
ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਚ ਪੜ੍ਹਦੇ ਚਾਰ ਬੱਚੇ ਲਾਪਤਾ ਹੋ ਗਏ ਹਨ ਜਿਸ ਸਬੰਧੀ ਮਾਪਿਆਂ ਨੇ ਪੁਲਿਸ ਸਟੇਸ਼ਨ ਥਾਣਾ ਸਿਟੀ ...
ਸ੍ਰੀ ਮੁਕਤਸਰ ਸਾਹਿਬ, ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਚ ਪੜ੍ਹਦੇ ਚਾਰ ਬੱਚੇ ਲਾਪਤਾ ਹੋ ਗਏ ਹਨ ਜਿਸ ਸਬੰਧੀ ਮਾਪਿਆਂ ਨੇ ਪੁਲਿਸ ਸਟੇਸ਼ਨ ਥਾਣਾ ਸਿਟੀ ਵਿਖੇ ਲਿਖਤੀ ਸੂਚਨਾ ਦਿੱਤੀ ਹੈ। ਪੁਲਿਸ ਨੇ ਕੇਸ ਦਰਜ ਕਰ ਕੇ ਲਾਪਤਾ ੁਬੱਚਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ ਪ੍ਰੰਤੂ ਅਜੇ ਤਕ ਕੋਈ ਸਫਲਤਾ ਨਹੀਂ ਮਿਲੀ।
ਪੁਲਿਸ ਅਨੁਸਾਰ ਅਮਿਤ ਕੁਮਾਰ ਪੁੱਤਰ ਸਰੂਪ ਚੰਦ ਵਾਸੀ ਗੁਰੂ ਅੰਗਦ ਦੇਵ ਨਗਰ ਸ੍ਰੀ ਮੁਕਤਸਰ ਸਾਹਿਬ ਨੇ ਉਨ੍ਹਾਂ ਨੂੰ ਦੱਸਿਆ ਕਿ ਉਸ ਦੇ ਦੋ ਲੜਕੇ ਭਾਰਤ ਕੁਮਾਰ ਅਤੇ ਤਰੁਨ ਕੁਮਾਰ ਸਰਕਾਰੀ ਸਕੂਲ ਚੱਕਬੀੜ ਸਰਕਾਰ ਵਿੱਖੇ ਸਤਵੀਂ ਜਮਾਤ ਵਿੱਚ ਪੜ੍ਹਦੇ ਹਨ। ਉਨ੍ਹਾਂ ਦੇ ਨਾਲ ਇਸੇ ਹੀ ਸਕੂਲ ਵਿੱਚ ਸਤਵੀਂ ਜਮਾਤ ਦਾ ਇੱਕ ਹੋਰ ਵਿਦਿਆਰਥੀ ਅਭਿਸ਼ੇਕ ਕੁਮਾਰ ਪੁੱਤਰ ਬਨਾਰਸੀ ਦਾਸ ਵੀ ਪੜ੍ਹਦਾ ਹੈ।
ਇਹ ਬੱਚੇ ਸਕੂਲ ਤੋਂ ਵਾਪਸ ਘਰ ਨਾ ਆਏ ਤਾਂ ਮਾਪਿਆਂ ਨੇ ਭਾਲ ਕਰਨੀ ਸ਼ੁਰੂ ਕੀਤੀ ਪ੍ਰੰਤੂ ਉਨ੍ਹਾਂ ਦਾ ਪਤਾ ਨਾ ਮਿਲਣ 'ਤੇ ਇਸ ਬਾਰੇ ਲਿਖਤੀ ਇਤਲਾਹ ਦੇ ਕੇ ਜਾਣੂ ਕਰਵਾਇਆ। ਉਕਤ ਸਕੂਲ਼ ਵਿੱਚੋਂ ਪੜ੍ਹਨੋਂ ਹਟ ਚੁੱਕੇ ਵਿਦਿਆਰਥੀ ਰਾਜੀਵ ਕੁਮਾਰ ਪੁੱਤਰ ਛੋਟੂ ਦਾਸ ਵੀ ਇਨ੍ਹਾਂ ਬੱਚਿਆਂ ਨਾਲ ਲਾਪਤਾ ਹੈ। ਬੱਚਿਆਂ ਦੇ ਲਾਪਤਾ ਹੋਣ ਕਾਰਨ ਮਾਪੇ ਚਿੰਤਤ ਹਨ। ਪੁਲਿਸ ਵੱਲੋਂ ਕਈ ਪੱਖਾਂ ਨੂੰ ਸਾਹਮਣੇ ਰੱਖ ਕੇ ਪੜਤਾਲ ਕੀਤੀ ਜਾ ਰਹੀ ਹੈ।
ਇਸ ਸਬੰਧੀ ਥਾਣਾ ਸਿਟੀ ਦੇ ਮੁੱਖ ਅਫਸਰ ਸ. ਤੇਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਐਫਆਈਆਰ ਦਰਜ ਕਰ ਲਈ ਗਈ ਹੈ। ਉਨ੍ਹਾਂ ਇਸ ਬਾਰੇ ਅਜੇ ਪੱਕੇ ਤੌਰ 'ਤੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਪਤਾ ਲੱਗਾ ਹੈ ਆਮ ਲੋਕਾਂ ਨੇ ਇਹ ਬੱਚੇ ਸੱਤ ਜੁਲਾਈ ਨੂੰ ਰੇਲਵੇ ਸਟੇਸਨ ਸ੍ਰੀ ਮੁਕਤਸਰ ਸਾਹਿਬ ਦੇ ਆਸ-ਪਾਸ ਦੇਖੇ ਸਨ।