
ਪਾਰਟੀ ਦੇ ਮੁੱਖ ਦਫ਼ਤਰ ਪਹੁੰਚ ਕੇ ਮਜੀਠੀਆ ਤੋਂ ਪ੍ਰਧਾਨ ਬਣਨ ਮਗਰੋਂ ਲਿਆ ਆਸ਼ੀਰਵਾਦ
ਚੰਡੀਗੜ੍ਹ, 8 ਜੂਨ (ਗੁਰਉਪਦੇਸ਼ ਭੁੱਲਰ): ਯੂਥ ਅਕਾਲੀ ਦਲ ਰੁਜ਼ਗਾਰ ਦੇ ਮੁੱਦਿਆਂ ਨੂੰ ਲੈ ਕੇ ਜ਼ੋਰਦਾਰ ਸੰਘਰਸ਼ ਕਰੇਗਾ। ਅੱਜ ਪਾਰਟੀ ਦੇ ਹੈੱਡਕੁਆਰਟਰ ਵਿਖੇ ਨਵਨਿਯੁਕਤ ਯੂਥ ਅਕਾਲੀ ਪ੍ਰਧਾਨ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਬਿਕਰਮ ਸਿੰਘ ਮਜੀਠੀਆ ਤੋਂ ਆਸ਼ੀਰਵਾਦ ਲੈਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਸਮੇਂ ਨੌਜੁਆਨਾਂ ਨਾਲ ਘਰ ਘਰ ਨੌਕਰੀ ਸਮੇਤ ਕੀਤੇ ਹੋਰ ਸਾਰੇ ਵਾਅਦੇ ਭੁਲਾ ਦਿਤੇ ਹਨ। ਰੁਜ਼ਗਾਰ ਮੰਗਣ ਵਾਲਿਆਂ ਨੂੰ ਲਾਠੀਆਂ ਨਾਲ ਦਬਾਉਣ ਦਾ ਯਤਨ ਕੀਤਾ ਜਾਂਦਾ ਹੈ।
File Photo
ਉਨ੍ਹਾਂ ਕਿਹਾ ਕਿ ਮੁਫ਼ਤ ਮੋਬਾਇਲ ਫ਼ੋਨ ਦਾ ਵਾਅਦਾ ਵੀ ਪਤਾ ਨਹੀਂ ਕਿੱਥੇ ਗਿਆ? ਨੌਜੁਆਨਾਂ 'ਚ ਬੇਰੁਜ਼ਗਾਰੀ ਕਾਰਨ ਵਿਦੇਸ਼ਾਂ ਵਲ ਜਾਣ ਲਈ ਰੁਝਾਨ ਵਧਿਆ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਨੌਜੁਆਨਾਂ ਨੂੰ ਲਾਮਬੰਦ ਕਰ ਕੇ ਕੈਪਟਨ ਸਰਕਾਰ ਤੋਂ ਵਾਅਦਿਆਂ ਦਾ ਪੂਰਾ ਹਿਸਾਬ ਲਵੇਗਾ ਅਤੇ ਇਹ ਪੂਰੇ ਕਰਨ ਲਈ ਮਜਬੂਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨੌਜੁਆਨਾਂ ਨੂੰ ਬੇਰੁਜ਼ਗਾਰੀ ਭੱਤਾ ਵੀ ਨਹੀਂ ਦਿਤਾ ਗਿਆ। ਉਨ੍ਹਾਂ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਯੂਥ ਅਕਾਲੀ ਦਲ ਨੂੰ ਹੋਰ ਤਕੜਾ ਕਰ ਕੇ ਲੋਕ ਲਹਿਰ ਖੜੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਯੂਥ ਅਕਾਲੀ ਦਲ ਪਾਰਟੀ ਦੀ ਮਜ਼ਬੂਤੀ ਲਈ ਵੀ ਪੂਰੇ ਯਤਨ ਕਰੇਗਾ।