
4 ਹਜ਼ਾਰ ਪੌਂਡ 'ਚ ਵੇਚਿਆ ਸੀ ਇਤਿਹਾਸਕ ਗੁਰੂ ਗ੍ਰੰਥ ਸਾਹਿਬ ਦਾ ਸਰੂਪ
ਜੂਨ 1984 ਦੌਰਾਨ ਦਰਬਾਰ ਸਾਹਿਬ 'ਤੇ ਫ਼ੌਜੀ ਹਮਲੇ ਦੌਰਾਨ ਮਹਾਂਕਵੀ ਸੰਤੋਖ ਸਿੰਘ ਸਿੱਖ ਰੈਫ਼ਰੈਂਸ ਲਾਇਬਰੇਰੀ ਦੀ ਫ਼ੌਜ ਵਲੋਂ ਕੀਤੀ ਲੁੱਟ ਨੂੰ ਲੈ ਕੇ ਪਿਛਲੇ 35 ਸਾਲਾਂ ਤੋਂ ਬਿਆਨਬਾਜ਼ੀਆਂ ਕੀਤੀਆਂ ਜਾ ਰਹੀਆਂ ਹਨ। ਇਸ ਮਾਮਲੇ ਨੂੰ ਲੈ ਕੇ ਲਗਭਗ ਸਾਰੇ ਹੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਹਰ ਸਾਲ ਕਾਂਗਰਸ ਦੀਆਂ ਸਰਕਾਰਾਂ 'ਤੇ ਸਿਆਸੀ ਬੰਬ ਦਾਗਦੀਆਂ ਰਹੀਆਂ ਹਨ ਪਰ ਹੁਣ ਜੋ ਸੱਚ ''ਰੋਜ਼ਾਨਾ ਸਪੋਕਸਮੈਨ'' ਦੇ ਹੱਥ ਲੱਗਿਆ ਹੈ ਉਸ ਨੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਤਖ਼ਤਾਂ ਦੇ ਜਥੇਦਾਰਾਂ ਅਤੇ ਅਕਾਲੀ ਆਗੂਆਂ ਦਾ ਚਿਹਰਾ ਬੇਨਾਕਾਬ ਕਰਕੇ ਰੱਖ ਦਿੱਤਾ ਹੈ।
Sikh Reference Library Data
ਸਪੋਕਸਮੈਨ ਨੂੰ ਮਿਲੇ ਕੁੱਝ ਪੁਰਾਣੇ ਦਸਤਾਵੇਜ਼ਾਂ ਵਿਚ ਖ਼ੁਲਾਸਾ ਹੋਇਆ ਹੈ ਕਿ ਕਿਵੇਂ ਕੁੱਝ ਪ੍ਰਭਾਵਸ਼ਾਲੀ ਲੋਕਾਂ ਨੇ ਪੰਥ ਦੇ ਬੇਸ਼ਕੀਮਤੀ ਖ਼ਜ਼ਾਨੇ ਦਾ ਘਾਣ ਕੀਤਾ ਤੇ ਅਪਣੇ ਨਿੱਜੀ ਮੁਫ਼ਾਦਾਂ ਲਈ ਬੇਸ਼ਕੀਮਤੀ ਸਮਾਨ ਨੂੰ ਖ਼ੁਰਦ-ਬੁਰਦ ਕੀਤਾ ਅਤੇ ਮਹਿੰਗੇ ਭਾਅ 'ਤੇ ਵੇਚਿਆ। ਜਾਣਕਾਰੀ ਮੁਤਾਬਕ 1984 ਤੋਂ ਬਾਅਦ ਅਕਾਲ ਤਖ਼ਤ ਦੇ ਬਣੇ ਇਕ ਜਥੇਦਾਰ ਨੇ ਇੰਗਲੈਂਡ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦਸਤਖ਼ਤਾਂ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ 4000 ਪਾਊਂਡ ਵਿਚ ਵੇਚਿਆ ਸੀ। ਇਸੇ ਤਰ੍ਹਾਂ ਪੁਰਾਤਨ ਹੱਥ ਲਿਖਤ ਸਰੂਪ 12 ਕਰੋੜ ਰੁਪਏ ਵਿਚ ਅਮਰੀਕਾ ਵਿਚ ਵੇਚੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ।
SGPC
ਇਥੇ ਹੀ ਬਸ ਨਹੀਂ, ਭਗਤ ਸੂਰਦਾਸ ਦੁਆਰਾ ਰਚਿਤ ਭਾਗਵਤ ਪੂਰਾਣ ਨਾਮਕ ਗ੍ਰੰਥ ਵੀ ਧਾਰਮਿਕ ਸੌਦੇਬਾਜ਼ਾਂ ਦੀ ਭੇਂਟ ਚੜ੍ਹ ਚੁੱਕਾ ਹੈ। ਮਹਾਰਾਜਾ ਰਣਜੀਤ ਸਿੰਘ ਦੀ ਇਕ ਇਤਿਹਾਸਕ ਪੇਂਟਿੰਗ ਨੂੰ ਮੁਰੰਮਤ ਦੇ ਨਾਂ 'ਤੇ ਪਹਿਲਾਂ ਵਿਦੇਸ਼ ਲਿਜਾਇਆ ਗਿਆ ਅਤੇ ਫਿਰ ਉਸ ਪੇਂਟਿੰਗ ਨੂੰ ਵੀ ਵੇਚਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ। ਸ਼੍ਰੋਮਣੀ ਕਮੇਟੀ ਦੇ ਇਕ ਮੈਂਬਰ ਜਿਸ ਦੀ ਕਦੇ ਸ਼੍ਰੋਮਣੀ ਕਮੇਟੀ ਵਿਚ ਤੂਤੀ ਬੋਲਦੀ ਸੀ ਕੁੱਝ ਪੇਂਟਿੰਗਾਂ ਫ਼ੌਜ ਕੋਲੋਂ ਪ੍ਰਾਪਤ ਤਾਂ ਕੀਤੀਆਂ ਪਰ ਉਹ ਕਿੱਥੇ ਹਨ ਇਸ ਬਾਰੇ ਕਿਸੇ ਨੂੰ ਕੁੱਝ ਨਹੀਂ ਪਤਾ ਜਦਕਿ ਮੈਂਬਰ ਸਾਹਿਬ ਇਸ ਸੰਸਾਰ ਤੋਂ ਕੂਚ ਕਰ ਚੁੱਕੇ ਹਨ।
Sikh Reference Library
ਇਸ ਮਾਮਲੇ ਵਿਚ ਸਰਕਾਰਾਂ ਦਾ ਰੋਲ ਵੀ ਘਟਾ ਕੇ ਨਹੀਂ ਵੇਖਿਆ ਜਾ ਸਕਦਾ। ਸਿਆਸੀ ਆਗੂ ਸਿਆਸੀ ਜੁਮਲੇਬਾਜ਼ੀ ਕਰ ਕੇ ਮਾਮਲੇ ਦਾ ਹੱਲ ਕਰਨ ਦੀ ਬਜਾਏ ਮਾਮਲਾ ਹੋਰ ਉਲਝਾਉਣ ਵਿਚ ਮਸ਼ਰੂਫ਼ ਰਹੇ ਕਦੇ ਵੀ ਕਿਸੇ ਨੇ ਇਸ ਸੰਵੇਦਨਸ਼ੀਲ ਮਾਮਲੇ 'ਤੇ ਗੰਭੀਰਤਾ ਨਹੀਂ ਦਿਖਾਈ। ਮਿਲੇ ਦਸਤਾਵੇਜ਼ਾਂ ਮੁਤਾਬਕ 7 ਜੂਨ ਨੂੰ ਫ਼ੌਜ ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚੋਂ ਜੋ ਕੀਮਤੀ ਖ਼ਜ਼ਾਨਾ ਲੈ ਗਈ ਸੀ, ਨੂੰ ਲਗਭਗ 7 ਕਿਸ਼ਤਾਂ ਵਿਚ ਵੱਖ-ਵੱਖ ਸਮੇਂ 'ਤੇ ਵੱਖ-ਵੱਖ ਸਰਕਾਰੀ ਏਜੰਸੀਆਂ ਨੇ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤਾ ਸੀ। ਜਿਸ ਦੀ ਸ਼੍ਰੋਮਣੀ ਕਮੇਟੀ ਵਲੋਂ ਰਿਸੀਵਿੰਗ ਵੀ ਕੀਤੀ ਗਈ ਹੈ।
Sikh Reference Library Data
''ਰੋਜ਼ਾਨਾ ਸਪੋਕਸਮੈਨ'' ਦੇ ਹੱਥ ਲੱਗੇ ਦਸਤਾਵੇਜ਼ਾਂ ਮੁਤਾਬਕ ਸ਼੍ਰੋਮਣੀ ਕਮੇਟੀ ਨੂੰ ਸਿੱਖ ਰੈਫ਼ਰੈਂਸ ਲਾਇਬਰੇਰੀ ਸਮਾਨ ਦੀ ਪਹਿਲੀ ਕਿਸ਼ਤ 29 ਸਤੰਬਰ 1984 ਨੂੰ ਵਾਪਸ ਕੀਤੀ ਗਈ ਸੀ। ਜਿਸ ਦੀ ਰਸੀਦ 'ਤੇ ਐਸਜੀਪੀਸੀ ਦੇ ਤਤਕਾਲੀ ਸਕੱਤਰ ਭਾਨ ਸਿੰਘ ਅਤੇ ਕਿਸੇ ਹੋਰ ਅਧਿਕਾਰੀ ਕੁਲਵੰਤ ਸਿੰਘ ਦੇ ਦਸਤਖ਼ਤ ਸਾਫ਼ ਦਿਖਾਈ ਦਿੰਦੇ ਹਨ। ਇਸ ਰਸੀਦ ਰਾਹੀਂ ਫ਼ੌਜ ਨੇ ਸ਼੍ਰੋਮਣੀ ਕਮੇਟੀ ਨੂੰ 453 ਆਇਟਮਾਂ ਦਿੱਤੀਆਂ ਤੇ ਫ਼ੌਜ ਵਲੋਂ ਦਿਤੇ ਇਸ ਸਮਾਨ ਤੇ ਤਿੰਨ ਅਧਿਕਾਰੀਆਂ ਪੀਐਨ ਸਾਹਨੀ, ਆਰਪੀ ਨਾਇਰ ਅਤੇ ਐਸਐਸ ਢਿੱਲੋਂ ਦੇ ਦਸਤਖ਼ਤ ਕੀਤੇ ਹੋਏ ਹਨ।
Sikh Reference Library
ਪਹਿਲੀ ਕਿਸ਼ਤ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕਰੀਬ 185 ਸਰੂਪ ਵਾਪਸ ਦਿੱਤੇ ਗਏ। ਇਸ ਤੋਂ ਇਲਾਵਾ ਇਕ ਸਰੂਪ ਦਸਮ ਗ੍ਰੰਥ, ਭਗਤ ਮਾਲਾ ਭਾਈ ਮਨੀ ਸਿੰਘ ਦੀ ਲਿਖਤ, ਅਸਲ ਜਨਮ ਸਾਖੀ ਭਾਈ ਬਾਲੇ ਵਾਲੀ ਅਤੇ 26 ਹੱਥ ਲਿਖਤ ਹੁਕਮਨਾਮੇ ਵੀ ਸ਼ਾਮਲ ਸਨ। ਹੈਰਾਨੀ ਦੀ ਗੱਲ ਇਹ ਵੀ ਐ ਕਿ ਅਸਲ ਹੁਕਮਨਾਮੇ ਮੁੜ ਕਿਸੇ ਦੀ ਨਜ਼ਰ ਵਿਚ ਨਹੀਂ ਆਏ, ਸਿਰਫ਼ ਫ਼ੋਟੋ ਕਾਪੀਆਂ ਹੀ ਵਿਖਾ ਕੇ ਬੁੱਤਾ ਸਾਰ ਲਿਆ ਜਾਂਦੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਦੇ ਕਾਰਜਕਾਲ ਤਕ ਕਰੀਬ 4000 ਕਿਤਾਬਾਂ ਸਿੱਖ ਰੈਫ਼ਰੈਂਸ ਲਾਇਬਰੇਰੀ ਤਕ ਪੁੱਜ ਚੁੱਕੀਆਂ ਸਨ।
Sikh Reference Library
ਜਾਣਕਾਰਾਂ ਮੁਤਾਬਕ 31 ਦੇ ਕਰੀਬ ਇਤਿਹਾਸਕ ਪੇਂਟਿੰਗਾਂ ਵੀ ਗ਼ਾਇਬ ਦੱਸੀਆਂ ਜਾ ਰਹੀਆਂ ਹਨ। ਸਿੱਖ ਰੈਫ਼ਰੈਂਸ ਲਾਇਬਰੇਰੀ ਵਿਚ ਜ਼ਿੰਮੇਵਾਰ ਅਹੁਦੇ 'ਤੇ ਕੰਮ ਕਰ ਚੁੱਕੇ ਇਕ ਅਧਿਕਾਰੀ ਨੇ ਦੱਸਿਆ ਕਿ ਜਦ ਸਿੱਖ ਰੈਫ਼ਰੈਂਸ ਲਾਇਬਰੇਰੀ ਦੇ ਪੁਰਾਣੇ ਦਰਵਾਜ਼ੇ, ਰੌਸ਼ਨਦਾਨ ਅਤੇ ਲੱਕੜ ਦੀਆਂ ਅਲਮਾਰੀਆਂ ਸਹੀ ਸਲਾਮਤ ਹਨ ਫਿਰ ਕਿਤਾਬਾਂ ਕਿਵੇਂ ਸੜ ਗਈਆਂ? ਸਿੱਖ ਰੈਫਰੈਂਸ ਲਾਇਬਰੇਰੀ ਦਾ ਖ਼ਜ਼ਾਨਾ ਸੀਬੀਆਈ ਨੇ ਕਰੀਬ 26 ਬੋਰਿਆਂ ਵਿਚ ਭਰ ਕੇ ਵਾਪਸ ਕਰ ਦਿੱਤਾ ਸੀ।
Dr. Roop Singh
ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਵਲੋਂ ਇਸ ਮਾਮਲੇ ਨੂੰ ਸਪੱਸ਼ਟ ਕਰਨ ਲਈ ਮੀਟਿੰਗ ਬੁਲਾਈ ਗਈ ਹੈ। ਜਿਸ ਵਿਚ ਕੁੱਝ ਪੁਰਾਣੇ ਅਧਿਕਾਰੀਆਂ ਨੂੰ ਬੁਲਾਇਆ ਗਿਆ ਹੈ। ਦੱਸ ਦਈਏ ਕਿ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਸਿੱਖ ਗਲਿਆਰਿਆਂ ਵਿਚ ਹਲਚਲ ਮਚ ਗਈ ਹੈ। ਸ਼੍ਰੋਮਣੀ ਕਮੇਟੀ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ ਹੁਣ ਦੇਖਣਾ ਹੋਵੇਗਾ ਕਿ ਸ਼੍ਰੋਮਣੀ ਕਮੇਟੀ ਇਸ ਮਾਮਲੇ ਵਿਚ ਕੀ ਸਪੱਸ਼ਟੀਕਰਨ ਦਿੰਦੀ ਹੈ। ਦੇਖੋ ਵੀਡੀਓ..............