
ਕੁੱਲ 6 ਵਿਅਕਤੀ ਜਿੰਨਾਂ ਵਿਚ ਇਕ ਔਰਤ ਵੀ ਸ਼ਾਮਲ ਹੈ, ਨੂੰ ਮਾਮਲੇ ਵਿਚ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ।
ਗੁਰਦਾਸਪੁਰ - ਗੁਰਦਾਸਪੁਰ ਦੇ ਮੌਜੂਦਾ ਕਾਂਗਰਸੀ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਪਾਹੜਾ ਦਾ ਨਾਮ ਕਤਲ ਮਾਮਲੇ ਵਿਚ ਨਾਮਜ਼ਦ ਹੋਇਆ। ਦਰਅਸਲ ਬੀਤੇ ਕੱਲ੍ਹ ਪਿੰਡ ਪਾਹੜਾ ਵਿਚ ਇਕ 25 ਸਾਲਾਂ ਨੌਜਵਾਨ ਦਾ ਪ੍ਰੇਮ ਸਬੰਧਾਂ ਦੇ ਚੱਲਦਿਆਂ ਕਤਲ ਹੋਇਆ ਸੀ, ਜਿਸ ਦੀ ਲਾਸ਼ ਖੇਤਾਂ ਵਿਚੋਂ ਮਿਲੀ ਸੀ।
ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਸ਼ਿਕਾਇਤਕਰਤਾ ਵੀਨਾ ਜੋ ਮ੍ਰਿਤਕ ਨੌਜਵਾਨ ਦੀ ਮਾਂ ਹੈ, ਉਸ ਨੇ ਦੋਸ਼ ਲਗਾਇਆ ਸੀ ਕਿ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਦੇ ਪਿਤਾ ਗੁਰਮੀਤ ਸਿੰਘ ਦੋਸ਼ੀਆਂ ਨੂੰ ਉਨ੍ਹਾਂ ਨਾਲ ਰਾਜ਼ੀਨਾਮਾ ਨਾ ਕਰਨ ਲਈ ਉਕਸਾ ਰਹੇ ਸਨ ਅਤੇ ਦੋਸ਼ੀਆਂ ਨੂੰ ਸ਼ਹਿ ਦੇ ਰਹੇ ਸਨ। ਗੁਰਮੀਤ ਸਿੰਘ ਪਾਹੜਾ ਸਮੇਤ ਕੁੱਲ 6 ਵਿਅਕਤੀ ਜਿੰਨਾਂ ਵਿਚ ਇਕ ਔਰਤ ਵੀ ਸ਼ਾਮਲ ਹੈ, ਨੂੰ ਮਾਮਲੇ ਵਿਚ ਪੁਲਿਸ ਵੱਲੋਂ ਨਾਮਜ਼ਦ ਕੀਤਾ ਗਿਆ ਹੈ।
FIR Copy
ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਮ੍ਰਿਤਕ ਨੌਜਵਾਨ ਸ਼ੁਭਮ ਦੀ ਮਾਤਾ ਵੀਨਾ ਪਤਨੀ ਸੁਭਾਸ ਵਾਸੀ ਪਾਹੜਾ ਨੇ ਦੱਸਿਆ ਹੈ ਕਿ ਉਸ ਦੇ ਲੜਕੇ ਸ਼ੁਭਮ ਮੋਟੂ ਜਿਸ ਦੀ ਉਮਰ 25 ਸਾਲ ਸੀ ਅਤੇ ਉਹ ਲੱਕੜ ਦਾ ਕੰਮ ਕਰਦਾ ਸੀ, 7 ਮਈ ਨੂੰ ਉਹ ਅਤੇ ਉਸ ਦਾ ਆਪਣੇ ਘਰ ਸੀ ਕਿ ਸ਼ਾਮ ਨੂੰ 8 ਵਜੇ ਬੌਬੀ ਪੁੱਤਰ ਸ਼ਿੰਦਾ ਵਾਸੀ ਪਾਹੜਾ ਉਨ੍ਹਾਂ ਦੇ ਘਰ ਆਇਆ ਅਤੇ ਉਸ ਦੇ ਲੜਕੇ ਸ਼ੁਭਮ ਨੂੰ ਆਪਣੇ ਨਾਲ ਲੈ ਗਿਆ, ਜੋ ਰਾਤ ਘਰ ਵਾਪਸ ਨਹੀਂ ਆਇਆ।
FIR Copy
ਅਗਲੇ ਦਿਨ ਸਵੇਰੇ ਕਰੀਬ ਸਾਢੇ ਛੇ ਵਜੇ ਪਿੰਡ ਦੇ ਦੋ ਵਿਅਕਤੀਆਂ ਨੇ ਉਨ੍ਹਾਂ ਦੇ ਘਰ ਆ ਕੇ ਦੱਸਿਆ ਕਿ ਸੁਭਮ ਮੋਟੂ ਦੀ ਲਾਸ਼ ਪਿੰਡ ਵਿਚ ਹੀ ਕਿਸੇ ਦੇ ਖੇਤ ਵਿੱਚ ਪਈ ਹੈ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਦੇ ਲੜਕੇ ਸ਼ੁਭਮ ਮੋਟੂ ਦੇ ਸਬੰਧ ਪਿੰਡ ਦੀ ਹੀ ਇੱਕ ਲੜਕੀ ਨਾਲ ਸਨ। ਇਸ ਰੰਜਿਸ਼ ਵਿਚ ਆ ਕੇ ਉਸ ਦੇ ਭਰਾ-ਪਿਉ ਅਤੇ ਹੋਰਾਂ ਨੇ ਸ਼ੁਭਮ ਮੋਟੂ ਨੂੰ ਕੁੱਟ ਕੇ ਜਾਨੋਂ ਮਾਰ ਦਿੱਤਾ।
ਮਾਮਲੇ ਵਿਚ ਥਾਣਾ ਤਿੱਬੜ ਦੀ ਪੁਲਿਸ ਵੱਲੋਂ ਲੜਕੀ ਦੇ ਭਰਾ ਬੌਬੀ ਅਤੇ ਉਸ ਦੇ ਪਿਤਾ ਸ਼ਿੰਦਾ ਅਤੇ 4 ਹੋਰ ਰਾਜੂ, ਲਾਵਾ ਪੁੱਤਰ ਹਜਾਰਾ ਲਾਲ, ਕੁਲਵਿੰਦਰ ਕੌਰ ਪਤਨੀ ਰਾਜੂ ਅਤੇ ਗੁਰਮੀਤ ਸਿੰਘ ਪੁੱਤਰ ਕਰਤਾਰ ਸਿੰਘ ਨਾਮਜ਼ਦ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਗੁਰਮੀਤ ਸਿੰਘ ਮੌਜੂਦਾ ਗੁਰਦਾਸਪੁਰ ਵਿਧਾਇਕ ਬਰਿੰਦਰਮੀਤ ਸਿੰਘ ਦੇ ਪਿਤਾ ਹਨ। ਹਾਲਾਂਕਿ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਮਲੇ ਵਿਚ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।