
ਆਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕਹੀ ਗੱਲ 'ਤੇ ਪੂਰਨ ਸਹਿਮਤੀ ਪ੍ਰਗਟਾਉਂਦੇ ਹਾਂ : ਅਮਰਜੀਤ ਸਿੰਘ ਚਾਵਲਾ
ਸ੍ਰੀ ਅਨੰਦਪੁਰ ਸਾਹਿਬ 08 ਜੂਨ (ਭਗਵੰਤ ਸਿੰਘ ਮਟੌਰ) : ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵਲੋਂ ਖ਼ਾਲਿਸਤਾਨ ਦੇ ਹੱਕ ਵਿਚ ਦਿਤੇ ਗਏ ਬਿਆਨ ਬਾਰੇ ਹਲਕੇ ਦੇ ਸ਼੍ਰੋਮਣੀ ਕਮੇਟੀ ਮੈਂਬਰ ਪ੍ਰਿੰ: ਸੁਰਿੰਦਰ ਸਿੰਘ ਨੇ ਗਲਬਾਤ ਕਰਦਿਆਂ ਕਿਹਾ ਕਿ ਕਿਹਾ ਕਿ ਜਥੇਦਾਰ ਸਾਹਿਬ ਨੇ ਕੋਈ ਨਵੀਂ ਗੱਲ ਨਹੀਂ ਕੀਤੀ
File Photo
ਸਗੋਂ ਗੁਰੂ ਸਾਹਿਬਾਨ ਵਲੋਂ ਬੇਗਮਪੁਰੇ ਤੇ ਹਲੇਮੀ ਰਾਜ ਦਾ ਸੰਕਲਪ ਦ੍ਰਿੜਾਇਆ ਹੈ ਅਤੇ ਸਿੰਘ ਸਾਹਿਬ ਨੇ ਉਸੇ ਦੀ ਹੀ ਹਾਮੀ ਭਰੀ ਹੈ। ਉਨ੍ਹਾਂ ਕਿਹਾ 1982 ਤੋਂ ਬਾਅਦ ਸਿੱਖਾਂ ਦੀ ਹਰ ਮੰਗ ਨੂੰ ਸਮੇਂ ਦੀ ਸਰਕਾਰ ਤੇ ਮੁਤੱਸਬੀ ਲੋਕਾਂ ਨੇ ਸਿੱਖਾਂ ਨੂੰ ਖ਼ਾਹਖ਼ਾਹ ਖ਼ਾਲਿਸਤਾਨੀ ਬਣਾਉਣ ਦੀ ਕੋਸ਼ਿਸ਼ ਕੀਤੀ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਤੁਸੀ ਜਥੇਦਾਰ ਸਾਹਿਬ ਵਲੋਂ ਖ਼ਾਲਿਸਤਾਨ ਪੱਖੀ ਦਿਤੇ ਬਿਆਨ ਦਾ ਸਮਰਥਨ ਕਰਦੇ ਹੋ ਜਾਂ ਨਹੀ?
File Photo
ਤਾਂ ਉਨ੍ਹਾਂ ਗੋਲ-ਮੋਲ ਜੁਆਬ ਦਿੰਦਿਆਂ ਕਿਹਾ ਜਥੇਦਾਰ ਸਾਰਿਆਂ ਦੇ ਸਾਂਝੇ ਹਨ ਤੇ ਮੈਂ ਇਹੀ ਕਹਿਣਾ ਚਾਹੁੰਦਾ ਹਾਂ। ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੀਤ ਪ੍ਰਧਾਨ ਭਾਈ ਗੁਰਬਖਸ਼ ਸਿੰਘ ਖ਼ਾਲਸਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਦੇ ਬਿਆਨ ਨੂੰ ਕਾਂਗਰਸ ਤੇ ਭਾਜਪਾ ਆਗੂ ਬੇਲੋੜਾ ਤੂਲ ਦੇ ਰਹੇ ਹਨ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਪਣੇ ਆਪ ਵਿਚ ਅਜ਼ਾਦ ਹਸਤੀ ਹਨ। ਸਿੰਘ ਸਾਹਿਬ ਨੇ ਪਹਿਲਾਂ ਵੀ ਸਮੇਂ-ਸਮੇਂ 'ਤੇ ਸਿੱਖ ਸਿਧਾਤਾਂ ਦੀ ਤਰਜਮਾਨੀ ਕੀਤੀ ਹੈ ਤੇ ਹੁਣ ਵੀ ਉਨ੍ਹਾਂ ਸਿੱਖ ਕੌਮ ਦੀ ਮਾਨਸਿਕਤਾ ਦਾ ਪ੍ਰਗਟਾਵਾ ਕੀਤਾ ਹੈ।
File Photo
ਉਨ੍ਹਾਂ ਕਿਹਾ ਪੱਤਰਕਾਰਾਂ ਵਲੋਂ ਪੁੱਛੇ ਸੁਵਾਲਾਂ ਦਾ ਜੁਆਬ ਦਿੰਦਿਆਂ ਸਿੰਘ ਸਾਹਿਬ ਨੇ ਖ਼ਾਲਿਸਤਾਨ ਦੀ ਗੱਲ ਕੀਤੀ ਹੈ ਤੇ ਅਸੀ ਸਿੰਘ ਸਾਹਿਬ ਦਾ ਪੂਰਨ ਤੌਰ 'ਤੇ ਸਤਿਕਾਰ ਕਰਦੇ ਹਾਂ। ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨਾਲ ਗੱਲ ਕਰਨ 'ਤੇ ਉਨ੍ਹਾਂ ਕਿਹਾ ਕਿ ਅਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨਾਲ ਹਾਂ ਤੇ ਉਨ੍ਹਾਂ ਵਲੋਂ ਕਹੀ ਗਈ ਗੱਲ 'ਤੇ ਪੂਰਨ ਸਹਿਮਤੀ ਪ੍ਰਗਟਾਉਂਦੇ ਹਾਂ। ਜਦੋਂ ਉਨ੍ਹਾਂ ਨੂੰ ਪੁਛਿਆ ਗਿਆ ਕਿ ਖ਼ਾਲਿਸਤਾਨ ਬਾਰੇ ਵਿਸਥਾਰ ਸਹਿਤ ਕੀ ਦੱਸੋਗੇ? ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਤਾਂ ਜਥੇਦਾਰ ਹੀ ਦਸਣਗੇ ਪਰ ਅਸੀ ਜਥੇਦਾਰ ਸਾਹਿਬ ਦੇ ਨਾਲ ਹਾਂ ਤੇ ਨਾਲ ਰਹਾਂਗੇ।