
ਬਠਿੰਡਾ ਪੁਲਿਸ ਵਲੋਂ ਬੀਤੀ ਦੇਰ ਰਾਤ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ
ਬਠਿੰਡਾ, 8 ਜੂਨ (ਸੁਖਜਿੰਦਰ ਮਾਨ): ਬਠਿੰਡਾ ਪੁਲਿਸ ਵਲੋਂ ਬੀਤੀ ਦੇਰ ਰਾਤ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਕੀਤੀ ਕਾਰਵਾਈ ਦੌਰਾਨ ਭੁੱਕੀ ਦਾ ਭਰਿਆ ਕੈਂਟਰ ਕਾਬੂ ਕੀਤਾ ਗਿਆ ਹੈ। ਕੈਂਟਰ ਵਿਚ ਸਵਾਰ ਦੋਹਾਂ ਵਿਅਕਤੀਆਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਮੁਢਲੀ ਪੁਛਗਿਛ ਦੌਰਾਨ ਪਤਾ ਚੱਲਿਆ ਹੈ ਕਿ ਕਥਿਤ ਦੋਸ਼ੀ ਮੱਧ ਪ੍ਰਦੇਸ਼ ਤੋਂ ਇਹ ਭੁੱਕੀ ਲਿਆ ਰਹੇ ਸਨ। ਅੱਜ ਇਸ ਮਾਮਲੇ ਦੀ ਤਫ਼ਸੀਲ ਵਿਚ ਜਾਣਕਾਰੀ ਦਿੰਦਿਆਂ ਬਠਿੰਡਾ ਰੇਂਜ ਦੇ ਆਈ.ਜੀ ਜਸਕਿਰਨ ਸਿੰਘ ਤੇ ਐਸ.ਐਸ.ਪੀ ਡਾ. ਨਾਨਕ ਸਿੰਘ ਨੇ ਦਸਿਆ ਕਿ ਕਥਿਤ ਦੋਸ਼ੀਆਂ ਵਲੋਂ ਇਹ ਭੁੱਕੀ ਆਟੇ ਦੇ ਗੱਟਿਆਂ ਹੇਠ ਛੁਪਾ ਕੇ ਰੱਖੀ ਹੋਈ ਸੀ।
File Photo
ਕੈਂਟਰ ਵਿਚੋਂ ਭੁੱਕੀ ਦੀਆਂ ਕੁਲ 100 ਬੋਰੀਆਂ ਬਰਾਮਦ ਹੋਈਆਂ ਤੇ ਹਰੇਕ ਬੋਰੀ ਵਿਚ 19 ਕਿਲੋ ਭੁੱਕੀ ਭਰੀ ਹੋਈ ਸੀ। ਪੁਲਿਸ ਨੇ ਕੈਂਟਰ ਨੂੰ ਹਿਰਾਸਤ ਵਿਚ ਲੈ ਕੇ ਮੌਕੇ ਤੋਂ ਕਾਬੂ ਕੀਤੇ ਕਥਿਤ ਦੋਸ਼ੀਆਂ ਗੁਰਮੀਤ ਸਿੰਘ ਵਾਸੀ ਪਿੰਡ ਪੀਰ ਖ਼ਾਂ ਸੇਖ ਜ਼ਿਲ੍ਹਾ ਫ਼ਿਰੋਜ਼ਪੁਰ ਅਤੇ ਪਰਮਜੀਤ ਸਿੰਘ ਪੰਮਾ ਵਾਸੀ ਮਲੋਟ ਵਿਰੁਧ 15/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਨਹਿਆਵਾਲਾ 'ਚ ਕੇਸ ਦਰਜ ਕੀਤਾ ਹੈ। ਆਈ.ਜੀ. ਜਸਕਰਨ ਸਿੰਘ ਮੁਤਾਬਕ ਸੀਆਈਏ-1 ਦੇ ਇੰਚਾਰਜ ਜਗਦੀਸ਼ ਕੁਮਾਰ ਦੀ ਅਗਵਾਈ 'ਚ ਪੁਲਿਸ ਟੀਮ ਕੋਲ ਕਥਿਤ ਦੋਸ਼ੀਆਂ ਨੇ ਮੰਨਿਆ ਹੈ ਕਿ ਉਹ ਅਪਣੇ ਕੈਂਟਰ ਰਾਹੀ ਪਹਿਲਾਂ ਵੀ ਰਾਜਸਥਾਨ ਤੇ ਮੱਧ ਪ੍ਰਦੇਸ਼ ਤੋਂ ਭੁੱਕੀ ਲੈ ਕੇ ਆਉਂਦੇ ਰਹੇ ਹਨ।