
ਭਾਜਪਾ ਨੇਤਾ ਨੇ ਇੰਸਟਾਗ੍ਰਾਮ 'ਤੇ ਈਵੀਐਮ ਦੀ ਚਲਾਈ ਸੀ ਵੀਡੀਓ
Gujarat Dahod Seat Repolling: ਗੁਜਰਾਤ ਦੀ ਦਾਹੋਦ ਲੋਕ ਸਭਾ ਸੀਟ ਦੀ ਸੰਤਰਾਮਪੁਰ ਵਿਧਾਨ ਸਭਾ ਹਲਕੇ 'ਚ ਬੀਤੇ ਦਿਨੀਂ ਇੱਕ ਬੂਥ 'ਤੇ ਗੜਬੜੀ ਦੀ ਸੂਚਨਾ ਮਿਲੀ ਸੀ। ਇਸ ਬੂਥ 'ਤੇ ਭਾਜਪਾ ਨੇਤਾ ਨੇ ਈਵੀਐਮ ਨਾਲ ਲਾਈਵ ਸਟ੍ਰੀਮਿੰਗ ਵੀਡੀਓ ਚਲਾਈ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਸੰਤਰਾਮਪੁਰ ਦੇ ਪੋਲਿੰਗ ਸਟੇਸ਼ਨ ਨੰਬਰ 220 'ਤੇ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ। ਚੋਣ ਕਮਿਸ਼ਨ ਅਨੁਸਾਰ ਇਸ ਬੂਥ 'ਤੇ 11 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਿੰਗ ਹੋਵੇਗੀ।
ਦੱਸ ਦੇਈਏ ਕਿ ਗੁਜਰਾਤ ਦੇ ਦਾਹੋਦ ਵਿੱਚ ਬੀਜੇਪੀ ਨੇਤਾ ਵਿਜੇ ਭਬੋਰ ਨੇ ਈਵੀਐਮ ਨਾਲ ਲਾਈਵ ਸਟ੍ਰੀਮਿੰਗ ਕੀਤੀ ਸੀ। ਹਾਲਾਂਕਿ, ਵੀਡੀਓ ਵਾਇਰਲ ਹੋਣ ਤੋਂ ਬਾਅਦ ਉਸਨੇ ਵੀਡੀਓ ਨੂੰ ਡਿਲੀਟ ਕਰ ਦਿੱਤਾ ਸੀ। ਕਾਂਗਰਸੀ ਉਮੀਦਵਾਰ ਡਾਕਟਰ ਪ੍ਰਭਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਦੋ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਪੁਲਸ ਨੇ ਮੁੱਖ ਦੋਸ਼ੀ ਵਿਜੇ ਭਬੋਰ ਨੂੰ ਵੀ ਗ੍ਰਿਫਤਾਰ ਕਰ ਲਿਆ।
ਭਾਜਪਾ ਨੇਤਾ ਨੇ ਇੰਸਟਾਗ੍ਰਾਮ 'ਤੇ ਈਵੀਐਮ ਦੀ ਚਲਾਈ ਸੀ ਵੀਡੀਓ
ਭਾਜਪਾ ਨੇਤਾ ਵਿਜੇ ਭਬੋਰ ਨੇ ਇੰਸਟਾਗ੍ਰਾਮ 'ਤੇ ਈਵੀਐਮ ਦੀ ਲਾਈਵ ਸਟ੍ਰੀਮਿੰਗ ਕੀਤੀ। ਇਸ ਵਿੱਚ ਉਹ ਈਵੀਐਮ ਰਾਹੀਂ ਆਪਣੀ ਵੋਟ ਪਾ ਰਿਹਾ ਸੀ। 4 ਮਿੰਟ 27 ਸੈਕਿੰਡ ਦੇ ਵੀਡੀਓ ਵਿੱਚ ਵਿਜੇ ਭਬੋਰ ਕਹਿ ਰਹੇ ਸਨ ਕਿ ਈਵੀਐਮ ਮੇਰੇ ਪਿਤਾ ਦੀ ਹੈ। ਇਸ ਤੋਂ ਬਾਅਦ ਦਾਹੋਦ ਤੋਂ ਕਾਂਗਰਸ ਉਮੀਦਵਾਰ ਪ੍ਰਭਾ ਤਾਵੀਆਡ ਨੇ ਚੋਣ ਕਮਿਸ਼ਨ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਬੂਥ 'ਤੇ ਮੁੜ ਵੋਟਿੰਗ ਦੀ ਮੰਗ ਵੀ ਕੀਤੀ ਸੀ। ਚੋਣ ਕਮਿਸ਼ਨ ਨੇ ਇਸ ਮਾਮਲੇ ਵਿੱਚ ਜ਼ਿਲ੍ਹਾ ਚੋਣ ਅਧਿਕਾਰੀ ਤੋਂ ਰਿਪੋਰਟ ਤਲਬ ਕੀਤੀ ਸੀ।
ਚੋਣ ਕਮਿਸ਼ਨ ਨੇ ਵੋਟਿੰਗ ਰੱਦ ਕੀਤੀ
ਆਰਓ ਤੋਂ ਰਿਪੋਰਟ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਵੋਟਿੰਗ ਵਿੱਚ ਗੜਬੜੀ ਸਬੰਧੀ ਆਰਪੀ ਐਕਟ ਦੀ ਧਾਰਾ 58 ਤਹਿਤ ਸੰਤਰਾਮਪੁਰ ਵਿਧਾਨ ਸਭਾ ਦੇ ਬੂਥ ਨੰਬਰ 220 ਨੂੰ ਰੱਦ ਕਰ ਦਿੱਤਾ ਸੀ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਬੂਥ ਨੰਬਰ 220 'ਤੇ 11 ਮਈ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਮੁੜ ਵੋਟਿੰਗ ਕਰਵਾਉਣ ਦਾ ਫੈਸਲਾ ਕੀਤਾ ਹੈ।