
ਨੈਸ਼ਨਲ ਹੈਲਥ ਮਿਸ਼ਨ ਰਾਹੀਂ ਕੇਂਦਰੀ ਸਿਹਤ ਗ੍ਰਾਂਟ ਦੇ ਮੁੱਦੇ 'ਤੇ 'ਆਪ' ਝੂਠ ਫੈਲਾ ਰਹੀ ਹੈ ਅਤੇ ਗੰਦੀ ਰਾਜਨੀਤੀ ਕਰ ਰਹੀ ਹੈ - ਮਨਸੁਖ ਮਾਂਡਵੀਆ
ਭਾਜਪਾ ਨੇ ਪਟਿਆਲਾ ਵਿੱਚ ਵਿਸ਼ਾਲ ਰੈਲੀ ਕਰਕੇ ਲੋਕ ਸਭਾ ਚੋਣਾਂ ਦਾ ਵਜਾਇਆ ਬਿਗੁਲ
ਪਟਿਆਲਾ ਦੀ ਅਨਾਜ ਮੰਡੀ ਵਿੱਚ ਸਿਹਤ ਮੰਤਰੀ ਮਨਸੁਖ ਮੰਡਵੀਆ, ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ, ਜੈ ਇੰਦਰ ਕੌਰ ਨੇ ਹਜ਼ਾਰਾਂ ਵਰਕਰਾਂ ਨੂੰ ਕੀਤਾ ਸੰਬੋਧਨ
ਨੈਸ਼ਨਲ ਹੈਲਥ ਮਿਸ਼ਨ ਰਾਹੀਂ ਕੇਂਦਰੀ ਸਿਹਤ ਗ੍ਰਾਂਟ ਦੇ ਮੁੱਦੇ 'ਤੇ 'ਆਪ' ਝੂਠ ਫੈਲਾ ਰਹੀ ਹੈ ਅਤੇ ਗੰਦੀ ਰਾਜਨੀਤੀ ਕਰ ਰਹੀ ਹੈ - ਮਨਸੁਖ ਮਾਂਡਵੀਆ
ਪਟਿਆਲਾ : ਭਾਰਤੀ ਜਨਤਾ ਪਾਰਟੀ ਪੰਜਾਬ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ 'ਤੇ ਪਾਰਟੀ ਦੇ ਦੇਸ਼ ਵਿਆਪੀ ਜਸ਼ਨਾਂ ਦੇ ਹਿੱਸੇ ਵਜੋਂ ਅੱਜ ਪਟਿਆਲਾ ਦੀ ਅਨਾਜ ਮੰਡੀ ਵਿੱਚ ਵਿਸ਼ਾਲ ਰੈਲੀ ਕੀਤੀ। ਪਟਿਆਲਾ ਵਿੱਚ ਇੱਕ ਪ੍ਰਭਾਵਸ਼ਾਲੀ ਰੈਲੀ ਨਾਲ ਆਗਾਮੀ ਲੋਕ ਸਭਾ ਚੋਣਾਂ ਲਈ ਚੋਣ ਬਿਗੁਲ ਵਜਾਉਂਦੇ ਹੋਏ ਭਾਜਪਾ ਨੂੰ ਪਟਿਆਲਾ ਹਲਕੇ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਇਸ ਰੈਲੀ ਦੀ ਅਗਵਾਈ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਮਨਸੁਖ ਮਾਂਡਵੀਆ, ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਅਤੇ ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਇਸ ਵਿਸ਼ਾਲ ਇਕੱਠ ਨੇ ਪਟਿਆਲਾ ਦੇ ਲੋਕਾਂ ਦਾ ਮੂਡ ਸਪੱਸ਼ਟ ਕਰ ਦਿੱਤਾ ਹੈ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਟਿਆਲਾ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਪੱਸ਼ਟ ਤੌਰ 'ਤੇ ਵੋਟ ਅਤੇ ਸਮਰਥਨ ਭਾਰਤੀ ਜਨਤਾ ਪਾਰਟੀ ਨੂੰ ਦੇਣ ਜਾ ਰਹੇ ਹਨ।
ਮਨਸੁਖ ਮੰਡਾਵੀਆ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਗੱਲ ਕਰਦਿਆਂ ਕਿਹਾ, “ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿੱਚ ਦੇਸ਼ ਭਰ ਵਿੱਚ ਬਹੁਤ ਸਾਰੀਆਂ ਲੋਕ ਪੱਖੀ ਨੀਤੀਆਂ ਲਾਗੂ ਕੀਤੀਆਂ ਗਈਆਂ ਹਨ। ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਹੈ ਜਿਸ ਨੇ ਸਾਡੇ ਅੰਨਦਾਤਾਂਵਾਂ ਨੂੰ ਵਿੱਤੀ ਮਦਦ ਪ੍ਰਦਾਨ ਕਰਨ ਲਈ ਕਿਸਾਨ ਸਨਮਾਨ ਨਿਧੀ ਯੋਜਨਾ ਸ਼ੁਰੂ ਕੀਤੀ ਸੀ। ਸਿਹਤ ਖੇਤਰ ਵਿੱਚ ਵੀ ਸਾਡੀ ਸਰਕਾਰ ਨੇ ਆਯੁਸ਼ਮਾਨ ਯੋਜਨਾ ਵਰਗੀਆਂ ਕੁਝ ਵੱਡੀਆਂ ਪਹਿਲਕਦਮੀਆਂ ਕੀਤੀਆਂ ਹਨ ਜੋ ਸਾਰੇ ਲਾਭਪਾਤਰੀਆਂ ਨੂੰ 5 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾ ਰਹੀ ਹੈ। ਕੋਵਿਡ ਦੇ ਸਮੇਂ ਦੌਰਾਨ ਵੀ ਭਾਰਤ 1 ਬਿਲੀਅਨ ਲੋਕਾਂ ਦਾ ਟੀਕਾਕਰਨ ਕਰਨ ਵਾਲਾ ਪਹਿਲਾ ਦੇਸ਼ ਸੀ। ਇੰਨਾ ਹੀ ਨਹੀਂ ਭਾਰਤ ਨੇ ਲੋੜ ਦੇ ਸਮੇਂ 100 ਤੋਂ ਵੱਧ ਦੇਸ਼ਾਂ ਨੂੰ ਸਾਡੀ ਆਪਣੀ ਕੋਵਿਡ ਵੈਕਸੀਨ ਭੇਜੀ ਸੀ।"
ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਮੈਂ ਕਿਤੇ ਪੜ੍ਹਿਆ ਹੈ ਕਿ ਪੰਜਾਬ ਸਰਕਾਰ ਨੈਸ਼ਨਲ ਹੈਲਥ ਮਿਸ਼ਨ ਤਹਿਤ ਫੰਡਾਂ ਨੂੰ ਰੋਕਣ ਦੇ ਮਾਮਲੇ 'ਤੇ ਕੇਂਦਰ ਸਰਕਾਰ ਦਾ ਵਿਰੋਧ ਕਰਨ ਲਈ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਉਣ ਦੀ ਯੋਜਨਾ ਬਣਾ ਰਹੀ ਹੈ ਅਤੇ ਉਹ ਝੂਠ ਅਤੇ ਗਲਤ ਜਾਣਕਾਰੀ ਫੈਲਾ ਰਹੀ ਹੈ। ਇਸ ਲਈ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਆਮ ਆਦਮੀ ਪਾਰਟੀ ਦੇ ਉਲਟ ਸਿਹਤ ਦੇ ਮੁੱਦੇ 'ਤੇ ਕਦੇ ਵੀ ਰਾਜਨੀਤੀ ਨਹੀਂ ਕਰਦੇ ਹਾਂ। ਦੇਸ਼ ਭਰ ਦੇ ਪੇਂਡੂ ਖੇਤਰਾਂ ਵਿੱਚ ਚਲਾਏ ਜਾ ਰਹੇ ਸਿਹਤ ਅਤੇ ਤੰਦਰੁਸਤੀ ਕੇਂਦਰ, ਕੇਂਦਰ ਸਰਕਾਰ ਤੋਂ 60% ਫੰਡ ਪ੍ਰਾਪਤ ਕਰਕੇ ਚਲਾਏ ਜਾ ਰਹੇ ਹਨ। ਪੰਜਾਬ ਵਿੱਚ ਇਹ ਕੇਂਦਰ ਜ਼ਿਆਦਾਤਰ ਕੇਂਦਰੀ ਫੰਡਾਂ ਨਾਲ ਚਲਾਏ ਜਾ ਰਹੇ ਸਨ ਪਰ ਆਮ ਆਦਮੀ ਪਾਰਟੀ ਨੇ ਪਾਰਟੀ ਦੀ ਮਸ਼ਹੂਰੀ ਕਰਨ ਲਈ ਇਨ੍ਹਾਂ ਦਾ ਨਾਮ ਬਦਲ ਕੇ ਆਮ ਆਦਮੀ ਕਲੀਨਿਕ ਰੱਖਣ ਦਾ ਫੈਸਲਾ ਕੀਤਾ ਜੋ ਕਿ ਨਿਰਧਾਰਤ ਨਿਯਮਾਂ ਦੇ ਵਿਰੁੱਧ ਹੈ ਅਤੇ ਪੰਜਾਬ ਸਰਕਾਰ ਵਾਰ-ਵਾਰ ਚੇਤਾਵਨੀਆਂ ਦੇ ਬਾਵਜੂਦ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੀ ਸੀ, ਜਿਸ ਕਾਰਨ ਸਾਨੂੰ ਪੰਜਾਬ ਵਿੱਚ ਇਹ ਸਕੀਮ ਬੰਦ ਕਰਨੀ ਪਈ। ਮੈਂ ਇਹ ਸਪੱਸ਼ਟ ਕਰ ਦੇਵਾਂ ਕਿ ਮੋਦੀ ਜੀ ਅਤੇ ਉਨ੍ਹਾਂ ਦੀ ਸਰਕਾਰ ਦਾ ਇੱਕੋ ਇੱਕ ਟੀਚਾ ਸੇਵਾ ਹੈ, ਜਦੋਂ ਕਿ ਤੁਹਾਡਾ ਇੱਕੋ ਇੱਕ ਟੀਚਾ ਸਵੈ-ਪ੍ਰਚਾਰ ਹੈ।"
ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਸਾਰਾ ਦੇਸ਼ ਬਦਲ ਰਿਹਾ ਹੈ ਅਤੇ ਇਸਦਾ ਵਿਕਾਸ ਹੋ ਰਿਹਾ ਹੈ, ਕੀ ਪੰਜਾਬ ਨੂੰ ਵੀ ਵਿਕਸਤ ਨਹੀਂ ਹੋਣਾ ਚਾਹੀਦਾ? ਪੰਜਾਬ ਆਪਣੀ ਬਹਾਦਰੀ, ਆਪਣੇ ਖਿਡਾਰੀਆਂ ਲਈ ਜਾਣਿਆ ਜਾਂਦਾ ਸੀ, ਪਰ ਅਫਸੋਸ ਦੀ ਗੱਲ ਹੈ ਕਿ ਅੱਜ ਕੱਲ੍ਹ ਪੰਜਾਬ ਨਸ਼ਿਆਂ ਲਈ ਜਾਣਿਆ ਜਾਂਦਾ ਹੈ। ਕੀ ਤੁਸੀਂ ਸੋਚਦੇ ਹੋ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਪੰਜਾਬ ਨੂੰ ਨਸ਼ਿਆਂ ਦੇ ਇਸ ਦਲਦਲ ਵਿੱਚੋਂ ਕੱਢ ਸਕਦੀ ਹੈ? ਨਹੀਂ, ਸਿਰਫ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਦੇ ਮੁੜ ਚੰਗੇ ਦਿਨ ਲਿਆ ਸਕਦੀ ਹੈ।ਭਗਵੰਤ ਮਾਨ ਨੇ ਜਦੋਂ ਤੋਂ ਪੰਜਾਬ ਦੀ ਵਾਗਡੋਰ ਸੰਭਾਲੀ ਹੈ, ਉਦੋਂ ਤੋਂ ਪੰਜਾਬ ਨੂੰ ਗੈਂਗਸਟਰਾਂ ਅਤੇ ਅਪਰਾਧੀਆਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਸੂਬੇ ਵਿੱਚ ਕਾਨੂੰਨ ਵਿਵਸਥਾ ਦਾ ਬੂਰਾ ਹਾਲ ਹੈ, ਸਿੱਧੂ ਮੂਸੇਵਾਲਾ ਵਰਗੇ ਵੱਡੇ ਕਲਾਕਾਰਾਂ ਦਾ ਵੀ ਦਿਨ-ਦਿਹਾੜੇ ਕਤਲ ਕਰ ਦਿੱਤਾ ਗਿਆ। ਪੰਜਾਬ ਦੇ ਲੋਕਾਂ ਕੋਲ ਇਸ ਸਮੇਂ ਵਿਕਾਸ ਕੇਂਦਰਿਤ ਭਾਜਪਾ ਹੀ ਇੱਕੋ ਇੱਕ ਵਿਕਲਪ ਬਾਕੀ ਹੈ।"
ਰੈਲੀ ਨੂੰ ਸੰਬੋਧਨ ਕਰਦਿਆਂ ਭਾਜਪਾ ਪੰਜਾਬ ਦੀ ਮੀਤ ਪ੍ਰਧਾਨ ਜੈ ਇੰਦਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਤਿਹਾਸਕ ਸਿੱਖ ਪੱਖੀ ਫੈਸਲਿਆਂ ਦੀ ਤਾਰੀਫ਼ ਕਰਦਿਆਂ ਕਿਹਾ ਕਿ, "ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਤੋਂ ਵੱਧ ਸਿੱਖ ਕੌਮ ਲਈ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਕੰਮ ਨਹੀਂ ਕੀਤਾ ਹੈ। 84 ਦੇ ਪੀੜਤਾਂ ਨੂੰ ਇਨਸਾਫ਼ ਦਿਵਾਉਣ, ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮਹਾਨ ਸਮਾਗਮਾਂ, ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਵੀਰ ਬਾਲ ਦਿਵਸ ਵਜੋਂ ਮਨਾਉਣ, ਸ੍ਰੀ ਗੁਰੂ ਤੇਗ ਦਾ 400ਵਾਂ ਪ੍ਰਕਾਸ਼ ਪੁਰਬ ਲਾਲ ਕਿਲੇ ਤੇ ਮਨਾਉਣਾ ਅਤੇ ਸਭ ਤੋਂ ਵੱਡੀ ਕਰਤਾਰਪੁਰ ਦਾ ਲਾਂਘਾ ਖੋਲਕੇ ਸਿੱਖਾਂ ਦੀ ਚਿਰੋਕਣੀ ਮੰਗ ਪੂਰੀ ਕਰਨਾ ਇਹ ਸਭ ਮਾਨਯੋਗ ਪ੍ਰਧਾਨ ਮੰਤਰੀ ਦੇ ਸਿੱਖਾਂ ਪ੍ਰਤੀ ਪਿਆਰ/ ਅਤੇ ਸਤਿਕਾਰ ਦੀਆਂ ਕੁਝ ਪ੍ਰਤੱਖ ਉਦਾਹਰਣਾਂ ਹਨ। ਇੱਕ ਸਿੱਖ ਹੋਣ ਦੇ ਨਾਤੇ ਮੈਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਤੇ ਮਾਣ ਮਹਿਸੂਸ ਕਰਦੀ ਹਾਂ।"
ਆਮ ਆਦਮੀ ਪਾਰਟੀ ਬਾਰੇ ਗੱਲ ਕਰਦਿਆਂ ਜੈ ਇੰਦਰ ਕੌਰ ਨੇ ਅੱਗੇ ਕਿਹਾ ਕਿ, “ਪੰਜਾਬ ਸਰਕਾਰ ਪਟਿਆਲਾ ਲਈ ਇੱਕ ਵੀ ਨਵਾਂ ਪ੍ਰੋਜੈਕਟ ਨਹੀਂ ਲਿਆ ਸਕੀ ਹੈ, ਸਗੋਂ ਜਦ ਵੀ ਭਗਵੰਤ ਮਾਨ ਪਟਿਆਲਾ ਆਉਂਦੇ ਹਨ ਤਾਂ ਉਹ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਹਿਲਾਂ ਹੀ ਸ਼ੁਰੂ ਕੀਤੇ ਪ੍ਰੋਜੈਕਟਾਂ ਦਾ ਉਦਘਾਟਨ ਕਰਨ ਹੀ ਆਉਂਦੇ ਹਨ ਅਤੇ ਉਹ ਫਿਰ ਵੀ ਕਹਿੰਦੇ ਹਨ ਕਿ ਕੈਪਟਨ ਪਰਿਵਾਰ ਨੇ ਸ਼ਹਿਰ ਲਈ ਕੁਝ ਨਹੀਂ ਕੀਤਾ। ਆਪ ਸਰਕਾਰ ਨੇ 18 ਸਾਲ ਤੋਂ ਵੱਧ ਉਮਰ ਦੀ ਹਰ ਔਰਤ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦਾ ਵਾਅਦਾ ਪੂਰਾ ਨਾ ਕਰਕੇ ਸਾਡੇ ਸੂਬੇ ਦੀਆਂ ਔਰਤਾਂ ਨਾਲ ਵੀ ਧੋਖਾ ਕੀਤਾ ਹੈ। ਸੂਬੇ ਦੇ ਲੋਕ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ ਉਨ੍ਹਾਂ ਦੇ ਖਿਲਾਫ ਵੋਟ ਪਾ ਕੇ ਉਨ੍ਹਾਂ ਨੂੰ ਸਬਕ ਸਿਖਾਉਣਗੇ।''
ਇਸ ਸਮੇਂ ਹੋਰਨਾਂ ਤੋਂ ਇਲਾਵਾ ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵਈਆ, ਅਸ਼ਵਨੀ ਸ਼ਰਮਾ, ਡਾ: ਮਹਿੰਦਰ ਸਿੰਘ, ਜੈ ਇੰਦਰ ਕੌਰ, ਦਿਆਲ ਸਿੰਘ ਸੋਢੀ, ਪਰਮਿੰਦਰ ਸਿੰਘ ਬਰਾੜ, ਸੁਖਵਿੰਦਰ ਕੌਰ ਨੌਲੱਖਾ, ਕੇ ਕੇ ਮਲਹੋਤਰਾ, ਸੁਰਜੀਤ ਸਿੰਘ ਗੜ੍ਹੀ, ਹਰਮੇਸ਼ ਗੋਇਲ, ਸੰਜੀਵ ਸ਼ਰਮਾ ਬਿੱਟੂ ਅਤੇ ਕੰਵਰ ਟੌਹੜਾ ਆਦਿ ਹਾਜ਼ਰ ਸਨ |