
ਵਿੱਕੀ ਨੇ ਸੱਠ ਸਾਲ਼ ਪੁਰਾਣੀ ਉਹ ਰਾਈਫ਼ਲ ਸਿੱਧੂ ਮੂਸੇਵਾਲਾ ਦੀ ਉਡੀਕ ਦੇ ਵਿਚ ਅੱਜ ਤੱਕ ਨਹੀਂ ਖੋਲ੍ਹੀ।
ਚੰਡੀਗੜ੍ਹ (ਲੰਕੇਸ਼ ਤ੍ਰਿਖਾ) - ਬੋਝ ਦਾ ਅਰਥ ਸਮਝਣਾ ਹੋਵੇ ਤਾਂ ਉਸ ਬਾਪ ਕੋਲ਼ੋਂ ਪੁੱਛੋ ਜਿਸ ਨੇ ਜਵਾਨ ਪੁੱਤਰ ਦੇ ਜਨਾਜ਼ੇ ਨੂੰ ਮੋਢਾ ਦਿੱਤਾ ਹੋਵੇ। ਸਿੱਧੂ ਮੂਸੇਵਾਲਾ ਦੇ ਗੀਤ ਇਸ ਗੱਲ ਦੀ ਹਾਮੀ ਭਰਦੇ ਹਨ ਕਿ ਸਿੱਧੂ ਮਾਨਸਿਕ ਤੌਰ 'ਤੇ ਗੈਂਗਸਟਰ ਦੀ ਗੋਲੀ ਨਾਲ ਮਰਨ ਲਈ ਤਿਆਰ ਸੀ। ਵਾਸ਼ਿੰਗਟਨ ਦੇ ਸਿਆਟਲ ਵਿਚ ਰਹਿਣ ਵਾਲੇ ਵਿੱਕੀ ਮਾਨ ਸਲਾਉਦੀ ਨੇ ਰੋਜ਼ਾਨਾ ਸਪੋਕਸਮੈਨ ਨਾਲ ਖ਼ਾਸ ਗੱਲ-ਬਾਤ ਦੌਰਾਨ ਦੱਸਿਆ ਕਿ ਸਿੱਧੂ ਨੇ ਆਪਣੀ ਹਿਫ਼ਾਜ਼ਤ ਦੇ ਮੱਦੇਨਜ਼ਰ ਵਿੱਕੀ ਮਾਨ ਨਾਲ ਬੁਲਟ ਪਰੂਫ਼ ਜੈਕਟ ਲਈ ਸੰਪਰਕ ਕੀਤਾ ਸੀ।
ਸਿੱਧੂ ਮੂਸੇਵਾਲਾ ਨੇ ਸਨੈਪਚੈਟ ਰਾਹੀਂ ਵਿੱਕੀ ਨੂੰ ਇੱਕ ਆਡੀਓ ਸੰਦੇਸ਼ ਭੇਜਿਆ ਸੀ। ਵਿੱਕੀ ਮਾਨ ਨੇ ਸਿੱਧੂ ਮੂਸੇਵਾਲਾ ਤੋਂ ਇਹ ਵੀ ਪੁੱਛਿਆ ਕਿ ਉਹਨਾਂ ਨੂੰ ਕਿਸ ਤਰਾਂ ਦੀ ਬੁਲਟ ਪਰੂਫ ਜੈਕਟ ਦੀ ਜ਼ਰੂਰਤ ਹੈ। ਜਿਸ ਤੋਂ ਬਾਅਦ ਵਿੱਕੀ ਨੇ ਸਿੱਧੂ ਮੂਸੇਵਾਲਾ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਿੱਧੂ ਨੂੰ ਹਾਰਡ ਬਾਡੀ ਆਰਮਰ ਦੀ ਜ਼ਰੂਰਤ ਹੈ, ਪਰ ਸਿੱਧੂ ਨੇ ਹਾਰਡ ਬਾਡੀ ਆਰਮਰ ਲੈਣ ਤੋਂ ਇਹ ਕਹਿ ਕਿ ਇਨਕਾਰ ਕਰ ਦਿੱਤਾ ਸੀ ਹਾਰਡ ਬਾਡੀ ਆਰਮਰ ਨੂੰ ਲੰਬੇ ਸਮੇਂ ਤੱਕ ਪਾ ਕੇ ਨਹੀਂ ਰੱਖਿਆ ਜਾ ਸਕਦਾ।
ਵਿੱਕੀ ਮਾਨ ਅਤੇ ਸਿੱਧੂ ਮੂਸੇਵਾਲਾ ਵਿਚਕਾਰ ਅਕਸਰ ਗੱਲ ਬਾਤ ਹੁੰਦੀ ਰਹਿੰਦੀ ਸੀ। ਜੇ ਸਿੱਧੂ ਨੇ ਕਿਸੇ ਰਾਈਫ਼ਲ ਬਾਰੇ ਜਾਂ ਹਥਿਆਰ ਬਾਰੇ ਜਾਣਕਾਰੀ ਲੈਣੀ ਹੁੰਦੀ ਸੀ ਤਾਂ ਵਿੱਕੀ ਨੂੰ ਸੰਪਰਕ ਕਰਦਾ ਸੀ। ਵਿੱਕੀ ਦੇ ਨਾਲ ਸਿੱਧੂ ਨੇ ਇਕ ਵੀਡੀਓ ਵੀ ਸਾਂਝੀ ਕੀਤੀ ਸੀ ਜਿਸ ਵੀਡਿਓ ਵਿਚ ਇਕ ਸ਼ਖਸ ਇਜ਼ਰਾਈਲ ਦੀ ਬਣੀ ਰਾਈਫ਼ਲ ਦਾ ਇਸਤੇਮਾਲ ਕਰ ਰਿਹਾ ਹੈ। ਵਿੱਕੀ ਨੇ ਸੱਠ ਸਾਲ਼ ਪੁਰਾਣੀ ਉਹ ਰਾਈਫ਼ਲ ਸਿੱਧੂ ਮੂਸੇਵਾਲਾ ਦੀ ਉਡੀਕ ਦੇ ਵਿਚ ਅੱਜ ਤੱਕ ਨਹੀਂ ਖੋਲ੍ਹੀ। ਵਿੱਕੀ ਨੇ ਸੋਚਿਆ ਸੀ ਕਿ ਜਿਸ ਸਮੇਂ ਸਿੱਧੂ ਸਿਆਟਲ ਦੇ ਸ਼ੋਅ ਲਈ ਆਵੇਗਾ ਉਸ ਦਿਨ ਪਹਿਲਾਂ ਸਿੱਧੂ ਮੂਸੇਵਾਲਾ ਉਸ ਰਾਈਫ਼ਲ ਨੂੰ ਚਲਾਵੇਗਾ।