
ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਇੰਗਲੈਂਡ 'ਚ ਮਨਾਉਣਗੇ ਭਾਰਤੀ ਖਿਡਾਰੀ
ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਸ਼ਟਰ ਮੰਡਲ ਖੇਡਾਂ ਲਈ ਖਿਡਾਰੀਆਂ ਨੂੰ ਵਿਦਾ ਕੀਤਾ
ਨਵੀਂ ਦਿੱਲੀ, 8 ਜੁਲਾਈ : ਭਾਰਤੀ ਖਿਡਾਰੀ ਆਜ਼ਾਦੀ ਦੇ 75ਵੇਂ ਸਾਲ ਦਾ ਜਸ਼ਨ ਇੰਗਲੈਂਡ ਦੇ ਬਰਮਿੰਘਮ 'ਚ 28 ਜੁਲਾਈ ਤੋਂ 8 ਅਗੱਸਤ ਤਕ ਹੋਣ ਵਾਲੇ ਰਾਸ਼ਟਰਮੰਡਲ ਖੇਡਾਂ 'ਚ ਮਨਾਉਣਗੇ | ਕੇਂਦਰੀ ਖੇਡ ਮੰਤਰੀ ਅਨੁਰਾਗ ਠਾਕੁਰ, ਖੇਡ ਸੂਬਾ ਮੰਤਰੀ ਨਿਸ਼ਿਥ ਪ੍ਰਮਾਣਿਕ, ਭਾਰਤੀ ਉਲੰਪਿਕ ਸੰਘ ਦੇ ਕਾਰਜਕਾਰੀ ਪ੍ਰਧਾਨ ਅਨਿਲ ਖੰਨਾ, ਜਨਰਲ ਸਕੱਤਰ ਰਾਜੀਵ ਮਹਿਤਾ ਅਤੇ ਖ਼ਜ਼ਾਨਚੀ ਆਨੰਦੇਸ਼ਵਰ ਪਾਂਡਿਆ ਨੇ ਇਥੇ ਆਯੋਜਤ ਵਿਦਾਈ ਸਮਾਰੋਹ 'ਚ ਖਿਡਾਰੀਆਂ ਨੂੰ ਵਿਦਾਈ ਦਿੰਦੇ ਹੋਏ ਇਹ ਵਿਚਾਰ ਸਾਂਝੇ ਕੀਤੇ |
ਇਨ੍ਹਾਂ ਖੇਡਾਂ 'ਚ ਭਾਰਤ ਦੇ 215 ਖਿਡਾਰੀ 16 ਖੇਡਾਂ 'ਚ ਹਿੱਸਾ ਲੈਣਗੇ | ਇਨ੍ਹਾਂ ਦੇ ਨਾਲ 81 ਅਧਿਕਾਰੀ ਵੀ ਉਤਰਨਗੇ | ਇਸ ਮੌਕੇ ਖਿਡਾਰੀਆਂ ਦੀ ਅਧਿਕਾਰਕ ਪੌਸ਼ਾਕ ਦਾ ਵੀ ਉਦਘਾਟਨ ਕੀਤਾ ਗਿਆ | ਖੇਡ ਮੰਤਰੀ ਨੇ ਇਸ ਮੌਕੇ 'ਤੇ ਕਿਹਾ ਕਿ ਇਨ੍ਹਾਂ ਖੇਡਾਂ 'ਚ ਭਾਰਤ ਦਾ 215 ਮੈਂਬਰੀ ਦਲ ਉਤਰੇਗਾ, ਜਿਨ੍ਹਾਂ 'ਚ ਪੁਰਸ਼ ਅਤੇ ਮਹਿਲਾ ਖਿਡਾਰੀਆਂ ਦੀ ਗਿਣਤੀ ਇਕ ਬਰਾਬਰ ਹੋਵੇਗੀ | ਉਨ੍ਹਾਂ ਕਿਹਾ,''ਰਾਸ਼ਟਰ ਮੰਡਲ ਖੇਡਾਂ 'ਚ 108 ਪੁਰਸ਼ ਅਤੇ 107 ਮਹਿਲਾ ਖਿਡਾਰਨਾਂ ਉਤਰਨਗੀਆਂ | ਜੋ ਇਹ ਕਹਿੰਦਾ ਹੈ ਕਿ ਟੋਕੀਉ ਉਲੰਪਿਕ ਦੀ ਕਾਮਯਾਬੀ ਦਾ ਸਫ਼ਰ ਜਾਰੀ ਹੈ | 100 ਤੋਂ ਵੱਧ ਖਿਡਾਰੀ ਇਸ ਸਮੇਂ ਵਿਦੇਸ਼ਾਂ 'ਚ ਟ੍ਰੇਨਿੰਗ ਲੈ ਰਹੇ ਹਨ | ਖਿਡਾਰੀਆਂ ਦੀ ਟ੍ਰੇਨਿੰਗ 'ਚ ਅਸੀਂ ਕੋਈ ਕਮੀ ਨਹੀਂ ਆਉਣ ਦਿਆਂਗੇ ਅਤੇ ਅੱਗੇ ਵੀ ਉਨ੍ਹਾਂ ਦੀ ਮਦਦ ਕਰਦੇ ਰਹਾਂਗੇ |''
ਰਾਸ਼ਟਰ ਮੰਡਲ 'ਚ ਨਿਸ਼ਾਨੇਬਾਜ਼ੀ ਅਤੇ ਤੀਰ ਅੰਦਾਜ਼ੀ ਵਰਗੀਆਂ ਖੇਡਾਂ ਦੇ ਹਟਣ ਨਾਲ ਭਾਰਤੀ ਦੀਆਂ ਤਮਗ਼ਾ ਸੰਭਾਵਨਾਵਾਂ ਨੂੰ ਝਟਕਾ ਲੱਗਾ ਹੈ ਪਰ ਖੇਡ ਮੰਤਰੀ ਅਨੁਰਾਗ ਠਾਕੁਰ ਨੇ ਉਮੀਦ ਪ੍ਰਗਟਾਈ ਹੈ ਕਿ ਦੂਜੀਆਂ ਖੇਡਾਂ ਦੇ ਖਿਡਾਰੀ ਇਸ ਕਮੀ ਨੂੰ ਪੂਰਾ ਕਰਨਗੇ | ਅਨੁਰਾਗ ਠਾਕੁਰ ਨੇ ਕਿਹਾ,''ਪਿਛਲੇ (2018 ਗੋਲਡ ਕੋਸਟ) ਰਾਸ਼ਟਰ ਮੰਡਲ ਖੇਡਾਂ 'ਚ ਅਸੀਂ 7 ਸੋਨੇ ਸਮੇਤ 16 ਤਮਗ਼ੇ ਸਿਰਫ਼ ਨਿਸ਼ਾਨੇਬਾਜ਼ੀ 'ਚ ਜਿੱਤੇ ਸਨ | ਇਸ ਵਾਰ ਸਾਨੂੰ ਇਸ ਦੀ ਕਮੀ ਲਗੇਗੀ ਪਰ ਇਨ੍ਹਾਂ ਖੇਡਾਂ 'ਚ ਸਾਡੇ 215 ਖਿਡਾਰੀ ਹਿੱਸਾ ਲੈ ਰਹੇ ਹਨ ਅਤੇ ਸਾਨੂੰ ਉਮੀਦ ਹੈ ਕਿ ਉਹ ਅਪਣੇ ਮੁਕਾਬਲੇ 'ਚ ਚੰਗਾ ਕਰਨਗੇ |'' ਇਨ੍ਹਾਂ ਖੇਡਾਂ 'ਚ ਸੋਨੇ ਦੇ ਤਮਗ਼ੇ ਜਿੱਤਣ ਵਾਲੇ ਨੂੰ 20 ਲੱਖ ਰੁਪਏ, ਚਾਂਦੀ ਦਾ ਤਮਗ਼ਾ ਜਿੱਤਣ ਵਾਲੇ ਨੂੰ 10 ਲੱਖ ਰੁਪਏ ਅਤੇ ਤਾਂਬੇ ਦਾ ਮੈਡਲ ਜਿੱਤਣ ਵਾਲੇ ਨੂੰ ਸਾਢੇ 7 ਲੱਖ ਰੁਪਏ ਦਾ ਪੁਰਸਕਾਰ ਦਿਤਾ ਜਾਵੇਗਾ | (ਏਜੰਸੀ)