
ਹਰਦੀਪ ਬੁਟਰੇਲਾ ਅਪਣੇ ਸੈਂਕੜੇ ਸਾਥੀਆਂ ਸਮੇਤ ਆਪ ਵਿਚ ਸ਼ਾਮਲ ਹੋਏ ਹਨ
Lok Sabha Elections 2024: ਚੰਡੀਗੜ੍ਹ - ਚੰਡੀਗੜ੍ਹ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹਰਦੀਪ ਸਿੰਘ ਬੁਟਰੇਲਾ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਹਰਦੀਪ ਸਿੰਘ ਬੁਟਰੇਲਾ ਨੂੰ ਆਪ ‘ਚ ਸ਼ਾਮਲ ਕਰਵਾਇਆ। ਹਰਦੀਪ ਬੁਟਰੇਲਾ ਅਪਣੇ ਸੈਂਕੜੇ ਸਾਥੀਆਂ ਸਮੇਤ ਆਪ ਵਿਚ ਸ਼ਾਮਲ ਹੋਏ ਹਨ। ਤਿੰਨ ਵਾਰ ਕੌਂਸਲਰ ਤੇ ਸੀਨੀਅਰ ਡਿਪਟੀ ਮੇਅਰ ਰਹੇ ਨੇ ਹਰਦੀਪ ਸਿੰਘ ਬੁਟਰੇਲਾ ਨੇ ਬੀਤੇ ਦਿਨੀਂ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਸੀ ਤੇ ਅਕਾਲੀ ਦਲ 'ਤੇ ਗੰਭੀਰ ਦੋਸ਼ ਲਗਾਏ ਸਨ।
ਹਰਦੀਪ ਸਿੰਘ ਬੁਟਰੇਲਾ ਨੇ ਅਕਾਲੀ ਦਲ 'ਤੇ ਲਗਾਏ ਸੀ ਇਹ ਦੋਸ਼
ਬੁਟਰੇਲਾ ਨੇ ਦੋਸ਼ ਲਾਇਆ ਸੀ ਕਿ ਚੋਣ ਲੜਨ ਤੋਂ ਪਹਿਲਾਂ ਪਾਰਟੀ ਅੱਗੇ ਮੰਗ ਰੱਖੀ ਗਈ ਸੀ ਕਿ ਸ਼੍ਰੋਮਣੀ ਅਕਾਲੀ ਦਲ ਚੰਡੀਗੜ੍ਹ ਵਿਚ ਪਹਿਲੀ ਵਾਰ ਚੋਣ ਲੜ ਰਿਹਾ ਹੈ। ਇਸ ਲਈ ਚੰਡੀਗੜ੍ਹ ਵਿਚ ਚੋਣ ਲੜਨ ਲਈ ਸੀਨੀਅਰ ਆਗੂਆਂ ਦੀ ਲੋੜ ਪਵੇਗੀ ਪਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਾਲੇ ਵੀ 13 ਸੀਟਾਂ ’ਤੇ ਚੋਣ ਪ੍ਰਚਾਰ ਕਰ ਰਹੇ ਹਨ। ਉਹ 14ਵੀਂ ਸੀਟ ਭੁੱਲ ਹੀ ਗਏ ਹਨ।
ਹਰਦੀਪ ਸਿੰਘ ਚੰਡੀਗੜ੍ਹ ਅਕਾਲੀ ਦਲ ਦੇ ਪ੍ਰਧਾਨ ਅਤੇ ਨਗਰ ਨਿਗਮ ਵਿਚ ਪਾਰਟੀ ਦੇ ਇਕਲੌਤੇ ਕੌਂਸਲਰ ਸਨ। ਹਰਦੀਪ ਸਿੰਘ ਨੇ ਐਲਾਨ ਕੀਤਾ ਸੀ ਕਿ ਉਨ੍ਹਾਂ ਦੇ ਨਾਲ ਚੰਡੀਗੜ੍ਹ ਅਕਾਲੀ ਦਲ ਦੀਆਂ ਸਾਰੀਆਂ ਇਕਾਈਆਂ ਦੇ ਪ੍ਰਧਾਨਾਂ ਨੇ ਵੀ ਅਸਤੀਫੇ ਦੇ ਦਿੱਤੇ ਹਨ। ਉਹ ਪਾਰਟੀ ਦੀਆਂ ਨੀਤੀਆਂ ਤੋਂ ਨਾਰਾਜ਼ ਹੋਣ ਕਾਰਨ ਹੀ ਪਾਰਟੀ ਛੱਡ ਰਹੇ ਹਨ।
ਬੁਟਰੇਲਾ ਨੇ ਕਿਹਾ ਕਿ ਮੈਂ ਇੱਕ ਗਰੀਬ ਕਿਸਾਨ ਦਾ ਪੁੱਤਰ ਹਾਂ। ਮੈਂ ਇਕੱਲਾ ਚੋਣ ਨਹੀਂ ਲੜ ਸਕਦਾ। ਮੈਨੂੰ ਪਾਰਟੀ ਫੰਡਾਂ ਦੀ ਲੋੜ ਸੀ, ਪਰ ਪਾਰਟੀ ਵੱਲੋਂ ਮੈਨੂੰ ਫੰਡ ਨਹੀਂ ਦਿੱਤੇ ਗਏ। ਮੈਂ ਆਪਣੇ ਦਮ 'ਤੇ ਤਿੰਨ ਵਾਰ ਨਗਰ ਕੌਂਸਲਰ ਦੀ ਚੋਣ ਲੜ ਕੇ ਜਿੱਤ ਚੁੱਕਾ ਹਾਂ। ਮੇਰਾ ਪਿਤਾ ਨਹੀਂ ਹੈ। ਮੈਂ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਤੁਸੀਂ ਮੇਰੇ ਪਿਤਾ ਹੋ, ਪਰ ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ।
ਬਾਦਲ ਸਾਬ੍ਹ ਨੇ ਇਹ ਸਾਰੀ ਚੰਡੀਗੜ੍ਹ ਯੂਨਿਟ ਨੂੰ ਭਰੋਸਾ ਦਵਾਇਆ ਸੀ ਕਿ ਤੁਸੀਂ ਸਿਰਫ਼ ਲੋਕਾਂ ਵਿੱਚ ਪ੍ਰਚਾਰ ਕਰਨ ਲਈ ਜਾਣਾ ਹੈ ਅਤੇ ਬਾਕੀ ਸਾਰਾ ਖਰਚਾ ਪਾਰਟੀ ਆਪਣੇ ਪੱਧਰ 'ਤੇ ਕਰੇਗੀ। ਮੈਂ ਪਿਛਲੇ 20 ਦਿਨਾਂ ਤੋਂ ਲੋਕਾਂ ਵਿਚ ਪ੍ਰਚਾਰ ਕਰ ਰਿਹਾ ਹਾਂ ਪਰ ਇਸ ਦੌਰਾਨ ਪਾਰਟੀ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਵਿੱਤੀ ਤੇ ਜਾਂ ਹੋਰ ਮਦਦ ਨਹੀਂ ਕੀਤੀ ਗਈ।
ਮੈਨੂੰ ਇੰਝ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਕਿਸੇ ਡੂੰਘੀ ਸਾਜਿਸ਼ ਤਹਿਤ ਸਾਨੂੰ ਵਰਤਣਾ ਚਾਹੁੰਦਾ ਹੈ ਅਤੇ ਅਸੀਂ ਕਿਸੇ ਵੀ ਸੂਰਤ ਵਿਚ ਗੰਦੀ ਸਾਜਿਸ਼ ਦੇ ਹੱਥ ਠੋਕੇ ਬਣਨ ਨੂੰ ਤਿਆਰ ਨਹੀਂ ਹਾਂ। ਸੋ ਮੈਂ ਅਤੇ ਮੇਰੀ ਸਮੁੱਚੀ ਟੀਮ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਵਾਪਸ ਕਰ ਰਹੇ ਹਾਂ। ਲੋਕਾਂ ਦੀ ਪੰਚਾਇਤ ਵਿਚ ਝੂਠ ਬੋਲਣ ਵਾਲਾ ਬੰਦਾ ਰੱਬ ਦਾ ਦੇਣਦਾਰ ਹੁੰਦਾ ਹੈ।