ਼ਤਰਾ ਪੈਦਾ ਹੋ ਰਿਹਾ ਏ।

ਦੱਸ ਦਈਏ ਕਿ ਇਰਾਨ ਦੇ ਅਮੀਰ ਕਬੀਰ ਡੈਮ ਦਾ ਪਾਣੀ ਪੱਧਰ ਘਟ ਕੇ 14 ਮਿਲੀਅਨ ਕਿਊਬਕ ਮੀਟਰ ਰਹਿ ਗਿਆ ਏ ਜੋ ਪਿਛਲੇ ਕਈ ਸਾਲਾਂ ਵਿਚ ਆਪਣੇ ਸਭ ਤੋਂ ਹੇਠਲੇ ਪੱਧਰ ’ਤੇ ਹੈ। ਫਿਲਹਾਲ ਇਸ ਮੌਜੂਦਾ ਜਲ ਸੰਕਟ ਤੋਂ ਇਰਾਨ ਦੇ ਲੋਕ ਕਾਫ਼ੀ ਡਰੇ ਹੋਏ ਨੇ। ਜੇਕਰ ਪਾਣੀ ਨੂੰ ਲੈ ਕੇ ਸਥਿਤੀ ਵਿਚ ਕੋਈ ਸੁਧਾਰ ਨਾ ਆਇਆ ਤਾਂ ਲੱਖਾਂ ਲੋਕਾਂ ਨੂੰ ਤਹਿਰਾਨ ਛੱਡ ਕੇ ਦੂਜੀਆਂ ਥਾਵਾਂ ’ਤੇ ਜਾਣਾ ਪੈ ਸਕਦਾ ਏ।
