
ਵਿਸਫੋਟਕ ਦੇ ਦੋ 250 ਮਿਲੀਲੀਟਰ ਦੇ ਕੈਨ ‘ਹੇਲ’ ਨਾਂ ਦੇ ਕੋਲਡ ਡਰਿੰਕ ਦੇ ਕੈਨ ਵਿਚ ਪੈਕ ਕੀਤੇ ਗਏ ਸਨ।
ਅੰਮ੍ਰਿਤਸਰ : NIA ਦੀ ਇੱਕ ਟੀਮ ਹੁਣ ਅੰਮ੍ਰਿਤਸਰ, ਪੰਜਾਬ ਵਿਚ ਹਰਿਮੰਦਰ ਸਾਹਿਬ ਦੇ ਨੇੜੇ 'ਹੈਰੀਟੇਜ ਸਟਰੀਟ' 'ਤੇ ਸਾਰਾਗੜ੍ਹੀ ਬਹੁ-ਮੰਜ਼ਿਲਾ ਪਾਰਕਿੰਗ ਲਾਟ ਨੇੜੇ ਦੋਹਰੇ ਧਮਾਕਿਆਂ ਦੀ ਜਾਂਚ ਕਰ ਰਹੀ ਹੈ। ਟੀਮ ਨੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗਾਂ ਕਰਨ ਤੋਂ ਇਲਾਵਾ ਫੋਰੈਂਸਿਕ ਜਾਂਚ ਟੀਮਾਂ ਤੋਂ ਵੇਰਵੇ ਲਏ ਹਨ।
ਇਸੇ ਦੌਰਾਨ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਖੁਲਾਸਾ ਹੋਇਆ ਹੈ ਕਿ ‘ਹੈਰੀਟੇਜ ਸਟਰੀਟ’ ’ਤੇ ਹੋਏ ਦੋ ਧਮਾਕਿਆਂ ਵਿਚ ਵਰਤੇ ਗਏ ਵਿਸਫੋਟਕ ਦੇ ਦੋ 250 ਮਿਲੀਲੀਟਰ ਦੇ ਕੈਨ ‘ਹੇਲ’ ਨਾਂ ਦੇ ਕੋਲਡ ਡਰਿੰਕ ਦੇ ਕੈਨ ਵਿਚ ਪੈਕ ਕੀਤੇ ਗਏ ਸਨ।
ਪੁਲਿਸ ਸੂਤਰਾਂ ਨੇ ਦੱਸਿਆ ਕਿ ਅਜਿਹਾ ਜਾਪਦਾ ਹੈ ਕਿ ਜਦੋਂ ਡੱਬਾ ਉਚਾਈ ਤੋਂ ਹੇਠਾਂ ਸੁਟਿਆ ਗਿਆ ਤਾਂ ਫਟ ਗਿਆ।
ਅਧਿਕਾਰੀਆਂ ਨੇ ਦਸਿਆ ਕਿ ਪਹਿਲੀ ਘਟਨਾ ਵਿਚ ਵਿਸਫੋਟਕਾਂ ਨਾਲ ਭਰਿਆ ਇੱਕ ਡੱਬਾ ਇਸ ਨਾਲ ਜੁੜੀ ਇੱਕ ਤਾਰ ਨਾਲ ਕੰਧ ਉਤੇ ਸੁਟਿਆ ਗਿਆ ਸੀ।
ਹਾਲਾਂਕਿ ਦੂਸਰੀ ਘਟਨਾ 'ਚ ਅਜਿਹਾ ਜਾਪਦਾ ਹੈ ਕਿ ਕੈਨ ਨੂੰ ਉਚਾਈ ਤੋਂ ਸੁੱਟੇ ਜਾਣ 'ਤੇ ਧਮਾਕਾ ਹੋਇਆ। ਪੁਲਿਸ ਨੇ ਕਿਹਾ ਕਿ ਧਮਾਕੇ ਦਾ ਇਰਾਦਾ ਇੱਕ ਸੰਕੇਤ ਦੇਣਾ ਸੀ। ਐਨ.ਆਈ.ਏ ਦੀ ਟੀਮ ਦੇ ਅੰਮ੍ਰਿਤਸਰ ਪਹੁੰਚਦੇ ਹੀ ਹੈਰੀਟੇਜ ਸਟਰੀਟ ਪੁਲਿਸ ਛਾਉਣੀ ਵਿਚ ਤਬਦੀਲ ਹੋ ਗਈ ਹੈ। ਪੁਲਿਸ ਨੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰਖਣ ਲਈ ਬਹੁਮੰਜ਼ਿਲਾ ਪਾਰਕਿੰਗ ਦੀ ਛੱਤ ’ਤੇ ਪੁਲਿਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਹਨ।
ਮਹੱਤਵਪੂਰਨ ਗੱਲ ਇਹ ਹੈ ਕਿ ਪਹਿਲਾ ਧਮਾਕਾ ਸ਼ਨੀਵਾਰ ਰਾਤ ਨੂੰ ਹੋਇਆ, ਜਦਕਿ ਦੂਜਾ ਘੱਟ ਤੀਬਰਤਾ ਵਾਲਾ ਧਮਾਕਾ ਸੋਮਵਾਰ ਸਵੇਰੇ ਹੋਇਆ। ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਘਟਨਾ ਸਥਾਨ ਦਾ ਦੌਰਾ ਕੀਤਾ ਸੀ। ਉਸ ਨੇ ਕਿਹਾ ਸੀ ਕਿ ਵਿਸਫੋਟਕ ਕੱਚੇ ਮਾਲ ਤੋਂ ਤਿਆਰ ਕੀਤੇ ਜਾਂਦੇ ਸਨ। ਦੂਜਾ ਰਹੱਸਮਈ ਧਮਾਕਾ ਸੋਮਵਾਰ ਨੂੰ ਉਸੇ ਸਥਾਨ ਦੇ ਨੇੜੇ ਹੋਇਆ ਜਿੱਥੇ ਸ਼ਨੀਵਾਰ ਰਾਤ ਨੂੰ ਪਹਿਲਾ ਧਮਾਕਾ ਹੋਇਆ ਸੀ।
ਡੀਜੀਪੀ ਗੌਰਵ ਯਾਦਵ ਨੇ ਘਟਨਾ ਸਥਾਨ ਦਾ ਦੌਰਾ ਕਰਨ ਤੋਂ ਬਾਅਦ ਕਿਹਾ ਕਿ ਦੋਵੇਂ ਧਮਾਕੇ ਬਿਨਾਂ ਡੇਟੋਨੇਟਰ ਦੇ ਨੀਵੇਂ ਦਰਜੇ ਦੇ ਸਨ।ਉਨ੍ਹਾਂ ਕਿਹਾ ਕਿ ਅਜਿਹਾ ਲਗਦਾ ਹੈ ਕਿ ਧਮਾਕਾ ਕਰਨ ਲਈ ਕੈਨ ਵਿਚ ਵਿਸਫੋਟਕ ਸਮਗਰੀ ਰੱਖੀ ਗਈ ਸੀ। ਡੀਜੀਪੀ ਨੇ ਕਿਹਾ ਸੀ ਕਿ ਘਟਨਾ ਦੀ ਹਰ ਪਹਿਲੂ ਨੂੰ ਧਿਆਨ ਵਿਚ ਰੱਖ ਕੇ ਜਾਂਚ ਕੀਤੀ ਜਾ ਰਹੀ ਹੈ।