
ਪਤੀ ਦੇ ਬਾਅਦ ਮਨੀਮਾਜਰਾ ਦੀ 49 ਸਾਲਾ ਔਰਤ ਵੀ ਪਾਜ਼ੇਟਿਵ
ਚੰਡੀਗੜ੍ਹ, 8 ਜੂਨ (ਤਰੁਣ ਭਜਨੀ): ਸ਼ਹਿਰ ਵਿਚ ਸੋਮਵਾਰ ਕੋਰੋਨਾ ਵਾਇਰਸ ਦੇ ਛੇ ਨਵੇਂ ਕੇਸ ਸਾਹਮਣੇ ਆਏ ਹਨ। ਸਵੇਰੇ ਚਾਰ ਅਤੇ ਸ਼ਮੀ ਸਾਹਮਣੇ ਆਏ ਦੋ ਹੋਰ ਮਾਮਲਿਆਂ ਵਿਚ ਇਕ ਕੇਸ ਮਨੀਮਾਜਰਾ ਦੀ ਰਹਿਣ ਵਾਲੀ 49 ਸਾਲਾ ਮਹਿਲਾ ਅਤੇ ਦੂਜਾ ਬਾਪੂਧਾਮ ਕਾਲੋਨੀ ਵਿਚ ਰਹਿਣ ਵਾਲਾ 25 ਸਾਲ ਦਾ ਨੌਜਵਾਨ ਹੈ। ਉਥੇ ਹੀ ਬੀਤੇ ਐਤਵਾਰ ਨੂੰ ਪਿੰਡ ਦੜਵਾ ਵਿਚ ਸੀ.ਆਈ.ਐਸ.ਐਫ਼. ਦੇ ਕਾਂਸਟੇਬਲ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਸੀ।
ਹੁਣ ਸੋਮਵਾਰ ਨੂੰ ਉਸ ਦੀ ਪਤਨੀ ਦੇ ਇਲਾਵਾ ਸੈਕਟਰ-41 ਦੇ 25 ਸਾਲ ਦੇ ਨੌਜਵਾਨ ਅਤੇ ਬਾਪੂਧਾਮ ਕਾਲੋਨੀ ਵਿਚ ਦੋ ਲੋਕਾਂ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਸੋਮਵਾਰ ਨੂੰ ਚਾਰ ਨਵੇਂ ਮਾਮਲੇ ਪਾਜ਼ੇਟਿਵ ਆਏ ਹਨ। ਸ਼ਹਿਰ ਵਿਚ ਹੁਣ ਤਕ ਕੋਰੋਨਾ ਵਾਇਰਸ ਤੋਂ 318 ਲੋਕ ਪਾਜ਼ੇਟਿਵ ਹੋਏ ਹਨ। ਚੰਡੀਗੜ੍ਹ ਵਿਚ ਐਕਟਿਵ ਕੇਸ ਹੁਣ 39 ਹੋ ਗਏ ਹਨ।
ਐਤਵਾਰ ਨੂੰ ਆਏ ਸਨ ਦੋ ਮਾਮਲੇ : ਪਿੰਡ ਦੜਵਾ ਅਤੇ ਮਨੀਮਾਜਰਾ ਵਿਚ ਐਤਵਾਰ ਨੂੰ ਦੋ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਦੜਵਾ ਦੇ ਜਿਸ ਵਿਅਕਤੀ ਵਿਚ ਸੰਕਰਮਣ ਦੀ ਪੁਸ਼ਟੀ ਹੋਈ ਸੀ ਉਹ 33 ਸਾਲ ਦਾ ਸੀ.ਆਈ.ਐਸ.ਐਫ਼. ਦਾ ਜਵਾਨ ਹੈ। ਇਸ ਏਰੀਆ ਵਿਚ ਕੋਰੋਨਾ ਸੰਕਰਮਣ ਦਾ ਇਹ ਪਹਿਲਾ ਮਾਮਲਾ ਹੈ।
ਇਸ ਨੂੰ ਲੈ ਕੇ ਸਿਹਤ ਵਿਭਾਗ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਬਾਪੂਧਾਮ ਦੀ ਤਰ੍ਹਾਂ ਹੀ ਇਹ ਵੀ ਸ਼ਹਿਰ ਦਾ ਸੰਘਣੀ ਆਬਾਦੀ ਵਾਲਾ ਖੇਤਰ ਹੈ। ਇਸ ਤੋਂ ਪਹਿਲਾਂ ਸ਼ਨਿਚਰਵਾਰ ਨੂੰ ਸੈਕਟਰ -26 ਬਾਪੂਧਾਮ ਕਾਲੋਨੀ ਵਿਚ ਚਾਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਸਨ। ਹਾਲੇ ਤਕ ਵਿਸ਼ੇਸ਼ ਤੌਰ 'ਤੇ ਸੈਕਟਰ-26 ਸਥਿਤ ਬਾਪੂਧਾਮ ਕਾਲੋਨੀ ਅਤੇ ਸੈਕਟਰ- 30 ਬੀ ਦੀ ਸੰਘਣੀ ਆਬਾਦੀ ਵਾਲੇ ਇਲਾਕੇ ਵਿਚ ਕੋਰੋਨਾ ਦੇ ਜ਼ਿਆਦਾਤਰ ਮਾਮਲੇ ਸਾਹਮਣੇ ਆਏ ਸਨ। ਇਸ ਦੌਰਾਨ ਪਿੰਡ ਦੜਵਾ ਨੂੰ ਸੀਲ ਕਰ ਦਿਤਾ ਗਿਆ ਹੈ।
ਕੋਰੋਨਾ ਪਾਜ਼ੇਟਿਵ ਸੀ.ਆਈ.ਐਸ.ਐਫ਼. ਜਵਾਨ ਪੰਜਾਬ ਦੇ ਸਿਵਲ ਸਕੱਤਰੇਤ ਵਿਚ ਤੈਨਾਤ ਹੈ ਜਦਕਿ ਦੂਜਾ ਮਾਮਲਾ ਮਨੀਮਾਜਰਾ ਦਾ ਹੈ। ਮਨੀਮਾਜਰਾ ਦੇ ਮਾਰਡਨ ਹਾਊਸਿੰਗ ਕਾਂਪਲੈਕਸ ਵਿਚ ਐਤਵਾਰ ਨੂੰ 46 ਸਾਲ ਦਾ ਵਿਅਕਤੀ ਵਿਚ ਕੋਰੋਨਾ ਦੀ ਪੁਸ਼ਟੀ ਹੋਈ ਸੀ।
ਇਸ ਵਿਅਕਤੀ ਨੂੰ ਪੰਚਕੂਲਾ ਦੇ ਸੈਕਟਰ-6 ਸਥਿਤ ਸਿਵਲ ਹਸਪਤਾਲ ਦੇ ਆਇਸੋਲੇਸ਼ਨ ਵਾਰਡ ਵਿਚ ਦਾਖ਼ਲ ਕੀਤਾ ਗਿਆ ਹੈ। ਸੋਮਵਾਰ ਵਿਅਕਤੀ ਦੀ ਪਤਨੀ ਵੀ ਕੋਰੋਨਾ ਪਾਜ਼ੇਟਿਵ ਪਾਈ ਗਈ ਹੈ ਜਦਕਿ ਉਨ੍ਹਾਂ ਦਾ ਬੇਟਾ ਨੈਗੇਟਿਵ ਪਾਇਆ ਗਿਆ ਹੈ।
20 ਲੋਕਾਂ ਦੀ ਰਿਪੋਰਟ ਆਉਣੀ ਬਾਕੀ : ਸਿਹਤ ਵਿਭਾਗ ਨੇ 20 ਲੋਕਾਂ ਦੇ ਸੈਂਪਲ ਟੈਸਟਿੰਗ ਲਈ ਭੇਜੇ ਹਨ। ਇਨ੍ਹਾਂ ਲੋਕਾਂ ਦੀ ਰਿਪੋਰਟ ਹਾਲੇ ਆਉਣੀ ਬਾਕੀ ਹੈ। ਸ਼ਹਿਰ ਵਿਚ ਹੁਣ ਤਕ 5312 ਲੋਕਾਂ ਦੇ ਸੈਂਪਲ ਲੈ ਕੇ ਜਾਂਚ ਲਈ ਭੇਜੇ ਜਾ ਚੁਕੇ ਹਨ।
ਇਨ੍ਹਾਂ ਵਿਚੋਂ 4977 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਸ਼ਹਿਰ ਵਿਚ ਹੁਣ ਤਕ ਕੁਲ 318 ਲੋਕਾਂ ਵਿਚ ਕੋਰੋਨਾ ਦੀ ਪੁਸ਼ਟੀ ਹੋ ਚੁਕੀ ਹੈ। ਇਸ ਸਮੇਂ 39 ਕੋਰੋਨਾ ਐਕਟਿਵ ਮਰੀਜ਼ ਹਨ। 274 ਮਰੀਜ਼ਾਂ ਨੂੰ ਠੀਕ ਹੋਣ ਦੇ ਬਾਅਦ ਡਿਸਚਾਰਜ ਕੀਤਾ ਜਾ ਚੁਕਾ ਹੈ। ਸੰਕਰਮਣ ਨਾਲ ਸ਼ਹਿਰ ਵਿਚ ਹੁਣ ਤੱਕ ਪੰਜ ਲੋਕਾਂ ਦੀ ਮੌਤ ਹੋ ਚੁਕੀ ਹੈ।