
ਇਹ ਤਸਵੀਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਗਏ ਆਦੇਸ਼ ਦੀਆਂ ਧੱਜੀਆਂ ਉੱਡਾ ਰਹੀਆਂ ਹਨ। ਸ਼੍ਰੀ ਦਰਬਾਰ ਸਾਹਿਬ ਵਿਚ ਫੋਟੋ ਖਿੱਚਣ ਤੋਂ...
ਅੰਮ੍ਰਿਤਸਰ : ਇਹ ਤਸਵੀਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਰੀ ਕੀਤੇ ਗਏ ਆਦੇਸ਼ ਦੀਆਂ ਧੱਜੀਆਂ ਉੱਡਾ ਰਹੀਆਂ ਹਨ। ਸ਼੍ਰੀ ਦਰਬਾਰ ਸਾਹਿਬ ਵਿਚ ਫੋਟੋ ਖਿੱਚਣ ਤੋਂ ਲਗਾਈ ਗਈ ਰੋਕ ਦਾ ਲੋਕਾਂ 'ਤੇ ਕੋਈ ਅਸਰ ਨਹੀਂ ਹੋ ਰਿਹਾ ਅਤੇ ਸੇਵਾਦਾਰ ਵੀ ਪੂਰੀ ਤਰ੍ਹਾਂ ਵਿਚ ਅਸਫਲ ਹੋ ਰਹੇ ਹਨ। ਦਰਅਸਲ ਬੀਤੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਤਸਵੀਰ ਖਿੱਚਣ 'ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ ਗਿਆ। ਕਮੇਟੀ ਵੱਲੋਂ ਇਸ ਆਦੇਸ਼ ਦੀ ਪਾਲਣਾ ਕਰਨ ਲਈ ਸ਼੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ ਨੋਟਿਸ ਬੋਰਡ ਵੀ ਲਗਾਏ ਅਤੇ ਸੇਵਾਦਾਰਾਂ ਨੂੰ ਹਿਦਾਇਤ ਕੀਤੀ।
ਕਿ ਉਹ ਸ਼੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੂੰ ਤਸਵੀਰਾਂ ਖਿੱਚਣ ਤੋਂ ਰੋਕਣ, ਪਰ ਲੋਕਾਂ 'ਤੇ ਨਾ ਤਾਂ ਨੋਟਿਸ ਬੋਰਡਾਂ ਦਾ ਅਸਰ ਹੋਇਆ ਅਤੇ ਨਾ ਹੀ ਸੇਵਾਦਾਰ ਲੋਕਾਂ ਨੂੰ ਤਸਵੀਰਾਂ ਖਿੱਚਣ ਤੋਂ ਰੋਕਣ ਵਿਚ ਸਫਲ ਹੋ ਪਾ ਰਹੇ ਹਨ। ਦੱਸ ਦੇਈਏ ਕਿ ਬੀਤੇ ਦਿਨੀ ਇਹ ਆਦੇਸ਼ ਜਾਰੀ ਕਰਨ ਦੌਰਾਨ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਆਖਿਆ ਸੀ ਕਿ ਇਹ ਮਰਿਆਦਾ ਦਾ ਸਥਾਨ ਹੈ ਤੇ ਰੂਹਾਨੀਅਤ ਦਾ ਕੇਂਦਰ ਹੈ। ਇਸ ਕਰਕੇ ਇੱਥੇ ਲੋਕ ਸ਼ਰਧਾ ਨਾਲ ਨਤਮਸਤਕ ਹੋਣ ਆਉਂਦੇ ਹਨ ਨਾ ਕਿ ਇਹ ਪਿਕਨਿਕ ਸਪਾਟ ਹੈ।
ਇਸਦੇ ਨਾਲ ਹੀ ਡਾਕਟਰ ਰੂਪ ਸਿੰਘ ਨੇ ਉਮੀਦ ਜਤਾਈ ਸੀ ਕਿ ਲੋਕ ਕਮੇਟੀ ਦਾ ਸਹਿਯੋਗ ਦੇਣਗੇ ਪਰ ਇਨ੍ਹਾਂ ਤਸਵੀਰਾਂ ਨੂੰ ਦੇਖਦੇ ਹੋਏ ਲੱਗਦਾ ਹੈ ਕਿ ਲੋਕਾਂ ਉਪਰ ਕਮੇਟੀ ਦੇ ਆਦੇਸ਼ ਦਾ ਕੋਈ ਅਸਰ ਨਹੀਂ ਹੋਇਆ।