
ਸੰਯੁਕਤ ਕਿਸਾਨ ਮੋਰਚਾ ਵਲੋਂ ਮਹਿੰਗਾਈ ਵਿਰੁਧ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ
ਵੱਡੀ ਗਿਣਤੀ 'ਚ ਲੋਕ ਵਾਹਨਾਂ, ਸਿਲੰਡਰਾਂ ਸਮੇਤ ਸੜਕਾਂ ਕਿਨਾਰੇ ਖੜੇ ਰਹੇ ਪਰ ਆਵਾਜਾਈ ਨਹੀਂ ਰੋਕੀ
ਚੰਡੀਗੜ੍ਹ, 8 ਜੁਲਾਈ (ਸਪੋਕਸਮੈਨ ਸਮਾਚਾਰ ਸੇਵਾ) : ਸੰਯੁਕਤ ਕਿਸਾਨ ਮੋਰਚਾ ਵਲੋਂ ਪਟਰੌਲ, ਡੀਜ਼ਲ ਦੀਆਂ ਵਧਦੀਆਂ ਕੀਮਤਾਂ ਦੇ ਵਿਰੋਧ 'ਚ ਅੱਜ ਸਮੂਹ ਕਿਸਾਨ ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਿਰੁਧ ਪੰਜਾਬ ਭਰ 'ਚ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਅਪਣੇ ਟਰੈਕਟਰ ਤੇ ਹੋਰ ਗੱਡੀਆਂ ਸੜਕਾਂ ਕਿਨਾਰੇ ਖੜੀਆਂ ਕਰ ਕੇ ਰੋਸ ਪ੍ਰਗਟਾਇਆ | ਟੋਲ ਪਲਾਜ਼ਾ ਸੋਲਖੀਆਂ ਵਿਖੇ ਇਕੱਠੇ ਹੋਏ ਸੰਯੁਕਤ ਕਿਸਾਨ ਮੋਰਚਾ, ਕਿਰਤੀ ਕਿਸਾਨ ਮੋਰਚਾ, ਭਾਰਤੀ ਕਿਸਾਨ ਯੂਨੀਅਨ ਕਾਦੀਆ ਤੇ ਹੋਰ ਜਥੇਬੰਦੀਆਂ ਦੇ ਆਗੂਆਂ ਨੇ ਮਹਿੰਗਾਈ 'ਚ ਹੋਏ ਅਥਾਹ ਵਾਧੇ ਦੇ ਵਿਰੋਧ 'ਚ ਨਾਹਰੇਬਾਜ਼ੀ ਕੀਤੀ ਤੇ ਕੇਂਦਰ ਸਰਕਾਰ ਤੋਂ ਤੇਲ ਦੀਆਂ ਕੀਮਤਾਂ ਤੁਰਤ ਘੱਟ ਕਰਨ ਦੀ ਮੰਗ ਕੀਤੀ ਗਈ |
ਨਵਾਂਸ਼ਹਿਰ 'ਚ ਯੂਨੀਅਨ ਵਲੋਂ ਲੰਗੜੋਆ ਬਾਈਪਾਸ 'ਤੇ ਵੱਡਾ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੈਂਸ, ਸੂਬਾ ਕਮੇਟੀ ਮੈਂਬਰ ਭੁਪਿੰਦਰ ਸਿੰਘ ਵੜੈਚ, ਮੱਖਣ ਸਿੰਘ ਭਾਨਮਜਾਰਾ, ਪਰਮਜੀਤ ਸਿੰਘ ਸ਼ਹਾਬਪੁਰ, ਗੁਰਬਖ਼ਸ਼ ਕੌਰ ਸੰਘਾ ਆਦਿ ਆਗੂਆਂ ਨੇ ਕਿਹਾ ਹੈ ਕਿ ਮੋਦੀ ਸਰਕਾਰ ਅੰਤਾਂ ਦਾ ਟੈਕਸ ਲਾ ਕੇ ਤੇਲ ਤੇ ਗੈਸ ਦੀਆਂ ਕੀਮਤਾਂ 'ਚ ਅਥਾਹ ਵਾਧਾ ਕਰ ਕੇ ਤੇਲ ਕੰਪਨੀਆਂ ਦੀਆਂ ਤਿਜੌਰੀਆਂ ਭਰ ਰਹੀ ਹੈ ਜਿਸ ਨੂੰ ਸਹਿਣ ਨਹੀਂ ਕੀਤਾ ਜਾਵੇਗਾ | ਸੰਯੁਕਤ ਕਿਸਾਨ ਮੋਰਚਾ ਪਟਿਆਲਾ ਵਲੋਂ ਬੱਸ ਸਟੈਂਡ ਤੋਂ ਸ਼ੁਰੂ ਕਰ ਕੇ ਪਟਰੌਲੀਅਮ ਪਦਾਰਥਾਂ ਦੀਆਂ ਬੇਰੋਕ ਕੀਮਤਾਂ ਦੇ ਵਾਧੇ ਵਿਰੁਧ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਗਿਆ ਜੋ ਕਿ ਬਾਈਪਾਸ ਰਾਜਪੁਰਾ ਸੰਗਰੂਰ ਨੇੜੇ ਅਰਬਨ ਅਸਟੇਟ ਤਕ ਟਰੈਕਟਰ, ਟਰਾਲੀਆਂ, ਕਾਰਾਂ ਅਤੇ ਖ਼ਾਲੀ ਸਿਲੰਡਰ ਲੈ ਕੇ ਕੇਂਦਰ ਤੇ ਪੰਜਾਬ ਸਰਕਾਰ ਦਾ ਪਿਟ ਸਿਆਪਾ ਕੀਤਾ ਗਿਆ |
ਅੰਬਾਲਾ-ਚੰਡੀਗੜ੍ਹ ਕੌਮੀ ਮਾਰਗ 'ਤੇ ਝਾਰਮੜੀ ਬੈਰੀਅਰ ਤੋਂ ਲੈ ਕੇ ਘੋਲੂਮਾਜਰੇ ਤਕ ਲੋਕਾਂ ਨੇ ਸੜਕ ਦੇ ਕਿਨਾਰਿਆਂ 'ਤੇ ਅਪਣੇ ਵਾਹਨ ਖੜੇ ਕਰ ਕੇ ਤੇਲ ਦੀਆਂ ਕੀਮਤਾਂ, ਰਸੋਈ ਗੈਸ ਸਿਲੰਡਰ ਸਮੇਤ ਹੋਰ ਖਾਦ ਸਮੱਗਰੀਆਂ ਦੀਆਂ ਕੀਮਤਾਂ ਵਿਚ ਦਿਨ ਪ੍ਰਤੀ ਦਿਨ ਹੋ ਰਹੇ ਵਾਧੇ ਦੇ ਵਿਰੋਧ ਵਿਚ ਕਿਸਾਨਾਂ ਸਮੇਤ ਮਜ਼ਦੂਰ, ਨੌਜਵਾਨ, ਵਿਦਿਆਰਥੀ, ਔਰਤਾਂ, ਕਰਮਚਾਰੀ, ਦੁਕਾਨਦਾਰ, ਟਰਾਂਸਪੋਰਟਰ, ਵਪਾਰੀ ਅਤੇ ਹੋਰ ਸਾਰੇ ਵਰਗਾਂ ਦੇ ਲੋਕ ਪ੍ਰਦਰਸ਼ਨਾਂ ਦਾ ਹਿੱਸਾ ਲਿਆ | ਅੱਜ ਪੰਜਾਬ ਦੀ ਕੋਈ ਵੀ ਅਜਿਹੀ ਸੜਕ ਨਹੀਂ ਸੀ ਜਿਸ ਦੇ ਕਿਨਾਰਿਆਂ 'ਤੇ ਵਾਹਨ ਤੇ ਸਿਲੰਡਰ ਨਜ਼ਰ ਨਾ ਆਉਂਦੇ ਹੋਣ | ਚੰਗੀ ਗੱਲ ਇਹ ਰਹੀ ਕਿ ਲੋਕ ਸੜਕਾਂ ਦੇ ਕਿਨਾਰਿਆਂ 'ਤੇ ਸ਼ਾਂਤੀਪੂਰਨ ਖੜੇ ਰਹੇ ਤੇ ਕਿਸੇ ਨੇ ਆਵਾਜਾਈ ਨੂੰ ਨਹੀਂ ਰੋਕਿਆ | ਸੰਯੁਕਤ ਕਿਸਾਨ ਮੋਰਚੇ ਦੀ ਇਸ ਗੱਲ ਤੋਂ ਕਾਫ਼ੀ ਤਾਰੀਫ਼ ਵੀ ਹੋ ਰਹੀ ਹੈ | ਕਿਸੇ ਵੀ ਹਲਕੇ 'ਚ ਕਿਸੇ ਮਾੜੀ ਘਟਨਾ ਦੀ ਖ਼ਬਰ ਨਹੀਂ ਆਈ |