
ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ ਦਾ 25 ਕਰੋੜ ਰੁਪਏ ਦੀ ਲਾਗਤ ਨਾਲ ਹੋਵੇਗਾ ਨਵੀਨੀਕਰਨ : ਰੰਧਾਵਾ
ਸੁਖਜਿੰਦਰ ਸਿੰਘ ਰੰਧਾਵਾ ਨੇ ਨਾਭਾ ਅਤੇ ਪਟਿਆਲਾ ਜੇਲਾਂ ਦਾ ਕੀਤਾ ਦੌਰਾ
ਨਾਭਾ, 8 ਜੁਲਾਈ (ਬਲਵੰਤ ਹਿਆਣਾ) : ਨਾਭਾ ਦੀ ਲਗਭਗ 98 ਸਾਲ ਪੁਰਾਣੀ ਉੱਚ ਸੁਰੱਖਿਆ ਜੇਲ ਨੂੰ 25 ਕਰੋੜ ਰੁਪਏ ਖ਼ਰਚ ਕਰ ਕੇ ਇਸ ਦਾ ਪੁਨਰ ਨਿਰਮਾਣ ਅਤੇ ਨਵੀਨੀਕਰਨ ਦਾ ਕਾਰਜ ਕਰਵਾਇਆ ਜਾਵੇਗਾ | ਇਹ ਪ੍ਰਗਟਾਵਾ ਪੰਜਾਬ ਦੇ ਸਹਿਕਾਰਤਾ ਅਤੇ ਜੇਲਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਕੀਤਾ | ਉਨ੍ਹਾਂ ਦਸਿਆ ਕਿ ਮੌਜੂਦਾ ਸਮੇਂ ਇਸ ਜੇਲ 'ਚ 40 ਸੈਲ ਤੇ ਬੈਰਕਾਂ ਹਨ ਅਤੇ ਇਥੇ 450 ਦੇ ਕਰੀਬ ਬੰਦੀਆਂ ਨੂੰ ਰਖਿਆ ਜਾ ਸਕਦਾ ਹੈ ਪਰੰਤੂ ਹੁਣ ਪੁਰਾਣੀਆਂ ਬੈਰਕਾਂ ਦੀ ਥਾਂ 60 ਹੋਰ ਨਵੇਂ ਸੈੱਲ ਬਣਾਏ ਜਾਣ ਦੀ ਤਜਵੀਜ਼ ਹੈ, ਜਿਸ ਨਾਲ ਇਥੇ 250 ਦੇ ਕਰੀਬ ਖ਼ਤਰਨਾਕ ਕਿਸਮ ਦੇ ਅਪਰਾਧੀਆਂ ਤੇ ਬੰਦੀਆਂ ਨੂੰ ਹੀ ਇਥੇ ਰਖਿਆ ਜਾਵੇਗਾ |
ਰੰਧਾਵਾ ਅੱਜ ਨਾਭਾ ਦੀ ਮੈਕਸੀਮਮ ਸੁਰੱਖਿਆ ਜੇਲ ਦਾ ਦੌਰਾ ਕਰਨ ਪੁੱਜੇ ਹੋਏ ਸਨ | ਉਨ੍ਹਾਂ ਨਾਲ ਏ.ਡੀ.ਜੀ.ਪੀ. ਜੇਲਾਂ ਪ੍ਰਵੀਨ ਕੁਮਾਰ ਸਿਨਹਾ, ਪ੍ਰਮੁੱਖ ਸਕੱਤਰ ਜੇਲਾਂ ਡੀ.ਕੇ. ਤਿਵਾੜੀ, ਆਈ.ਜੀ. ਰੂਪ ਕੁਮਾਰ ਤੇ ਜੇਲ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ | ਇਸ ਤੋਂ ਬਾਅਦ ਸ. ਰੰਧਾਵਾ ਨੇ ਪਟਿਆਲਾ ਦੀ ਕੇਂਦਰੀ ਜੇਲ ਦਾ ਵੀ ਦੌਰਾ ਕੀਤਾ ਅਤੇ ਇਥੇ ਜੇਲ ਦੀ ਸੁਰੱਖਿਆ ਦਾ ਜਾਇਜ਼ਾ ਲਿਆ | ਉਨ੍ਹਾਂ ਨੇ ਇਸ ਮੌਕੇ ਬੰਦੀਆਂ ਲਈ ਤਿਆਰ ਖਾਣੇ ਦਾ ਵੀ ਜਾਇਜ਼ਾ ਲਿਆ, ਉਨ੍ਹਾਂ ਨੇ ਬੰਦੀਆਂ ਵਲੋਂ ਤਿਆਰ ਕੀਤੇ ਗਏ ਸਮਾਨ ਨੂੰ ਵੀ ਦੇਖਿਆ ਅਤੇ ਪ੍ਰਸ਼ੰਸਾ ਕੀਤੀ | ਜੇਲ ਮੰਤਰੀ ਨੇ ਅੱਜ ਇਥੇ ਨਾਭਾ ਦੀ ਇਸ ਵਿਰਾਸਤੀ ਜੇਲ ਦਾ ਦੌਰਾ ਕਰਨ ਮੌਕੇ ਕਿਹਾ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਜੇਲਾਂ ਦੇ ਸੁਧਾਰ ਦੀ ਕ੍ਰਾਂਤੀ ਲਿਆ ਕੇ ਜੇਲਾਂ ਅੰਦਰ ਬਣੇ ਗੁੰਡਾਗਰਦੀ ਵਾਲੇ ਮਾਹੌਲ ਨੂੰ ਨੱਥ ਪਾ ਕੇ ਹਰ ਪੱਖੋਂ ਸੁਧਾਰ ਲਿਆਂਦਾ ਹੈ | ਸੁਖਜਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਨਾਭਾ ਦੀ ਇਸ ਉੱਚ ਸੁਰੱਖਿਆ ਜੇਲ 'ਚ ਆਜ਼ਾਦੀ ਦੀ ਲੜਾਈ ਸਮੇਂ ਅੰਗਰੇਜ਼ ਹਕੂਮਤ ਨੇ ਮਰਹੂਮ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੇ ਕੇ. ਸਨਤਾਨਮ ਆਦਿ ਸੁਤੰਤਰਤਾ ਸੰਗਰਾਮੀਆਂ ਨੂੰ ਵੀ ਇਥੇ ਬੰਦ ਰਖਿਆ ਗਿਆ ਸੀ | ਉਨ੍ਹਾਂ ਦੱਸਿਆ ਕਿ 2023 'ਚ ਇਸ ਜੇਲ ਦੀ ਸਥਾਪਤੀ ਦੇ 100 ਵਰ੍ਹੇ ਪੂਰੇ ਹੋਣ ਜਾ ਰਹੇ ਹਨ, ਜਿਸ ਲਈ ਇਸ ਦੀ ਪੁਰਾਤਨ ਦਿੱਖ ਨੂੰ ਬਹਾਲ ਰੱਖਦਿਆਂ ਇਸ ਨੂੰ ਇਕ ਨਵਾਂ ਰੂਪ ਦਿਤੇ ਜਾਣ ਦੀ ਤਜਵੀਜ਼ ਉਲੀਕੀ ਗਈ ਹੈ |
ਉਨ੍ਹਾਂ ਅੱਗੇ ਦਸਿਆ ਕਿ ਪਹਿਲਾਂ ਇਸ ਜੇਲ ਨੂੰ ਇਥੋਂ ਤਬਦੀਲ ਕੀਤੇ ਜਾਣ ਦੀ ਤਜਵੀਜ਼ ਸੀ, ਜਿਸ ਉਪਰ ਲਗਭਗ 110 ਕਰੋੜ ਰੁਪਏ ਖ਼ਰਚ ਆਉਣੇ ਸਨ ਪ੍ਰੰਤੂ ਸਰਕਾਰ ਨੇ 85 ਕਰੋੜ ਰੁਪਏ ਦੀ ਬੱਚਤ ਕਰਦਿਆਂ, ਇਸੇ ਪੁਰਾਣੀ ਜੇਲ ਦੇ ਹੀ ਪੁਨਰ ਨਿਰਮਾਣ ਤੇ ਇਸ ਦੇ ਨਵੀਨੀਕਰਨ ਦੀ ਤਜਵੀਜ਼ 'ਤੇ ਅਮਲ ਕਰਨਾ ਸ਼ੁਰੂ ਕੀਤਾ ਹੈ |
ਜੇਲ ਮੰਤਰੀ ਨੇ ਹੋਰ ਦਸਿਆ ਕਿ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਵਲੋਂ ਇਸ ਜੇਲ 'ਚ ਨਵਾਂ ਪ੍ਰਬੰਧਕੀ ਬਲਾਕ, ਗੁਰਦੁਆਰਾ ਸਾਹਿਬ ਦੇ ਨੇੜੇ ਬਣੀ ਰਸੋਈ ਤੇ ਹਸਪਤਾਲ ਨੂੰ ਢਾਹ ਕੇ ਨਵਾਂ ਹਸਪਤਾਲ, ਕੰਟੀਨ, ਚੱਕਰ ਹੌਲਦਾਰ ਦਾ ਨਵਾਂ ਦਫ਼ਤਰ, ਬੈਰਕਾਂ ਦੀ ਜਗ੍ਹਾ ਮੌਜੂਦਾ 40 ਸੈਲਾਂ ਦੇ ਨਾਲ ਹੋਰ 60 ਨਵੇਂ ਸੈਲ, ਨਵੇਂ ਵਾਚ ਟਾਵਰ ਰਿਹਾਇਸ਼ੀ ਮਕਾਨਾਂ ਦੀ ਮੁਰੰਮਤ ਆਦਿ ਦੇ ਕੰਮ ਨੂੰ ਅਗਲੇ 2 ਸਾਲਾਂ 'ਚ ਮੁਕੰਮਲ ਕਰਵਾਇਆ ਜਵੇਗਾ | ਜੇਲ ਦੇ ਬਾਹਰ ਪੱਤਰਕਾਰਾਂ ਨਾਲ ਗ਼ੈਰਰਸਮੀ ਰੰਧਾਵਾ ਨੇ ਦਸਿਆ ਕਿ ਜੇਲਾਂ 'ਚ ਸੁਧਾਰ ਲਿਆਉਣੇ ਉਨ੍ਹਾਂ ਦੀ ਮੁੱਢਲੀ ਪਹਿਲਕਦਮੀ ਸੀ, ਜਿਸ 'ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਨੂੰ ਵੱਡੀ ਕਾਮਯਾਬੀ ਮਿਲੀ ਹੈ |
ਰੰਧਾਵਾ ਨੇ ਜੇਲਾਂ 'ਚ ਮੋਬਾਈਲਾਂ ਦੀ ਤਸਕਰੀ ਬਾਰੇ ਕਿਹਾ ਕਿ ਜੈਮਰ 3-ਜੀ ਤੋਂ 4-ਜੀ, 4-ਜੀ ਤੋਂ 5-ਜੀ ਤਕਨੀਕ ਦੀ ਤਬਦੀਲੀ ਕਰਕੇ ਕਾਮਯਾਬ ਨਹੀਂ ਹੋ ਸਕਦੇ, ਜਿਸ ਲਈ ਮੋਬਾਈਲਾਂ ਦੀ ਰੋਕਥਾਮ ਲਈ ਤਿੰਨ ਨਵੇਂ ਸੰਕਲਪਾਂ ਤਹਿਤ ਦਿੱਲੀ ਦੀ ਮੰਡੋਲੀ ਜੇਲ, ਪੰਜਾਬ ਦੀ ਕਪੂਰਥਲਾ ਜੇਲ, ਬਠਿੰਡਾ ਤੇ ਪਟਿਆਲਾ ਜੇਲਾਂ 'ਚ ਕੀਤੇ ਜਾ ਰਹੇ ਨਵੇਂ ਤਜਰਬੇ ਦੀ ਸਫ਼ਲਤਾ ਮਗਰੋਂ ਸਾਰੀਆਂ ਜੇਲਾਂ 'ਚ ਇਸ 'ਤੇ ਅਮਲ ਕੀਤਾ ਜਾਵੇਗਾ | ਜੇਲ ਮੰਤਰੀ ਨੇ ਅੱਗੇ ਕਿਹਾ ਕਿ ਜੇਲਾਂ ਅੰਦਰ ਗ਼ੈਰਕਾਨੂੰਨੀ ਵਸਤੂਆਂ ਦੀ ਆਮਦ ਨੂੰ ਰੋਕਣ ਲਈ ਸਾਰੀਆਂ ਜੇਲਾਂ 'ਚ 2-2 ਕਰੋੜ ਰੁਪਏ ਦੀਆਂ ਬਾਡੀ ਐਕਸਰੇ ਮਸ਼ੀਨਾਂ ਲਗਾਈਆਂ ਜਾਣਗੀਆਂ |
ਫੋਟੋ ਨੰ: 8 ਪੀਏਟੀ 19