
ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੱਜ ਮੁੜ ਕੈਪਟਨ ਸਰਕਾਰ ਨੂੰ ਬੀਜ ਘਪਲੇ ਅਤੇ ਸ਼ਰਾਬ ਦੇ ਕਾਰੋਬਾਰ ਦੇ ਘਾਟੇ ਦੇ
ਚੰਡੀਗੜ੍ਹ, 8 ਜੂਨ (ਗੁਰਉਪਦੇਸ਼ ਭੁੱਲਰ): ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਅੱਜ ਮੁੜ ਕੈਪਟਨ ਸਰਕਾਰ ਨੂੰ ਬੀਜ ਘਪਲੇ ਅਤੇ ਸ਼ਰਾਬ ਦੇ ਕਾਰੋਬਾਰ ਦੇ ਘਾਟੇ ਦੇ ਮੁੱਦਿਆਂ ਨੂੰ ਲੈ ਕੇ ਘੇਰਨ ਦਾ ਯਤਨ ਕਰਦਿਆਂ ਕਾਰਵਾਈ ਨਾ ਹੋਣ ਨੂੰ ਲੈ ਕੇ ਕਈ ਸਵਾਲ ਉਠਾਏ ਹਨ। ਅੱਜ ਇੱਥੇ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲਲ ਦੇ ਸੀਨੀਅਰ ਨੇਤਾਵਾਂ ਬਿਕਰਮ ਸਿੰਘ ਮਜੀਠੀਆ ਅਤੇ ਡਾ. ਦਲਜੀਤ ਸਿੰਘ ਚੀਮਾ ਵਲੋਂ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਮੌਕੇ ਯੂਥ ਅਕਾਲੀ ਦਲ ਦੇ ਨਵਨਿਯੁਕਤ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਵੀ ਮੌਜੂਦ ਸਨ।
ਮਜੀਠੀਆ ਨੇ ਕਿਹਾ ਕਿ ਇਹ ਗੱਲ ਵੀ ਸਹੀ ਸਾਬਤ ਹੋਈ ਹੈ ਕਿ ਇਸ ਬੀਜ ਘਪਲੇ ਦੇ ਤਾਰ ਹੋਰ ਕਈ ਰਾਜਾਂ ਨਾਲ ਵੀ ਜੁੜੇ ਹੋਏ ਹਨ ਅਤੇ ਇਸੇ ਕਰ ਕੇ ਹਰਿਆਣਾ ਸਰਕਾਰ ਨੇ ਵੀ ਐਫ਼.ਆਈ.ਆਰ. ਦਰਜ ਕੀਤੀ ਹੈ। ਇਸ 'ਚ ਕਰਨਾਲ ਵਿਖੇ ਕਰਨਾਲ ਸੀਡਜ਼ ਦਾ ਜਾਅਲੀ ਦਫ਼ਤਰ ਬਣਾਉਣ ਦਾ ਮਾਮਲਾ ਹੈ। ਉਨ੍ਹਾਂ ਕਿਹਾ ਕਿ ਹਰਿਆਣਾ ਨੇ ਇਸ ਮਾਮਲੇ 'ਚ ਸਖ਼ਤ ਧਾਰਾਵਾਂ ਲਾਈਆਂ ਹਨ ਜਦਕਿ ਪੰਜਾਬ ਸਰਕਾਰ ਨੇ ਅਜਿਹੀਆਂ ਧਾਰਾਵਾਂ ਨਹੀਂ ਲਾਈਆਂ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਸਰਕਾਰ ਤਾਂ ਮਾਮਲੇ ਨੂੰ ਖੁਰਦ-ਬੁਰਦ ਕਰਨ ਲਈ ਲੱਗੀ ਹੋਈ ਹੈ ਅਤੇ ਕਰਨਾਲ ਸੀਡਜ਼ ਨਾਲ ਸਬੰਧਤ ਮੁਜਰਿਮ ਲੱਖੀ ਨੂੰ ਵੀ 25 ਦਿਨ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।
ਮਜੀਠੀਆ ਨੇ ਇਸ ਮਾਮਲੇ 'ਚ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ 'ਤੇ ਦੋਸ਼ ਲਾਉਂਦਿਆਂ ਉਨ੍ਹਾਂ ਨੂੰ ਕੇਸ 'ਚ ਸ਼ਾਮਲ ਕਰ ਕੇ ਕਾਰਵਾਈ ਦੀ ਮੰਗ ਦੋਹਰਾਈ। ਉਨ੍ਹਾਂ ਇਹ ਮੰਗ ਵੀ ਕੀਤੀ ਕਿ ਨਕਲੀ ਬੀਜ ਕਾਰਨ 6 ਲੱਖ ਏਕੜ ਰਕਬੇ 'ਚੋਂ ਕਿਸਾਲਾਂ ਨੂੰ ਹੋਏ ਨੁਕਸਾਨ ਦੀ ਭਰਪਾਈ ਲਈ ਗਿਰਦਾਵਰੀ ਕਰਵਾ ਕੇ ਸਰਕਾਰ ਤੋਂ ਮੁਆਵਜ਼ਾ ਦੇਣ ਦੀ ਮੰਗ ਕੀਤੀ।
ਡਾ. ਚੀਮਾ ਨੇ ਸ਼ਰਾਬ ਕਾਰੋਬਾਰ 5600 ਕਰੋੜ ਦੇ ਘਾਟੇ 'ਚ ਠੋਸ ਕਾਰਵਾਈ ਨਾ ਹੋ ਅਤੇ ਮੁੱਖ ਮੰਤਰੀ ਵਲੋਂ ਬਣਾਈਆਂ ਕਮੇਟੀਆਂ ਨੂੰ ਅੱਖਾਂ ਪੂੰਝਣ ਵਾਲੀ ਕਾਰਵਾਈ ਦਸਿਆ। ਉਨ੍ਹਾਂ ਦੋਸ਼ ਲਾਇਆ ਕਿ ਉਲਟਾ ਇਸ ਮਾਮਲੇ 'ਚ ਜਾਂਚ ਰੀਪੋਰਟਾਂ ਲਿਖਣ ਵਾਲੇ ਪੱਤਰਕਾਰਾਂ ਨੂੰ ਆਬਕਾਰੀ ਮਹਿਕਮੇ ਦੇ ਅਧਿਕਾਰੀ ਪ੍ਰੇਸ਼ਾਨ ਕਰ ਰਹੇ ਹਨ।