
ਉਦਯੋਗ ਅਤੇ ਵਣਜ ਵਿਭਾਗ ਵਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼
ਚੰਡੀਗੜ੍ਹ, 8 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਉਦਯੋਗ ਅਤੇ ਵਣਜ ਵਿਭਾਗ ਵਲੋਂ ਨਵੇਂ ਹੁਨਰ ਦੀ ਭਰਤੀ ਅਤੇ ਸੰਚਾਲਨ ਦੀ ਕੁਸ਼ਲਤਾ ਨੂੰ ਵਧਾਉਣ ਦੇ ਉਦੇਸ਼ ਨਾਲ ਬਾਇਲਰ ਆਪ੍ਰੇਸ਼ਨ ਇੰਜੀਨੀਅਰਜ਼ ਪ੍ਰੀਖਿਆ ਲਈ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਕਿਹਾ ਕਿ ਇਹ ਪ੍ਰੀਖਿਆ ਅਗਸਤ 2020 ਵਿਚ ਬਾਇਲਰਜ਼ ਐਕਟ, 1923 ਅਤੇ ਬਾਇਲਰ ਆਪ੍ਰੇਸ਼ਨ ਇੰਜੀਨੀਅਰ ਰੂਲਜ਼, 2011 ਦੇ ਸ਼ਰਤ ਵਿਧਾਨ ਅਨੁਸਾਰ ਆਰਜ਼ੀ ਤੌਰ 'ਤੇ ਲਈ ਜਾਵੇਗੀ। ਸਰਕਾਰ ਵਲੋਂ 2010 ਤੋਂ ਇਹ ਪ੍ਰੀਖਿਆ ਨਹੀਂ ਲਈ ਗਈ ਹੈ। ਚਾਹਵਾਨ ਉਮੀਦਵਾਰ ਜਿਨ੍ਹਾਂ ਕੋਲ ਲੋੜੀਂਦੀਆਂ ਯੋਗਤਾਵਾਂ ਅਤੇ ਤਜ਼ਰਬਾ ਹੋਵੇ ਇਸ ਸਬੰਧੀ 10 ਜੁਲਾਈ, 2020 ਤੋਂ ਪਹਿਲਾਂ ਇਨਵੈਸਟ ਪੰਜਾਬ ਪੋਰਟਲ 'ਤੇ ਅਪਲਾਈ ਕਰ ਸਕਦੇ ਹਨ।
ਉਨ੍ਹਾਂ ਕਿਹਾ ਕਿ ਸੂਬੇ ਵਿਚ ਬੁਆਇਲਰ ਆਪ੍ਰੇਸ਼ਨ ਇੰਜਨੀਅਰਜ਼ ਦੀਆਂ ਕਈ ਅਸਾਮੀਆਂ ਖ਼ਾਲੀ ਪਈਆਂ ਹਨ ਅਤੇ ਨਵੀਂ ਭਰਤੀ ਨਾਲ ਕੁਸ਼ਲਤਾ ਦਾ ਪੱਧਰ ਹੋਰ ਵਧੇਗਾ ਅਤੇ ਉਦਯੋਗ ਵਿਚ ਤਕਨੀਕੀ ਅਧਿਕਾਰੀਆਂ ਦੀ ਤਾਕਤ ਵਧੇਗੀ। ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿਚ ਰੱਖਦਿਆਂ ਮੌਜੂਦਾ ਸਾਲ ਪ੍ਰੀਖਿਆ ਦੀ ਯੋਜਨਾ ਬਣਾਈ ਗਈ ਹੈ। ਪ੍ਰੀਖਿਆ ਦੇ ਪੱਧਰ ਨੂੰ ਕਾਇਮ ਰੱਖਣ ਲਈ ਸੂਬਾ ਸਰਕਾਰ ਵਲੋਂ ਆਧੁਨਿਕ ਬੁਆਇਲਰ ਅਭਿਆਸਾਂ ਦਾ ਉੱਚ ਵਿਦਿਅਕ ਅਤੇ ਵਿਵਹਾਰਕ ਗਿਆਨ ਰੱਖਣ ਵਾਲੇ ਮੈਂਬਰਾਂ ਦੇ ਇਕ ਪਰੀਖਿਅਕ ਬੋਰਡ ਦਾ ਗਠਨ ਕੀਤਾ ਗਿਆ ਹੈ।