
ਸ਼ਹਿਰ 'ਚ ਲਿਖੇ ਖ਼ਾਲਿਸਤਾਨੀ ਪੱਖੀ ਨਾਹਰਿਆਂ ਨਾਲ ਜ਼ਿਲ੍ਹਾ ਪੁਲਿਸ ਨੂੰ ਹੱਥਾਂ ਪੈਰਾਂ ਦੀ ਪਈ
ਮਾਹਿਲਪੁਰ, 8 ਜੁਲਾਈ (ਦੀਪਕ ਅਗਨੀਹੋਤਰੀ): ਅੱਜ ਸਵੇਰੇ ਮਾਹਿਲਪੁਰ ਸ਼ਹਿਰ ਦੀ ਸਿਵਲ ਹਸਪਤਾਲ ਰੋਡ 'ਤੇ ਪੈਂਦੇ ਜਲ ਸਪਲਾਈ, ਸਿਵਲ ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਨਜ਼ਦੀਕ, ਜੇਜੋਂ ਰੋਡ 'ਤੇ ਗੁਰਦੁਆਰਾ ਸ਼ਹੀਦਾਂ ਨੂੰ ਜਾਂਦੀ ਸੜਕ 'ਤੇ ਬਣੇ ਸਵਾਗਤੀ ਗੇਟ ਸਮੇਤ ਹੋਰ ਥਾਵਾਂ ਸਮੇਤ ਅੱਧੀ ਦਰਜਨ ਥਾਵਾਂ 'ਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਹਰੇ ਲਿਖੇ ਹੋਏ ਦੇਖ ਕੇ ਉਥੋਂ ਲੰਘ ਰਹੇ ਲੋਕਾਂ ਵਿਚ ਹਲਚਲ ਮਚ ਗਈ | ਛੇਤੀ ਹੀ ਇਹ ਖ਼ਬਰ ਸ਼ਹਿਰ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਅਤੇ ਪੁਲਿਸ ਨੇ ਹਰਕਤ ਵਿਚ ਆਉਂਦੇ ਹੋਏ ਤੁਰਤ ਇਨ੍ਹਾਂ ਨਾਹਰਿਆਂ ਨੂੰ ਮਿਟਾਉਣ ਦੀ ਕਵਾਇਦ ਸ਼ੁਰੂ ਕਰ ਦਿਤੀ | ਉਸ ਤੋਂ ਪੁਲਿਸ ਨੂੰ ਇਨ੍ਹਾਂ ਥਾਵਾਂ 'ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਮਦਦ ਨਾਲ ਇਨ੍ਹਾਂ ਨਾਹਰਿਆਂ ਨੂੰ ਲਿਖਣ ਵਾਲਿਆਂ ਦੀ ਪਹਿਚਾਣ ਕਰਨੀ ਸ਼ੁਰੂ ਕਰ ਦਿਤੀ ਤਾਂ ਸਿਵਲ ਹਸਪਤਾਲ ਨਜ਼ਦੀਕ ਇਕ ਦੁਕਾਨ 'ਤੇ ਲੱਗੇ ਕੈਮਰਿਆਂ ਵਿਚ ਸਪਸ਼ਟ ਦਿਖਾਈ ਦੇ ਰਿਹਾ ਸੀ ਕਿ ਇਕ ਬਿਨਾਂ ਨੰਬਰੀ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਇਹ ਸੱਭ ਲਿਖ ਰਹੇ ਸਨ |
ਇਨ੍ਹਾਂ ਵਿਚੋਂ ਦੋ ਵਿਅਕਤੀ ਮੋਟਰਸਾਈਕਲ 'ਤੇ ਬੈਠੇ ਰਹੇ ਅਤੇ ਤੀਜਾ ਸਪਰੇਅ ਪੰਪ ਨਾਲ ਇਨ੍ਹਾਂ ਨਾਹਰਿਆਂ ਨੂੰ ਲਿਖਦਾ ਗਿਆ | ਉਸ ਨੇ ਹਰ ਇਕ ਨਾਹਰਾ ਲਿਖਣ ਲਈ ਤਿੰਨ ਤੋਂ ਚਾਰ ਸੈਕਿੰਡ ਦਾ ਸਮਾਂ ਲਿਆ ਅਤੇ ਚੰਡੀਗੜ੍ਹ ਗੜ੍ਹਸ਼ੰਕਰ ਰੋਡ ਵਲ ਨੂੰ ਫ਼ਰਾਰ ਹੋ ਗਏ | ਇਕ ਮਹੀਨਾ ਪਹਿਲਾਂ ਵੀ ਇਸੇ ਤਰ੍ਹਾਂ ਸ਼ਹਿਰ ਅਤੇ ਆਸ ਪਾਸ ਦੇ ਪਿੰਡਾਂ ਵਿਚ ਖ਼ਾਲਿਸਤਾਨੀ ਪੱਖੀ ਨਾਹਰੇ ਲਿਖੇ ਗਏ ਸੀ | ਇਸ ਸਬੰਧੀ ਥਾਣਾ ਮੁਖੀ ਸਤਵਿੰਦਰ ਸਿੰਘ ਧਾਲੀਵਾਲ ਨੇ ਦਸਿਆ ਕਿ ਕੁੱਝ ਸ਼ਰਾਰਤੀ ਅਨਸਰ ਇਲਾਕੇ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਪੁਲਿਸ ਜਲਦ ਹੀ ਇਨ੍ਹਾਂ ਨੂੰ ਕਾਬੂ ਕਰ ਲਵੇਗੀ |
ਫ਼ੋਟੋ : ਹੁਸ਼ਿਆਰਪੁਰ 2---
ਸ਼ਹਿਰ ਵਿਚ ਥਾਂ ਥਾਂ ਲੱਗੇ ਖ਼ਾਲਿਸਤਾਨੀ ਪੱਖੀ ਨਾਹਰਿਆਂ ਨੂੰ ਮਿਟਾਉਂਦੀ ਪੁਲਿਸ | ਨਾਲ ਲਿਖੇ ਨਾਹਰੇ |