
ਹਾਈ ਕੋਰਟ ਨੇ ਅੱਜ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ
ਚੰਡੀਗੜ੍ਹ, 8 ਜੂਨ (ਨੀਲ ਭਲਿੰਦਰ ਸਿੰਘ): ਹਾਈ ਕੋਰਟ ਨੇ ਅੱਜ ਉਸ ਵੇਲੇ ਦੇ ਵਧੀਕ ਮੁੱਖ ਸਕੱਤਰ (ਗ੍ਰਹਿ) ਨਿਰਮਲਜੀਤ ਸਿੰਘ ਕਲਸੀ ਨੂੰ ਪਟੀਸ਼ਨ 'ਤੇ ਨੋਟਿਸ ਦਿਤਾ ਹੈ ਜਿਸ ਵਿਚ ਦੋਸ਼ ਲਾਇਆ ਗਿਆ ਹੈ ਕਿ ਆਈਪੀਐਸ ਕੇਡਰ ਵਿਚ ਤਰੱਕੀ ਲਈ ਮੰਨੇ ਜਾਣ ਵਾਲੇ ਸੀਨੀਅਰ ਅਧਿਕਾਰੀਆਂ ਦੀ ਰਿਟਾਇਰਮੈਂਟ ਨੂੰ ਯਕੀਨੀ ਬਣਾਉਣ ਲਈ ਪੁਲਿਸ ਦੇ ਡਿਪਟੀ ਸੁਪਰਡੈਂਟਾਂ ਦੀ ਅੰਤਮ ਸੀਨੀਆਰਤਾ ਸੂਚੀ ਨੂੰ ਹੱਲ ਕਰਨ ਵਿਚ ਜਾਣਬੁੱਝ ਕੇ ਨਾਕਾਮਯਾਬ ਰਹੇ। ਪੰਜਾਬ ਦੇ ਡਾਇਰੈਕਟਰ-ਜਨਰਲ ਪੁਲਿਸ ਦਿਨਕਰ ਗੁਪਤਾ ਅਤੇ ਇਕ ਹੋਰ ਜਵਾਬਦੇਹ ਨੂੰ ਵੀ ਨੋਟਿਸ ਜਾਰੀ ਕੀਤਾ ਗਿਆ ਹੈ।
ਜਸਟਿਸ ਸੁਵੀਰ ਸਹਿਗਲ ਦੇ ਬੈਂਚ ਵਲੋਂ ਇਹ ਨੋਟਿਸ ਗੁਰਦਿਅਲ ਸਿੰਘ ਅਤੇ ਇਕ ਹੋਰ ਪਟੀਸ਼ਨਰ ਵਲੋਂ ਕਲਸੀ ਅਤੇ ਹੋਰਨਾਂ ਜਵਾਬਦਾਤਾ ਵਿਰੁਧ ਦਾਇਰ ਕੀਤੀ ਗਈ ਹੱਤਕ ਪਟੀਸ਼ਨ ਨੂੰ ਮੁੜ ਸੁਰਜੀਤ ਕਰਨ ਦੀ ਅਰਜ਼ੀ 'ਤੇ ਆਇਆ ਹੈ। ਪਟੀਸ਼ਨਕਰਤਾਵਾਂ ਨੇ ਵਕੀਲ ਸਰਤੇਜ ਸਿੰਘ ਨਰੂਲਾ ਰਾਹੀਂ ਦਲੀਲ ਦਿਤੀ ਕਿ ਸਰਕਾਰੀ ਵੈਬਸਾਈਟ ਉੱਤੇ ਅੰਤਮ ਸੀਨੀਆਰਤਾ ਸੂਚੀ ਨੂੰ ਅੰਤਮ ਰੂਪ ਦੇਣ ਅਤੇ ਅਪਲੋਡ ਕਰਨ ਵਿਚ ਦੇਰੀ ਨਵੰਬਰ 2018 ਵਿੱਚ ਹਾਈ ਕੋਰਟ ਵਲੋਂ ਜਾਰੀ ਨਿਰਦੇਸ਼ਾਂ ਦੀ ਸਖ਼ਤ ਉਲੰਘਣਾ ਹੈ।
ਇਸ ਮਾਮਲੇ ਦੀ ਸ਼ੁਰੂਆਤ ਹਾਈ ਕੋਰਟ ਨੇ ਨਵੰਬਰ, 2018 ਵਿਚ ਡੀਐਸਪੀਜ਼ ਦੀ ਸੀਨੀਅਰਤਾ ਸੂਚੀ ਨੂੰ ਰੱਦ ਕਰਦਿਆਂ, ਇਸ ਦੇ ਆਉਣ ਤੋਂ ਤਕਰੀਬਨ ਛੇ ਸਾਲ ਬਾਅਦ ਜਾਰੀ ਕੀਤੇ ਇਕ ਆਦੇਸ਼ ਵਿਚ ਕੀਤੀ ਸੀ। ਪੁਲਿਸ ਵਿਭਾਗ ਦੇ ਵੱਡੇ ਪੁਨਰਗਠਨ ਦਾ ਸੰਕੇਤ ਕਰਦਿਆਂ ਦੋ ਮਹੀਨਿਆਂ ਦੇ ਅੰਦਰ ਸੀਨੀਆਰਤਾ ਸੂਚੀ ਨੂੰ ਮੁੜ ਤੋਂ ਚਾਲੂ ਕਰਨ ਦੇ ਨਿਰਦੇਸ਼ ਵੀ ਜਾਰੀ ਕੀਤੇ ਗਏ ਸਨ।