
ਤਿੰਨ ਸੂਬਿਆਂ ’ਚ ਸੁਣਾਈ ਦਿਤੇ ਧਮਾਕੇ
Pak-India News: : ਸ਼ੁਕਰਵਾਰ ਸ਼ਾਮ ਨੂੰ ਵੀ ਜੰਮੂ-ਕਸ਼ਮੀਰ, ਰਾਜਸਥਾਨ ਅਤੇ ਪੰਜਾਬ ’ਚ ਪਾਕਿਸਤਾਨ ਤੋਂ ਆਏ ਡਰੋਨਾਂ ਦਾ ਝੁੰਡ ਵੇਖਿਆ ਗਿਆ। ਜੰਮੂ, ਸਾਂਬਾ (ਜੰਮੂ-ਕਸ਼ਮੀਰ), ਪਠਾਨਕੋਟ ਅਤੇ ਫਿਰੋਜ਼ਪੁਰ (ਪੰਜਾਬ) ਅਤੇ ਜੈਸਲਮੇਰ (ਰਾਜਸਥਾਨ) ’ਚ ਡਰੋਨ ਦੇਖੇ ਗਏ। ਇਨ੍ਹਾਂ ਇਲਾਕਿਆਂ ’ਚ ਬਾੜਮੇਰ ਅਤੇ ਪੋਖਰਨ ਸਮੇਤ ਕਈ ਧਮਾਕਿਆਂ ਦੀ ਆਵਾਜ਼ ਸੁਣੀ ਗਈ ਹੈ। 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਦੇ ਜਵਾਬ ਵਿਚ ਬੁਧਵਾਰ ਤੜਕੇ ਭਾਰਤ ਦੇ ਆਪਰੇਸ਼ਨ ਸਿੰਦੂਰ ਤੋਂ ਬਾਅਦ ਦੋਹਾਂ ਗੁਆਂਢੀ ਦੇਸ਼ਾਂ ਵਿਚਾਲੇ ਤਣਾਅ ਕਾਫ਼ੀ ਵਧ ਗਿਆ ਸੀ।
ਅਧਿਕਾਰੀਆਂ ਨੇ ਦਸਿਆ ਕਿ ਧਮਾਕਿਆਂ ਦੀ ਆਵਾਜ਼ ਸੁਣਨ ਅਤੇ ਸਾਇਰਨ ਵੱਜਣ ਮਗਰੋਂ ਜੰਮੂ ਸ਼ਹਿਰ ਹਨੇਰੇ ’ਚ ਡੁੱਬ ਗਿਆ। ਕਸ਼ਮੀਰ ਦੇ ਸਰਹੱਦੀ ਜ਼ਿਲ੍ਹਿਆਂ ’ਚ ਕੰਟਰੋਲ ਰੇਖਾ ਨੇੜੇ ਰਹਿਣ ਵਾਲੇ ਹਜ਼ਾਰਾਂ ਲੋਕਾਂ ਨੂੰ ਪਾਕਿਸਤਾਨ ਵਲੋਂ ਗੋਲੀਬਾਰੀ ਕਾਰਨ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੂੰ ਬੰਕਰਾਂ ਜਾਂ ਹੋਰ ਥਾਵਾਂ ’ਤੇ ਭੇਜਿਆ ਗਿਆ ਹੈ।