
ਨੌਜਵਾਨ ਦੀ ਸ੍ਰੀ ਦਰਬਾਰ ਸਾਹਿਬ ਅੰਦਰ ਕੀਰਤਨ ਕਰਨ ਦੀ ਹੈ ਇੱਛਾ
ਤਰਨਤਾਰਨ (ਕੁਲਦੀਪ ਸਿੰਘ/ਵੀਰਪਾਲ ਕੌਰ): ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ £ ਅੱਜਕਲ ਦਾ ਜੋ ਦੌਰ ਹੈ ਉਸ ਵਿਚ ਬਹੁਤ ਘੱਟ ਨੌਜਵਾਨ ਗੁਰਬਾਣੀ ਨਾਲ ਜੁੜਦੇ ਹਨ ਪਰ ਤਰਨਤਾਰਨ ਦਾ ਇਕ ਅਜਿਹਾ ਨੌਜਵਾਨ ਜੋ ਕਿ ਪਹਿਲਾਂ ਗਾਣੇ ਗਾਉਂਦਾ ਸੀ ਪਰ ਉਸ ਦੇ ਪਿਤਾ ਦੇ ਇਕ ਥੱਪੜ ਨੇ ਉਸ ਨੂੰ ਗੁਰਬਾਣੀ ਨਾਲ ਜੋੜ ਦਿਤਾ।
ਨੌਜਵਾਨ ਦੇ ਗਾਣੇ ਛੱਡ ਗੁਰਬਾਣੀ ਨਾਲ ਜੁੜਨ ਦੀ ਕੀ ਕਹਾਣੀ ਹੈ, ਇਸ ਬਾਰੇ ਜਾਣਨ ਲਈ ਰੋਜ਼ਾਨਾ ਸਪੋਕਸਮੈਨ ਨੇ ਨੌਜਵਾਨ ਸ਼ੇਰਬੀਰ ਸਿੰਘ ਨਾਲ ਖ਼ਾਸ ਗੱਲਬਾਤ ਕੀਤੀ। ਨੌਜਵਾਨ ਸ਼ੇਰਬੀਰ ਸਿੰਘ ਨੇ ਦਸਿਆ ਕਿ ਸਕੂਲ ਸਮੇਂ ਜਦੋਂ ਉਹ ਪੰਜਵੀਂ ਜਮਾਤ ਵਿਚ ਪੜ੍ਹਦਾ ਸੀ ਤਾਂ ਸਕੂਲ ਵਿਚ ਇਕ ਪ੍ਰੋਗਰਾਮ ਹੋਇਆ ਜਿਸ ਵਿਚ ਅਧਿਆਪਕਾਂ ਨੇ ਕਿਹਾ ਕਿ ਜਿਨ੍ਹਾਂ ਨੂੰ ਗਾਉਣਾ ਆਉਂਦਾ ਹੈ, ਉਹ ਅਪਣੇ ਨਾਮ ਪ੍ਰੋਗਰਾਮ ਵਿਚ ਲਵਾਉਣ ਤਾਂ ਉਸ ਸਮੇਂ ਉਸ ਨੇ ਐਮੀ ਵਿਰਕ ਦਾ ਗਾਣਾ ਜ਼ਿੰਦਾਬਾਦ ਯਾਰੀਆਂ ਗਾਇਆ ਸੀ ਤੇ ਉਸ ਵਿਚੋਂ ਉਸ ਨੂੰ ਇਨਾਮ ਮਿਲਿਆ ਸੀ।
ਨੌਜਵਾਨ ਨੇ ਦਸਿਆ ਕਿ ਜਦੋਂ ਉਹ ਇਨਾਮ ਲੈ ਕੇ ਘਰ ਆਇਆ ਤਾਂ ਸੱਭ ਨੇ ਉਸ ਨੂੰ ਪਿਆਰ ਦਿਤਾ ਪਰ ਪਾਪਾ ਨੇ ਮੈਨੂੰ ਥੱਪੜ ਮਾਰਿਆ ਤੇ ਮੈਂ ਹੈਰਾਨ ਹੋ ਗਿਆ। ਮੈਂ ਉਨ੍ਹਾਂ ਨੂੰ ਪੁਛਿਆ ਕਿ ਮੈਂ ਤਾਂ ਇਨਾਮ ਲਿਆਂਦਾ ਹੈ ਤੇ ਮੈਨੂੰ ਹੀ ਥੱਪੜ ਕਿਉਂ? ਤਾਂ ਪਾਪਾ ਨੇ ਕਿਹਾ ਕਿ ਜੇ ਤੂੰ ਗਾਣੇ ਦੀ ਥਾਂ ਗੁਰਬਾਣੀ ਦਾ ਸ਼ਬਦ ਗਾਉਂਦਾ ਤਾਂ ਮੈਨੂੰ ਜ਼ਿਆਦਾ ਖ਼ੁਸ਼ੀ ਹੁੰਦੀ।
ਨੌਜਵਾਨ ਨੇ ਅੱਗੇ ਦਸਿਆ ਕਿ ਫਿਰ ਇਸ ਤੋਂ ਬਾਅਦ ਉਨ੍ਹਾਂ ਦੇ ਸਕੂਲ ਵਿਚ ਧਾਰਮਕ ਪ੍ਰੋਗਰਾਮ ਹੋਇਆ ਸ਼ਬਦ ਕੀਰਤਨ ਦਾ ਤੇ ਸਕੂਲ ਅਧਿਆਪਕਾਂ ਨੇ ਕਿਹਾ ਕਿ ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਸ਼ਬਦ ਗਾ ਕੇ ਆਉਣਾ ਹੈ ਕਿਉਂਕਿ ਉਸ ਸਮੇਂ ਗੁਰੂ ਗੋਬਿੰਦ ਸਿੰਘ ਜੀ ਬਾਰੇ ਸਮਾਗਮ ਸੀ। ਅਧਿਆਪਕਾਂ ਨੇ ਪਹਿਲਾਂ ਸੱਭ ਤੋਂ ਇਹ ਸ਼ਬਦ ਗਵਾ ਕੇ ਦੇਖਿਆ ਤੇ ਉਸ ਸਮੇਂ ਹੀ ਮੇਰੇ ਪਿਤਾ ਵੀ ਇਹ ਸ਼ਬਦ ਗਾ ਰਹੇ ਸਨ
ਕਿਉਂਕਿ ਉਹ ਵੀ ਕੀਰਤਨ ਕਰਦੇ ਸਨ ਤੇ ਮੈਂ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਵੀ ਇਹ ਸ਼ਬਦ ਗਾਉਣਾ ਸਿਖਾਉ ਤੇ ਫਿਰ ਮੇਰੇ ’ਤੇ ਗੁਰੂ ਸਾਹਿਬ ਦੀ ਅਜਿਹੀ ਕਿਰਪਾ ਹੋਈ ਕਿ ਮੈਂ ਅਗਲੇ ਦਿਨ ਜਦੋਂ ਸਕੂਲ ਜਾ ਕੇ ਇਹ ਸ਼ਬਦ ਸੁਣਾਇਆ ਤਾਂ ਮੈਨੂੰ ਮੇਰੇ ਅਧਿਆਪਕਾਂ ਨੇ ਬਹੁਤ ਪਿਆਰ ਕੀਤਾ। ਇਸ ਤੋਂ ਬਾਅਦ ਜਦੋਂ ਮੈਨੂੰ ਇੰਨਾ ਪਿਆਰ ਮਿਲਿਆ ਤਾਂ ਮੈਂ ਪੱਕੇ ਤੌਰ ’ਤੇ ਇਸ ਲਾਈਨ ਵਿਚ ਆ ਗਿਆ। ਨੌਜਵਾਨ ਨੇ ਕਿਹਾ ਕਿ ਇਹ ਗੱਲ ਸੱਚ ਹੋਈ ਹੈ ਕਿ ਜੇ ਸਾਡੇ ਮਾਤਾ-ਪਿਤਾ ਸਾਨੂੰ ਕਦੇ ਝਿੜਕਦੇ ਵੀ ਹਨ ਤਾਂ ਉਸ ਪਿੱਛੇ ਕੋਈ ਨਾ ਕੋਈ ਗੱਲ ਜ਼ਰੂਰ ਹੁੰਦੀ ਹੈ ਤੇ ਉਹ ਹਮੇਸ਼ਾ ਸਾਡੇ ਭਲੇ ਲਈ ਹੀ ਸਾਨੂੰ ਝਿੜਕਦੇ ਹਨ। ਉਸ ਨੇ ਕਿਹਾ ਕਿ ਜੇ ਉਸ ਦਿਨ ਮੇਰੇ ਚਪੇੜ ਨਾ ਪੈਂਦੀ ਤਾਂ ਅੱਜ ਉਹ ਕਿਸੇ ਹੋਰ ਲਾਈ ਵਿਚ ਪੈ ਜਾਂਦਾ ਜਾਂ ਫਿਰ ਗਾਣੇ ਹੀ ਗਾਉਂਦਾ।
ਸ਼ੇਰਬੀਰ ਨੇ ਦਸਿਆ ਕਿ ਉਨ੍ਹਾਂ ਨੇ ਫ਼ਤਿਹ ਟੀਵੀ ’ਤੇ ਅਪਣੀ ਰਿਕਾਰਡਿੰਗ ਦਿਤੀ ਸੀ ਤੇ ਇਸ ਤੋਂ ਬਾਅਦ ਉਸ ਨੇ ਕਈ ਜਗ੍ਹਾ ਕੀਰਤਨ ਕੀਤਾ। ਨੌਜਵਾਨ ਨੇ ਦਸਿਆ ਕਿ ਉਸ ਨੂੰ 9-10 ਸਾਲ ਹੋ ਗਏ ਨੇ ਕੀਰਤਨ ਕਰਦੇ ਨੂੰ ਤੇ ਜਦੋਂ ਵੀ ਕੋਈ ਪਿੰਡ ਵਿਚ ਪ੍ਰੋਗਰਾਮ ਮਿਲਦਾ ਹੈ ਤਾਂ ਉਹ ਕੀਰਤਨ ਕਰਦਾ ਹੈ। ਇਸ ਨਾਲ ਹੀ ਨੌਜਵਾਨ ਦੀ ਭੈਣ ਏਕਮਪ੍ਰੀਤ ਕੌਰ ਨੇ ਕਿਹਾ ਕਿ ਉਸ ਨੂੰ ਵੀ ਬਚਪਨ ਤੋਂ ਹੀ ਗਾਉਣ ਦਾ ਸ਼ੌਕ ਸੀ ਪਰ ਉਸ ਨੇ ਅਪਣੇ ਭਰਾ ਵਲ ਦੇਖ ਕੇ ਕੀਰਤਨ ਕਰਨਾ ਸ਼ੁਰੂ ਕੀਤਾ।
ਇਸ ਨਾਲ ਹੀ ਦੋਨੋਂ ਬੱਚਿਆਂ ਦੇ ਪਿਤਾ ਨੇ ਕਿਹਾ ਕਿ ਇਹ ਜਾਗ ਉਨ੍ਹਾਂ ਨੂੰ ਉਨ੍ਹਾਂ ਦੇ ਮਾਤਾ ਜੀ ਤੋਂ ਲੱਗੀ ਹੈ ਕਿਉਂਕਿ ਉਨ੍ਹਾਂ ਦੇ ਮਾਤਾ ਜੀ ਵੀ ਸਵੇਰੇ ਅੰਮ੍ਰਿਤ ਵੇਲੇ ਉਠ ਕੇ ਪਾਠ ਕਰਦੇ ਸੀ, ਗੁਰਦੁਆਰਾ ਸਾਹਿਬ ਜਾਂਦੇ ਸਨ ਤੇ ਕੀਰਤਨ ਕਰਦੇ ਸਨ। ਨੌਜਵਾਨ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਹੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਉਨ੍ਹਾਂ ਦੇ ਬੱਚਿਆਂ ਦੀ ਤਾਰੀਫ਼ ਹੁੰਦੀ ਹੈ ਜਾਂ ਫਿਰ ਬੱਚਿਆਂ ਕਰ ਕੇ ਸਾਡੀ ਤਾਰੀਫ਼ ਹੁੰਦੀ ਹੈ। ਉਨ੍ਹਾਂ ਨੇ ਹੋਰਾਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਵੀ ਅਪਣੇ ਬੱਚਿਆਂ ਨੂੰ ਗੁਰਬਾਣੀ-ਕੀਰਤਨ ਨਾਲ ਜੋੜਨ। ਇਸ ਨਾਲ ਹੀ ਨੌਜਵਾਨ ਸ਼ੇਰਬੀਰ ਨੇ ਕਿਹਾ ਕਿ ਉਸ ਦੀ ਹੁਣ ਇਕ ਹੀ ਇੱਛਾ ਹੈ ਕਿ ਉਸ ਨੂੰ ਸ੍ਰੀ ਦਰਬਾਰ ਸਾਹਿਬ ਵਿਚ ਕੀਰਤਨ ਕਰਨ ਦਾ ਮੌਕਾ ਮਿਲੇ।