
ਰਵਨੀਤ ਬਿੱਟੂ ਦੇ ਪੋਸਟਰ 'ਤੇ ਬੇਅੰਤ ਸਿੰਘ ਦੀ ਤਸਵੀਰ ਨੂੰ ਲੈ ਕੇ ਰਾਜਾ ਵੜਿੰਗ ਦਾ ਤੰਜ਼
Punjab News: ਚੰਡੀਗੜ੍ਹ - ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਕਾਂਗਰਸ ਛੱਡ ਕੇ ਗਏ ਭਾਜਪਾ ਦੇ ਲੁਧਿਆਣਾ ਤੋਂ ਉਮੀਦਵਾਰ ਰਵਨੀਤ ਬਿੱਟੂ ਦੀ ਪੋਸਟਰਾਂ ਨੂੰ ਲੈ ਕੇ ਟਵਿੱਟਰ ਵਾਰ ਹੋ ਗਈ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਰਵਨੀਤ ਬਿੱਟੂ ਦੇ ਕੁੱਝ ਪੋਸਟਰਾਂ 'ਤੇ ਬੇਅੰਤ ਸਿੰਘ ਦੀ ਤਸਵੀਰ ਲਗਾਉਣ ਤੇ ਕੁੱਝ 'ਤੇ ਨਾ ਲਗਾਉਣ ਨੂੰ ਲੈ ਕੇ ਤੰਜ਼ ਕੱਸਿਆ ਹੈ।
ਰਾਜਾ ਵੜਿੰਗ ਨੇ ਟਵੀਟ ਕਰਦੇ ਹੋਏ ਲਿਖਿਆ ਕਿ ''ਸਿਆਸੀ ਮੌਕਾਪ੍ਰਸਤੀ ਦਾ ਸਿਖ਼ਰ। ਜਦੋਂ ਤੁਹਾਨੂੰ ਲੱਗਿਆ ਕਿ ਬੇਅੰਤ ਸਿੰਘ ਜੀ ਦੀ ਤਸਵੀਰ ਨੂੰ ਭਾਜਪਾ ਦੇ ਪ੍ਰਚਾਰ ਪੋਸਟਰਾਂ ਵਿਚ ਸ਼ਾਮਲ ਕਰਨ ਨਾਲ ਤੁਹਾਨੂੰ ਵੋਟਾਂ ਮਿਲਣਗੀਆਂ, ਤਾਂ ਤੁਸੀਂ ਇਸ ਦੀ ਵਰਤੋਂ ਕੀਤੀ ਅਤੇ ਹੁਣ ਜਦੋਂ ਲੋਕ ਤੁਹਾਨੂੰ ‘ਗੱਦਾਰ’ ਕਹਿ ਰਹੇ ਨੇ ਤਾਂ ਤੁਸੀਂ ਪੋਸਟਰਾਂ ਤੋਂ ਉਨ੍ਹਾਂ ਦੀ ਤਸਵੀਰ ਹਟਾ ਲਈ? ਕੁਝ ਸ਼ਰਮ ਮਹਿਸੂਸ ਕਰੋ!''
ਰਾਜਾ ਵੜਿੰਗ ਦੇ ਟਵੀਟ ਦੇ ਜਵਾਬ ਵਿਚ ਰਵਨੀਤ ਬਿੱਟੂ ਨੇ ਕਿਹਾ ਕਿ ''ਰਾਜਾ ਵੜਿੰਗ ਜੀ ਤੁਹਾਡੇ ਪੋਸਟਰਾਂ ਵਿਚ ਗਾਂਧੀ ਦੀਆਂ ਗਾਇਬ ਤਸਵੀਰਾਂ ਉਹਨਾਂ ਦੀ ਘਟਦੀ ਪ੍ਰਸਿੱਧੀ ਅਤੇ ਵਿਵਾਦ ਖੜਾ ਹੋਣ ਦੇ ਤੁਹਾਡੇ ਡਰ ਨੂੰ ਦਰਸਾਉਂਦੀਆਂ ਹਨ। ਮੈਂ ਜਾਣਦਾ ਹਾਂ ਕਿ ਤੁਸੀਂ ਮੇਰੇ ਪ੍ਰਸ਼ੰਸਕ ਹੋ ਤੇ ਮੇਰਾ ਫੇਸਬੁੱਕ ਪੇਜ ਫਾਲੋ ਕਰਦੇ ਹੋ ਪਰ ਲੁਧਿਆਣੇ ਦੇ ਆਪਣੇ 5 ਸਿਤਾਰਾ ਹੋਟਲ ਦੇ ਕਮਰੇ ਵਿਚੋਂ ਬਾਹਰ ਨਿਕਲੋ ਅਤੇ ਮੇਰੇ ਚੋਣ ਦਫ਼ਤਰ ਵਿਚ ਜਾਓ। ਸ਼ਹੀਦ ਹੋਏ ਆਗੂ ਸ. ਬੇਅੰਤ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕਰੋ ਅਤੇ ਨਾਲ ਸੈਲਫ਼ੀ ਲੈਣਾ ਨਾ ਭੁੱਲੋ। ਲੁਧਿਆਣਾ ਵਿਚ 20 ਦਿਨਾਂ ਦੀਆਂ ਛੁੱਟੀਆਂ ਦਾ ਆਨੰਦ ਮਾਣੋ।''