
ਹਿਮਾਚਲ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਦਿਹਾਂਤ, ਲੰਮੇ ਸਮੇਂ ਤੋਂ ਸਨ ਬੀਮਾਰ
ਸ਼ਿਮਲਾ, 8 ਜੁਲਾਈ : ਹਿਮਾਚਲ ਪ੍ਰਦੇਸ਼ ਦੇ 6 ਵਾਰ ਮੁੱਖ ਮੰਤਰੀ ਰਹੇ ਅਤੇ ਸੀਨੀਅਰ ਕਾਂਗਰਸੀ ਆਗੂ ਵੀਰਭੱਦਰ ਸਿੰਘ ਦਾ 87 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ | ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੀਰਭੱਦਰ ਸਿੰਘ ਦਾ ਦਿਹਾਂਤ ਵੀਰਵਾਰ ਸਵੇਰੇ 3.40 ਵਜੇ ਹੋਇਆ | ਮੁੜ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਉਹ ਸ਼ਿਮਲਾ ਦੇ ਆਈ. ਜੀ. ਐਮ. ਸੀ. ਹਸਪਤਾਲ 'ਚ ਇਲਾਜ ਅਧੀਨ ਸਨ |
ਸੀਨੀਅਰ ਕਾਂਗਰਸੀ ਆਗੂ ਦੇ ਦਿਹਾਂਤ ਨਾਲ ਸੂਬੇ 'ਚ ਸੋਗ ਦੀ ਲਹਿਰ ਦੌੜ ਗਈ ਹੈ | ਹਿਮਾਚਲ ਪ੍ਰਦੇਸ਼ 'ਚ ਤਿੰਨ ਦਿਨਾਂ ਦੇ ਸੋਗ ਦਾ ਐਲਾਨ ਕਰ ਦਿਤਾ ਗਿਆ ਹੈ | ਉਹ ਕਰੀਬ ਢਾਈ ਮਹੀਨਿਆਂ ਤੋਂ ਆਈ. ਜੀ. ਐਮ. ਸੀ. 'ਚ ਦਾਖ਼ਲ ਸਨ | ਸੋਮਵਾਰ ਨੂੰ ਅਚਾਨਕ ਸਿਹਤ ਖਰਾਬ ਹੋਣ ਤੋਂ ਬਾਅਦ ਡਾਕਟਰਾਂ ਨੇ ਉਨ੍ਹਾਂ ਨੂੰ ਵੈਂਟੀਲੇਟਰ 'ਤੇ ਰਖਿਆ ਸੀ, ਜਿਸ ਤੋਂ ਬਾਅਦ ਉਹ ਬੇਹੋਸ਼ੀ ਦੀ ਹਾਲਤ 'ਚ ਇਲਾਜ ਅਧੀਨ ਸਨ ਪਰ ਵੀਰਵਾਰ ਸਵੇਰੇ 3.40 ਮਿੰਟ 'ਤੇ ਉਨ੍ਹਾਂ ਦੀ ਮੌਤ ਹੋ ਗਈ | ਆਈ. ਜੀ. ਐਮ. ਸੀ. ਦੇ ਐਮ. ਐਸ. ਡਾ. ਜਨਕ ਰਾਜ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ | (ਏਜੰਸੀ)