
ਮੁੱਖ ਮੰਤਰੀ ਨਾਲ ਕਿਸੇ ਵੀ ਮੀਟਿੰਗ ਲਈ ਨਹੀਂ ਜਾਵੇਗੀ ਕਾਂਗਰਸ ਲੀਡਰਸ਼ਿਪ- ਰਾਜਾ ਵੜਿੰਗ
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦੇ ਬਾਹਰ ਧਰਨਾ ਦੇਣ ਦੇ ਚਲਦਿਆਂ ਪੰਜਾਬ ਕਾਂਗਰਸ ਦੇ ਆਗੂਆਂ ਨੂੰ ਹਿਰਾਸਤ ਵਿਚ ਲਿਆ ਗਿਆ। 3 ਘੰਟੇ ਪੁਲਿਸ ਹਿਰਾਸਤ ਵਿਚ ਰਹਿਣ ਮਗਰੋਂ ਬਾਹਰ ਆਏ ਕਾਂਗਰਸੀ ਆਗੂਆਂ ਨੇ ਪੰਜਾਬ ਸਰਕਾਰ ’ਤੇ ਕਈ ਇਲਜ਼ਾਮ ਲਗਾਏ। ਰਾਜਾ ਵੜਿੰਗ ਨੇ ਕਿਹਾ ਕਿ ਸਾਡੇ ਖਿਲਾਫ ਕਈ ਜ਼ਮਾਨਤੀ ਅਤੇ ਗੈਰ-ਜ਼ਮਾਨਤੀ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੁੱਖ ਮੰਤਰੀ ਦੇ ਇਸ ਵਤੀਰੇ ਕਾਰਨ ਅੱਜ ਸਮੁੱਚੀ ਕਾਂਗਰਸ ਨੇ ਮੁੱਖ ਮੰਤਰੀ ਦਾ ਬਾਈਕਾਟ ਕੀਤਾ, ਹੁਣ ਕਾਂਗਰਸ ਲੀਡਰਸ਼ਿਪ ਮੁੱਖ ਮੰਤਰੀ ਦੀ ਕਿਸੇ ਵੀ ਮੀਟਿੰਗ ਜਾਂ ਮੁਲਾਕਾਤ ਲਈ ਨਹੀਂ ਜਾਵੇਗੀ।
Punjab Congress Protest at CM House
ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਇਹਨਾਂ ਖ਼ਿਲਾਫ਼ ਅਦਾਲਤ ਵਿਚ ਜਾਵਾਂਗੇ। ਰਾਜਾ ਵੜਿੰਗ ਨੇ ਕਿਹਾ ਕਿ ਬਦਲੇ ਦੀ ਰਾਜਨੀਤੀ ਖ਼ਿਲਾਫ਼ ਅਸੀਂ ਡਟ ਕੇ ਖੜ੍ਹਾਂਗੇ ਪਰ ਜੇਕਰ ਕੋਈ ਸਾਡਾ ਕੋਈ ਵਿਅਕਤੀ ਦੋਸ਼ੀ ਪਾਇਆ ਜਾਂਦਾ ਹੈ ਤਾਂ ਅਸੀਂ ਸਰਕਾਰ ਦਾ ਸਾਥ ਦੇਵਾਂਗੇ। ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਵਿਰੋਧੀ ਧਿਰ ਨਾਲ ਅਜਿਹਾ ਵਤੀਰਾ ਦੁਖਦਾਈ ਗੱਲ ਹੈ। ਉਹਨਾਂ ਕਿਹਾ ਕਿ ਜੇ ਸਾਡੇ ਘਰ ਕੋਈ ਦੁਸ਼ਮਣ ਵੀ ਆਉਂਦਾ ਹੈ ਤਾਂ ਅਸੀਂ ਚਾਹ-ਪਾਣੀ ਪਿਆ ਕੇ ਹੀ ਤੋਰਦੇ ਹਾਂ। ਅਸੀਂ 45 ਮਿੰਟ ਕੋਠੀ ਅੰਦਰ ਬੈਠੇ ਰਹੇ ਪਰ ਮੁੱਖ ਮੰਤਰੀ ਸਾਬ੍ਹ ਸਾਨੂੰ ਮਿਲਣ ਨਾ ਆਏ, ਸਗੋਂ ਪਰਚਾ ਕਰਵਾ ਕੇ ਸਾਨੂੰ ਬੇਇੱਜ਼ਤ ਕੀਤਾ ਗਿਆ।
ਉਹਨਾਂ ਕਿਹਾ ਕਿ ਸਾਨੂੰ ਮੁਲਾਕਾਤ ਲਈ 9 ਵਜੇ ਦਾ ਸਮਾਂ ਦਿੱਤਾ ਗਿਆ ਸੀ। ਸਾਨੂੰ ਅੰਦਰ ਲਿਜਾ ਕੇ ਸਾਰਿਆਂ ਦੀ ਚੈਕਿੰਗ ਕੀਤੀ ਗਈ ਅਤੇ ਸਾਰਿਆਂ ਦੇ ਫੋਨ ਰੱਖ ਲਏ ਗਏ। ਸਾਰੇ ਆਗੂਆਂ ਨੂੰ ਕਾਨਫਰੰਸ ਰੂਮ ਵਿਚ ਬਿਠਾਇਆ ਗਿਆ ਫਿਰ 45 ਮਿੰਟ ਬਾਅਦ ਅਫਸਰ ਨੇ ਆ ਕੇ ਕਿਹਾ ਕਿ ਮੀਟਿੰਗ ਅੱਜ ਨਹੀਂ ਹੋਵੇਗੀ, ਤੁਸੀਂ ਕੱਲ੍ਹ 1 ਵਜੇ ਆਇਓ। ਉਹਨਾਂ ਕਿਹਾ ਕਿ ਅਸੀਂ ਕਾਨੂੰਨ-ਵਿਵਸਥਾ ਅਤੇ ਸਿੱਧੂ ਮੂਸੇਵਾਲਾ ਕਤਲ ਨੂੰ ਲੈ ਕੇ ਚਿੰਤਤ ਹਾਂ।
Punjab Congress Protest at CM House
ਇਸ ਮੌਕੇ ਰਾਜਾ ਵੜਿੰਗ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਡਿਪਟੀ ਸੀਐਮ ਸੁਖਜਿੰਦਰ ਸਿੰਘ ਰੰਧਾਵਾ ਅਤੇ ਓਪੀ ਸੋਨੀ ਵੀ ਮੌਜੂਦ ਸਨ। ਇਸ ਸਬੰਧੀ ਟਵੀਟ ਕਰਦਿਆਂ ਗੁਰਜੀਤ ਔਜਲਾ ਨੇ ਕਿਹਾ ਕਿ ਭਗਵੰਤ ਮਾਨ ਜੀ ਸਾਡੇ ਪ੍ਰਧਾਨ, ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਲੀਡਰ ਸਾਹਿਬਾਨ ਤੁਹਾਨੂੰ ਪੰਜਾਬ ਦੇ ਗੰਭੀਰ ਮਸਲਿਆਂ ਸਬੰਧੀ ਮਿਲਣ ਆਏ। ਪਰ ਉਹਨਾਂ ਨਾਲ ਤੁਹਾਡੇ ਪ੍ਰਸ਼ਾਸਨ ਵਾਲੋਂ ਦੁਰਵਿਹਾਰ ਕੀਤਾ ਗਿਆ। ਕੀ ਇਸ ਨੂੰ ਬਦਲਾਅ ਕਿਹਾ ਜਾਂਦਾ ਹੈ? ਇਹ ਤਾਂ ਪੁਰਾਣੀਆਂ ਰਵਾਇਤਾਂ ਹਨ। ਵਿਰੋਧੀਆਂ ਨੂੰ ਵੱਡੇ ਜਿਗਰੇ ਨਾਲ ਸੁਣੋ।