
ਮੰਤਰੀ ਮੰਡਲ ਵਿਸਤਾਰ ਅਤੇ ਫੇਰਬਦਲ ਸਰਕਾਰ ਦੀਆਂ ਗ਼ਲਤ ਨੀਤੀਆਂ ’ਤੇ ਪਰਦਾ ਨਹੀਂ ਪਾ ਸਕਦੇ : ਮਾਇਆਵਤੀ
ਲਖਨਉ, 8 ਜੁਲਾਈ : ਕੇਂਦਰੀ ਮੰਤਰੀ ਮੰਡਲ ’ਚ ਵਿਸਤਾਰ ਦੇ ਇਕ ਦਿਨ ਬਾਅਦ ਬਹੁਜਨ ਸਮਾਜ ਪਾਰਟੀ (ਬਸਪਾ) ਪ੍ਰਧਾਨ ਮਾਇਆਵਤੀ ਨੇ ਵੀਰਵਾਰ ਨੂੰ ਕਿਹਾ ਕਿ ਇਸ ਤਰ੍ਹਾਂ ਦੇ ਕਦਮ ਸਰਕਾਰ ਦੀਆਂ ਗ਼ਲਤ ਨੀਤੀਆਂ, ਕਾਰਜਾਂ ਅਤੇ ਹੋਰ ਕਮੀਆਂ ’ਤੇ ਨਾ ਪਰਦਾ ਪਾ ਸਕਦੇ ਹਨ ਅਤੇ ਨਾ ਹੀ ਉਸ ’ਤੇ ਲੋਕਾਂ ਦਾ ਧਿਆਨ ਭਟਕਾ ਸਕਦੇ ਹਨ।
ਵੀਰਵਾਰ ਨੂੰ ਬਸਪਾ ਆਗੂ ਨੇ ਟਵੀਟ ਕੀਤਾ, ‘‘ਕੇਂਦਰੀ ਮੰਤਰੀਮੰਡਲ ’ਚ ਕੱਲ ਕੀਤੇ ਗਏ ਲੰਮੇ ਚੌੜੇ ਵਿਸਤਾਰ ਤੇ ਫੇਰਬਦਲ ਸਰਕਾਰ ਦੀ ਹੁਣ ਤਕ ਦੀਆਂ ਗ਼ਲਤ ਨੀਤੀਆਂ, ਕਾਰਜਾਂ ਅਤੇ ਹੋਰ ਕਮੀਆਂ ’ਤੇ ਪਰਦਾ ਨਹੀਂ ਪਾ ਸਕਦੇ ਅਤੇ ਨਾ ਹੀ ਉਸ ’ਤੇ ਲੋਕਾਂ ਦਾ ਧਿਆਨ ਭਟਕਾ ਸਕਦੇ ਹਨ। ਜਨਤਾ ਤੇ ਦੇਸ਼ ਦੀ ਬਦਹਾਲ ਸਥਿਤੀ ਸਹੀ ਸਮੇਂ ’ਤੇ ਤਬਦੀਲੀ ਦੀ ਰਾਹ ਦੇਖ ਰਹੀ ਹੈ।’’
ਉਨ੍ਹਾਂ ਕਿਹਾ ਕਿ ਉਤਰ ਪ੍ਰਦੇਸ਼ ਦੀ ਭਾਜਪਾ ਸਰਕਾਰ ਵੀ ਸੂਬੇ ’ਚ ਜਨਹਿੱਤ ਤੇ ਲੋਕ ਭਲਾਈ ਦੇ ਸਾਰੇ ਮੋਰਚਿਆਂ ’ਤੇ ਜ਼ਿਆਦਾਤਰ ਫੇਲ ਹੋ ਰਹੀ ਹੈ ਅਤੇ ਕੋਰੋਨਾ ਵਾਇਰਸ ਲਾਗ ਦੌਰਾਨ ਸੂਬਾ ਸਰਕਾਰ ਦੀ ਨੀਤੀ ਤੇ ਕਾਰਜਸ਼ੈਲੀ ਅਤੇ ਉਸ ਦੇ ਹਵਾ ਹਵਾਈ ਵਾਅਦਿਆਂ ਤੇ ਐਲਾਨਾਂ ਤੋਂ ਸਾਰੀ ਜਨਤਾ ਦੁਖੀ ਹੈ। (ਏਜੰਸੀ)